ਪੰਜਾਬ ਦੇ 14% ਉਮੀਦਵਾਰਾਂ ''ਤੇ ਅਪਰਾਧਿਕ ਮਾਮਲੇ, 24% ਕਰੋੜਪਤੀ, ਜਾਣੋ ਹੋਰ ਵੀ ਤੱਥ

05/12/2019 6:53:34 PM

ਚੰਡੀਗੜ੍ਹ : ਰਾਸ਼ਟਰੀ ਪੱਧਰ ਤੇ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ 'ਐਸੋਸ਼ੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼' (ਏ.ਡੀ.ਆਰ) ਅਤੇ 'ਪੰਜਾਬ ਇਲੈਕਸ਼ਨ ਵਾਚ' ਨੇ ਪੰਜਾਬ ਤੋਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੁਆਰਾ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦਾ ਅਧਿਐਨ ਕਰਕੇ ਦਿਲਚਸਪ ਤੱਥ ਤੇ ਅੰਕੜੇ ਸਾਹਮਣੇ ਲਿਆਂਦੇ ਹਨ। ਅੱਜ ਪ੍ਰੈੱਸ ਕਲੱਬ ਵਿਖੇ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਤੇ ਹਰਪ੍ਰੀਤ ਸਿੰਘ ਵਲੋਂ ਰਿਲੀਜ਼ ਕੀਤੀ ਰਿਪੋਰਟ ਮੁਤਾਬਕ ਲੋਕ ਸਭਾ ਚੋਣਾਂ ਲੜ ਰਹੇ 278 ਉਮੀਦਵਾਰਾਂ 'ਚੋਂ 277 ਉਮੀਦਵਾਰਾਂ ਦੇ ਹਲਫੀਆ ਬਿਆਨਾਂ ਦਾ ਅਧਿਐਨ ਕੀਤਾ ਗਿਆ। 39 (14%) ਉਮੀਦਵਾਰਾਂ ਨੇ ਮੰਨਿਆ ਕਿ ਉਨ੍ਹਾਂ ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ 29 (10%) 'ਤੇ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਮਾਮਲੇ ਦਰਜ ਹਨ। ਪਾਰਟੀ ਵਾਈਜ਼ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ 10 'ਚੋਂ 7, ਆਮ ਆਦਮੀ ਪਾਰਟੀ ਦੇ 13 'ਚੋਂ 3, ਕਾਂਗਰਸ ਦੇ 13 'ਚੋਂ 1 ਉਮੀਦਵਾਰਾਂ ਤੇ ਅਪਰਾਧਿਕ ਮਾਮਲਾ ਦਰਜ ਹੈ। ਭਾਜਪਾ ਦੇ ਤਿੰਨ ਉਮੀਦਵਾਰਾਂ 'ਚੋਂ ਕਿਸੇ 'ਤੇ ਕੋਈ ਮੁਕੱਦਮਾ ਦਰਜ ਨਹੀਂ ਹੈ। ਪੰਜਾਬ ਏਕਤਾ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ 3-3 ਉਮੀਦਵਾਰਾਂ 'ਚੋਂ 1-1 'ਤੇ ਅਪਰਾਧਿਕ ਮਾਮਲੇ ਦਰਜ ਹਨ। ਸੀ.ਪੀ.ਆਈ. ਦੇ 2 ਚੋਂ 1 ਉਮੀਦਵਾਰ ਤੇ ਅਪਰਾਧਿਕ ਮਾਮਲੇ ਦਰਜ ਹਨ।
277 ਉਮੀਦਵਾਰਾਂ ਚੋਂ 67(24%) ਦੀ ਜਾਇਦਾਦ ਕਰੋੜਾਂ ਵਿਚ ਹੈ।ਕਾਂਗਰਸ, ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਾਨਤਾ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ।ਆਮ ਆਦਮੀ ਪਾਰਟੀ ਦੇ 13 'ਚੋਂ 8 (62%), ਬੀ. ਐੱਸ.ਪੀ., ਪੰਜਾਬ ਏਕਤਾ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਤਿੰਨ-ਤਿੰਨ ਉਮੀਦਵਾਰਾਂ 'ਚੋਂ ਦੋ-ਦੋ (67%) ਉਮੀਦਵਾਰ ਕਰੋੜਪਤੀ ਹਨ।
ਦੇਣਦਾਰੀਆਂ ਦੇ ਮਾਮਲੇ ਵਿਚ ਸਭ ਤੋਂ ਉੱਪਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (95 ਕਰੋੜ) ਅਤੇ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ (53 ਕਰੋੜ) ਆਉਂਦੇ ਹਨ।
ਆਮਦਨ ਦਿਖਾਉਣ 'ਚ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਭ ਤੋਂ ਉੱਪਰ ਹਨ, ਉਨ੍ਹਾਂ ਨੇ ਤਾਜ਼ਾ ਇਨਕਮ ਟੈਕਸ ਰਿਟਰਨ ਵਿਚ ਆਪਣੀ ਆਮਦਨ 2 ਕਰੋੜ 82 ਲੱਖ ਦਿਖਾਈ ਹੈ। ਹਾਲਾਂਕਿ ਉਨ੍ਹਾਂ ਦੀ ਆਪਣੀ ਆਮਦਨ 65 ਲੱਖ ਸਾਲਾਨਾ ਹੈ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਇਨਕਮ ਟੈਕਸ ਰਿਟਰਨ 2 ਕਰੋੜ 62 ਲੱਖ ਦੀ ਭਰੀ ਹੈ ਹਾਲਾਂਕਿ ਸੁਖਬੀਰ ਨੇ ਆਪਣੀ ਆਮਦਨ 2 ਕਰੋੜ 42 ਲੱਖ ਰੁਪਏ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਆਮਦਨ 18 ਲੱਖ 86 ਹਜ਼ਾਰ ਰੁਪਏ ਸਾਲਾਨਾ ਦਿਖਾਈ ਹੈ। ਸਭ ਤੋਂ ਵੱਧ ਜਾਇਦਾਦ ਦਿਖਾਉਣ ਵਾਲੇ ਤਿੰਨ ਉਮੀਦਵਾਰਾਂ 'ਚ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ, ਬਠਿੰਡਾ ਤੋਂ ਹਰਸਿਮਰਤ ਬਾਦਲ (218 ਕਰੋੜ) ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ (140 ਕਰੋੜ) ਆਉਂਦੇ ਹਨ।ਜੇਕਰ ਸਾਰੇ ਉਮੀਦਵਾਰਾਂ ਦੀ ਔਸਤਨ ਜਾਇਦਾਦ ਦੀ ਕੀਮਤ ਕੱਢੀ ਜਾਵੇ ਤਾਂ ਇਹ 5 ਕਰੋੜ ਬਣਦੀ ਹੈ ਹਾਲਾਂਕਿ 3 ਆਜ਼ਾਦ ਉਮੀਦਵਾਰਾਂ ਨੇ ਆਪਣੀ ਜਾਇਦਾਦ ਦੀ ਕੀਮਤ ਕ੍ਰਮਵਾਰ 5 ਹਜ਼ਾਰ, 3 ਹਜ਼ਾਰ ਤੇ ਸਿਰਫ 295 ਰੁਪਏ ਵੀ ਦੱਸੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਔਸਤਨ ਜਾਇਦਾਦ 51 ਕਰੋੜ ਰੁਪਏ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ 47 ਕਰੋੜ, ਬੀ.ਜੇ.ਪੀ. ਦੇ ਉਮੀਦਵਾਰਾਂ ਦੀ 41 ਕਰੋੜ, ਕਾਂਗਰਸ ਦੇ ਉਮੀਦਵਾਰਾਂ ਦੀ 23 ਕਰੋੜ, ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰਾਂ ਦੀ 20 ਕਰੋੜ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ 3 ਕਰੋੜ ਰੁਪਏ ਬਣਦੀ ਹੈ। 
ਵਿੱਦਿਅਕ ਯੋਗਤਾ ਪੱਖੋਂ 149 (54%) ਉਮੀਦਵਾਰ ਪੰਜਵੀਂ ਤੋਂ ਬਾਰ੍ਹਵੀਂ ਤੱਕ ਪੜ੍ਹੇ ਹੋਏ ਹਨ ਤੇ 95 (34%) ਉਮੀਦਵਾਰ ਗ੍ਰੈਜੁਏਸ਼ਨ ਜਾਂ ਇਸ ਤੋਂ ਉੱਪਰ ਗ੍ਰੈਜੂਏਟ ਪ੍ਰੋਫੈਸ਼ਨਲ, ਪੋਸਟ ਗ੍ਰੈਜੂਏਟ ਤੇ ਡਾਕਟਰ ਹਨ। 18 ਉਮੀਦਵਾਰਾਂ ਨੇ ਆਪਣੇ ਆਪ ਨੂੰ ਅਨਪੜ੍ਹ ਵੀ ਦੱਸਿਆ ਹੈ। 25 ਤੋਂ 30 ਸਾਲ ਤੱਕ ਦੇ 24, 31 ਤੋਂ 40 ਦੇ 75, 41 ਤੋਂ 50 ਦੇ 71, 51 ਤੋਂ 60 ਦੇ 49, 61 ਤੋਂ 70 ਦੇ 44 ਤੇ 71 ਤੋਂ 80 ਦੇ 10 ਉਮੀਦਵਾਰ ਮੈਦਾਨ 'ਚ ਹਨ। ਇਕ ਵਿਅਕਤੀ 81 ਤੋਂ ਵੀ ਉੱਪਰ ਹੈ।


Gurminder Singh

Content Editor

Related News