ਲੋਕ ਸਭਾ ਚੋਣਾਂ : ਮਾਲਵਾ, ਦੋਆਬਾ 'ਚ 2-2 ਤਾਂ ਮਾਝਾ ਜ਼ੋਨ ’ਚ ਨਹੀਂ ਹੈ ਇਕ ਵੀ ਰਾਖਵੀਂ ਸੀਟ!

Saturday, Mar 09, 2024 - 12:00 PM (IST)

ਲੋਕ ਸਭਾ ਚੋਣਾਂ : ਮਾਲਵਾ, ਦੋਆਬਾ 'ਚ 2-2 ਤਾਂ ਮਾਝਾ ਜ਼ੋਨ ’ਚ ਨਹੀਂ ਹੈ ਇਕ ਵੀ ਰਾਖਵੀਂ ਸੀਟ!

ਲੁਧਿਆਣਾ (ਹਿਤੇਸ਼)-ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਹੁਣ ਤਕ ਵੋਟਿੰਗ ਲਈ ਸ਼ਡਿਊਲ ਦਾ ਐਲਾਨ ਨਹੀਂ ਕੀਤਾ ਗਿਆ ਪਰ ਲੋਕ ਸਭਾ ਚੋਣਾਂ ਸਬੰਧੀ ਚਰਚਾ ਦਿਨ-ਬ-ਦਿਨ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਵਿਚ ਰਾਜਨੀਤਕ ਸਮੀਕਰਨ੍ਹਾਂ ਨਾਲ ਜੁੜੇ ਦਿਲਚਸਪ ਪਹਿਲੂ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਨੂੰ ਮਾਲਵਾ, ਮਾਝਾ, ਦੋਆਬਾ ਜ਼ੋਨ ਵਿਚ ਵੰਡ ਕੇ ਦੇਖਿਆ ਜਾਂਦਾ ਹੈ ਪਰ ਲੋਕ ਸਭਾ ਸੀਟਾਂ ਦੀ ਮਾਰਕਿੰਗ ਦੌਰਾਨ ਸ਼ਾਇਦ ਇਸ ਪਹਿਲੂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਜਿਸ ਦਾ ਸਬੂਤ ਇਹ ਹੈ ਕਿ ਮਾਲਵਾ, ਦੋਆਬਾ ਵਿਚ 2-2 ਤਾਂ ਮਾਝਾ ਜ਼ੋਨ ਵਿਚ ਇਕ ਵੀ ਰਾਖਵੀਂ ਸੀਟ ਨਹੀਂ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਮਾਝਾ ਜ਼ੋਨ ਵਿਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ ਦੀ ਸੀਟ ਸ਼ਾਮਲ ਹੈ, ਜੋ ਸਾਰੀਆਂ ਲੋਕ ਸਭਾ ਸੀਟਾਂ ਜਨਰਲ ਹਨ। ਇਸ ਦੇ ਮੁਕਾਬਲੇ ਮਾਲਵੇ ਵਿਚ ਫਤਿਹਗੜ੍ਹ ਸਾਹਿਬ, ਫਰੀਦਕੋਟ ਅਤੇ ਦੋਆਬੇ ਵਿਚ ਇਕ-ਦੂਜੇ ਦੇ ਨਾਲ ਲਗਦੀਆਂ ਜਲੰਧਰ ਅਤੇ ਹੁਸ਼ਿਆਰਪੁਰ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।

ਮਾਲਵਾ ਜ਼ੋਨ ਵਿਚ ਹਨ ਸਭ ਤੋਂ ਵੱਧ ਸੀਟਾਂ
ਜੇਕਰ ਜ਼ੋਨ ਦੀ ਨਜ਼ਰ ਤੋਂ ਪੰਜਾਬ ਨੂੰ ਦੇਖਦੇ ਹਾਂ ਤਾਂ ਮਾਲਵਾ ਜ਼ੋਨ ਹੀ ਸਭ ਤੋਂ ਵੱਡਾ ਹੈ ਅਤੇ ਲੋਕ ਸਭਾ ਸੀਟਾਂ ਵੀ ਇਸੇ ਜ਼ੋਨ ਵਿਚ ਸਭ ਤੋਂ ਜ਼ਿਆਦਾ ਹਨ, ਜਿਸ ਵਿਚ ਲੁਧਿਆਣਾ, ਪਟਿਆਲਾ, ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਸੀਟ ਸ਼ਾਮਲ ਹਨ। ਇਨ੍ਹਾਂ ਵਿਚੋਂ ਪੁਰਾਣੀ ਰੋਪੜ ਸੀਟ ਦੀ ਜਗ੍ਹਾ ਲੁਧਿਆਣਾ ਅਤੇ ਪਟਿਆਲਾ ਤੋਂ ਕੁਝ ਹਿੱਸਾ ਲੈ ਕੇ ਅਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਸੀਟ ਬਣਾਈ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਦਸੂਹਾ ਦੇ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਦਰਦਨਾਕ ਮੌਤ, ਇਕ ਸੀ 3 ਭੈਣਾਂ ਦਾ ਇਕਲੌਤਾ ਭਰਾ

ਮਾਲਵਾ ਤੋਂ ਹੀ ਹੋਏ ਹਨ ਸਭ ਤੋਂ ਜ਼ਿਆਦਾ ਮੁੱਖ ਮੰਤਰੀ
ਜੇਕਰ ਮਾਲਵੇ ਵਿਚ ਸਭ ਤੋਂ ਜ਼ਿਆਦਾ ਲੋਕ ਸਭਾ ਸੀਟਾਂ ਹਨ ਤਾਂ 30 ਸਾਲਾਂ ਦੌਰਾਨ ਸਭ ਤੋਂ ਵੱਧ ਮੁੱਖ ਮੰਤਰੀ ਮਾਲਵਾ ਤੋਂ ਹੀ ਹੋਏ ਹਨ। ਇਨ੍ਹਾਂ ਵਿਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਸਬੰਧ ਵੀ ਮਾਲਵਾ ਨਾਲ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ, ਬੇਅੰਤ ਸਿੰਘ ਦਾ ਸਬੰਧ ਵੀ ਮਾਲਵਾ ਨਾਲ ਹੀ ਸੀ।

ਲੋਕ ਸਭਾ ਚੋਣਾਂ : ਪੰਜਾਬ 'ਚ ਅਜੇ ਵੀ ਬਰਕਰਾਰ ਹੈ ਕਾਂਗਰਸ ਅਤੇ ਆਪ ਦੇ ਸਮਝੌਤੇ ਦੀ ਸੰਭਾਵਨਾ
ਚਾਹੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਗਠਜੋੜ ਦਾ ਖੁੱਲੇਆਮ ਵਿਰੋਧ ਕਰ ਰਹੇ ਹਨ ਪਰ ਸ਼ੁੱਕਰਵਾਰ ਸ਼ਾਮ ਨੂੰ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਜੋ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ, ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਵਿਚ ਅਜੇ ਵੀ ਕਾਂਗਰਸ ਅਤੇ ‘ਆਪ’ ਵਿਚਾਲੇ ਸਮਝੌਤੇ ਦੀ ਸੰਭਾਵਨਾ ਬਰਕਰਾਰ ਹੈ, ਜਿਸ ਦੇ ਸੰਕੇਤ ਇਸ ਗੱਲ ਤੋਂ ਮਿਲ ਰਹੇ ਹਨ ਕਿ ਪਹਿਲਾਂ ਆਮ ਆਦਮੀ ਪਾਰਟੀ ਅਤੇ ਹੁਣ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਲਿਸਟ ਵਿਚ ਪੰਜਾਬ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ, ਜਦੋਂਕਿ ਕਾਂਗਰਸ ਦੇ ਕੋਲ 5 ਸੀਟਾਂ ’ਤੇ ਐੱਮ. ਪੀ. ਮੌਜੂਦ ਹਨ, ਜਿਸ ਦੇ ਬਾਵਜੂਦ ਪਹਿਲੀ ਲਿਸਟ ਵਿਚ ਉਨ੍ਹਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਕਾਂਗਰਸ ਅਤੇ ‘ਆਪ’ ਦੋਵੇਂ ਹੀ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਸਮਝੌਤੇ ਦੀ ਤਸਵੀਰ ਸਾਫ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ:  ਅਕਾਲੀ ਦਲ ਨਾਲ ਸਮਝੌਤੇ ਲਈ ਬੀਬੀ ਜਗੀਰ ਕੌਰ ਨੇ ਰੱਖੀਆਂ ਇਹ ਸ਼ਰਤਾਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News