ਬਰਗਾੜੀ ਮੋਰਚੇ ਵਲੋਂ ਬਠਿੰਡਾ ''ਚ ਉਤਾਰੇ ਉਮੀਦਵਾਰ ਨੇ ਪੈਰ ਖਿੱਚੇ ਪਛਾਂਹ
Monday, Mar 25, 2019 - 06:35 PM (IST)

ਬਠਿੰਡਾ : ਬਰਗਾੜੀ ਇਨਸਾਫ ਮੋਰਚੇ ਵਲੋਂ ਬਠਿੰਡਾ ਤੋਂ ਉਮੀਦਵਾਰ ਗੁਰਦੀਪ ਸਿੰਘ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਹੁਣ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਦੱਸਿਆ ਕਿ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਬਠਿੰਡਾ ਪਹੁੰਚਣਾ ਸੀ ਅਤੇ ਨਵੇਂ ਉਮੀਦਵਾਰ ਦਾ ਐਲਾਨ ਕਰਨਾ ਸੀ ਪਰ ਕਿਸੇ ਕਾਰਨ ਉਹ ਨਹੀਂ ਪਹੁੰਚ ਸਕੇ। ਇਸ ਲਈ ਬਰਗਾੜੀ ਮੋਰਚੇ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਬਠਿੰਡਾ ਤੋਂ ਚੋਣ ਲੜਨਗੇ। ਗੁਰਦੀਪ ਸਿੰਘ ਨੇ ਕਿਹਾ ਕਿ ਨਿੱਜੀ ਕਾਰਨ ਕਰਕੇ ਉਹ ਲੋਕ ਸਭਾ ਚੋਣਾਂ ਤੋਂ ਪੈਰ ਪਛਾਂਹ ਖਿੱਚ ਰਹੇ ਹਨ।
ਗੁਰਸੇਵਕ ਸਿੰਘ ਨੇ ਕਿਹਾ ਕਿ ਬਰਗਾੜੀ ਇਨਸਾਫ ਮੋਰਚਾ ਅਤੇ ਭਾਈ ਧਿਆਨ ਸਿੰਘ ਮੰਡ ਉਨ੍ਹਾਂ ਦੇ ਨਾਲ ਹਨ ਅਤੇ ਉਹ ਲੋਕਾਂ ਵਿਚ ਜਾ ਕੇ ਲੋਕਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਉਣਗੇ ਤਾਂ ਜੋ ਉਨ੍ਹਾਂ ਵਲੋਂ ਨਵੇਂ ਖੜ੍ਹੇ ਕੀਤੇ ਗਏ ਉਮੀਦਵਾਰ ਨੂੰ ਜਿੱਤ ਹਾਸਲ ਹੋ ਸਕੇ।