ਅੰਮ੍ਰਿਤਸਰ ਸੀਟ ''ਤੇ ਇਸ ਫਿਲਮੀ ਸਟਾਰ ''ਤੇ ਦਾਅ ਖੇਡਣ ਦੇ ਮੂਡ ''ਚ ਭਾਜਪਾ

03/20/2019 7:05:05 PM

ਜਲੰਧਰ : ਵੱਕਾਰ ਦਾ ਸਵਾਲ ਮੰਨੀ ਜਾ ਰਹੀ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਾਜਪਾ ਕਿਸੇ ਵੱਡੇ ਤੇ ਚਰਚਿਤ ਚਿਹਰੇ ਨੂੰ ਮੈਦਾਨ ਵਿਚ ਉਤਾਰਨ 'ਤੇ ਵਿਚਾਰ ਕਰ ਰਹੀ ਹੈ। ਇਸ ਕਤਾਰ ਵਿਚ ਫਿਲਮੀ ਅਦਾਕਾਰਾ ਪੂਨਮ ਢਿੱਲੋਂ ਦਾ ਨਾਮ ਸਭ ਤੋਂ ਅੱਗੇ ਹੈ। ਪੂਨਮ ਢਿੱਲੋਂ ਚੰਡੀਗੜ੍ਹ 'ਚ ਪੜ੍ਹਾਈ ਕਰ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿਚ ਮਹਾਰਾਸ਼ਟਰ ਦੀ ਭਾਜਪਾ ਇਕਾਈ 'ਚ ਸਰਗਰਮ ਹਨ। ਢਿੱਲੋਂ ਮਹਾਰਾਸ਼ਟਰ 'ਚ ਭਾਜਪਾ ਇਕਾਈ ਦੇ ਉਪ ਪ੍ਰਧਾਨ ਹਨ। ਪੂਨਮ ਢਿੱਲੋਂ 2004 ਵਿਚ ਭਾਜਪਾ ਦਾ ਹਿੱਸਾ ਬਣੇ ਸਨ ਪਰ ਉਨ੍ਹਾਂ ਨੇ ਅਜੇ ਤਕ ਕਿਸੇ ਵੀ ਚੋਣ ਵਿਚ ਹਿੱਸਾ ਨਹੀਂ ਲਿਆ ਹੈ। ਮੰਗਲਵਾਰ ਨੂੰ ਚੰਡੀਗੜ੍ਹ 'ਚ ਹੋਈ ਭਾਜਪਾ ਇਕਾਈ ਦੀ ਬੈਠਕ ਵਿਚ ਢਿੱਲੋਂ ਦੇ ਨਾਂ ਦੀ ਪੇਸ਼ਕਸ਼ ਕੀਤੀ ਗਈ ਹੈ। 

PunjabKesari
ਭਾਜਪਾ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਕੇਂਦਰੀ ਮੰਤਰੀਆਂ ਦੇ ਕਹਿਣ 'ਤੇ ਪੂਨਮ ਢਿਲੋਂ ਨੇ ਹਾਲ ਹੀ 'ਚ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨਾਲ ਮੁਲਾਕਤ ਵੀ ਕੀਤੀ। ਇਸ ਤੋਂ ਇਲਾਵਾ ਢਿੱਲੋਂ ਵਲੋਂ ਪੰਜਾਬ ਚੋਣਾਂ ਦੀ ਕਮਾਨ ਸੰਭਾਲਣ ਵਾਲੇ ਕੈਪਟਨ ਅਭੀਮੰਨਿਊ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਭਾਜਪਾ ਇਕਾਈ ਵਲੋਂ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਦੇ ਨਾਂ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਛੀਨਾ ਨੂੰ 2014 ਤੋਂ ਬਾਅਦ ਅੰਮ੍ਰਿਤਸਰ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਭਾਜਪਾ ਵਲੋਂ ਮੈਦਾਨ 'ਚ ਉਤਾਰਿਆ ਗਿਆ ਸੀ ਪਰ ਉਹ ਹਾਰ ਗਏ ਸਨ। ਹਾਲਾਂਕਿ ਜਿਸ ਤਰ੍ਹਾਂ ਦੇ ਤੱਥ ਹੁਣ ਤੱਕ ਸਾਹਮਣੇ ਆਏ ਹਨ, ਉਸ ਤੋਂ ਫਿਲਮੀ ਅਦਾਕਾਰਾ ਪੂਨਮ ਢਿੱਲੋਂ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੀ ਹੈ। 

PunjabKesari
ਇਸ ਬਾਰੇ ਜਦੋਂ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ 'ਤੇ ਆਖਰੀ ਫੈਸਲਾ ਪਾਰਟੀ ਹਾਈਕਮਾਨ ਕਰੇਗਾ। ਸੂਬਾਈ ਚੋਣ ਇੰਚਾਰਜ ਕੈਪਟਨ ਅਭੀਮੰਨਿਊ ਸਿੰਘ 22 ਮਾਰਚ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੁਝਾਏ ਗਏ ਨਾਵਾਂ ਦੀ ਸੂਚੀ ਸੌਂਪਣਗੇ। ਇਸ ਤੋਂ ਪਹਿਲਾਂ ਕ੍ਰਿਕਟਰ ਹਰਭਜਨ ਸਿੰਘ ਦਾ ਨਾਂ ਵੀ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚਰਚਾ ਵਿਚ ਸੀ, ਪਰ ਮੰਗਲਵਾਰ ਨੂੰ ਹੋਈ ਮੀਟਿੰਗ ਵਿਚ ਇਸ 'ਤੇ ਕੋਈ ਚਰਚਾ ਨਹੀਂ ਕੀਤੀ ਗਈ। 
ਹੁਸ਼ਿਆਰਪੁਰ ਸੀਟ 'ਤੇ ਮੌਜੂਦਾ ਸਮੇਂ ਭਾਜਪਾ ਦੇ ਵਿਜੇ ਸਾਂਪਲਾ ਮੈਂਬਰ ਪਾਰਲੀਮੈਂਟ ਹਨ ਪਰ ਇਸ ਸੀਟ ਲਈ ਭਾਜਪਾ ਦੀ ਸੂਬਾਈ ਚੋਣ ਕਮੇਟੀ ਨੇ ਦੋ ਹਾਰ ਨਾਵਾਂ ਦਾ ਸੁਝਾਅ ਦਿੱਤਾ ਹੈ। ਸਾਂਪਲਾ ਤੋਂ ਇਲਾਵਾ ਫਗਵਾੜਾ ਤੋਂ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਅਤੇ ਸਾਬਕਾ ਸ਼ਡਿਊਲਕਾਸਟ ਚੇਅਰਮੈਨ ਰਾਜੇਸ਼ ਬਾਘਾ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਹੈ। 
ਗੁਰਦਾਸਪੁਰ ਲੋਕ ਸਭਾ ਸੀਟ ਲਈ ਪਾਰਟੀ ਤਿੰਨ ਵੱਡੇ ਚਿਹਰਿਆਂ 'ਤੇ ਵਿਚਾਰ ਕਰ ਰਹੀ ਹੈ। ਭਾਜਪਾ ਦੀ ਸੂਬਾਈ ਚੋਣ ਕਮੇਟੀ ਨੇ ਇਸ ਸੀਟ ਲਈ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਨਾਂ ਦੀ ਪੇਸ਼ਕਸ ਕੀਤੀ ਹੈ। ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਕਮੇਟੀ ਵਲੋਂ ਪਾਰਟੀ ਦੇ ਸੀਨੀਅਰ ਆਗੂ ਤੇ ਮਸ਼ਹੂਰ ਬਿਜ਼ਨੈੱਸ ਮੈਨ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਲੜ ਚੁੱਕੇ ਸਵਰਨ ਸਲਾਰੀਆ ਦਾ ਨਾਂ ਇਸ ਵਿਚ ਸ਼ਾਮਲ ਨਹੀਂ ਕੀਤਾ ਹੈ।


Gurminder Singh

Content Editor

Related News