ਪੰਜਾਬ ''ਚ ਲੋਕ ਸਭਾ ਚੋਣਾਂ ''ਚ ਹਾਰ ਚੁੱਕੇ ਨੇ ਇਹ ਦਿੱਗਜ ਨੇਤਾ (ਵੀਡੀਓ)
Friday, Apr 05, 2019 - 06:02 PM (IST)
ਜਲੰਧਰ (ਵੈੱਬ ਡੈਸਕ) : 19 ਮਈ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ 'ਚ ਕਈ ਦਿੱਗਜ ਨੇਤਾ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਆਓ ਇਕ ਝਾਤ ਮਾਰਦੇ ਹਾਂ ਇਨ੍ਹ੍ਹਾਂ ਨੇਤਾਵਾਂ 'ਤੇ...
* ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਸੁਖਦ ਨਹੀਂ ਰਹੀ ਸੀ। 1998 'ਚ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਹਿਰ ਪਟਿਆਲਾ ਤੋਂ ਅਕਾਲੀ ਉਮੀਦਵਾਰ ਪ੍ਰੌਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ 33,251 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਸੇ ਤਰ੍ਹਾਂ ਪਟਿਆਲਾ ਸੀਟ ਤੋਂ ਚੋਣ ਲੜਨ ਵਾਲੀ ਮਹਾਰਾਣੀ ਪਰਨੀਤ ਕੌਰ ਲੋਕ ਸਭਾ ਚੋਣਾਂ 'ਚ ਜੇਤੂ ਨਹੀਂ ਰਹੀ ਹੈ। ਉਨ੍ਹਾਂ ਨੂੰ 2014 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਥੌਂ ਉਨ੍ਹਾਂ ਨੂੰ ਹਾਰ ਮਿਲੀ ਸੀ।
* ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਬਣਨ ਵਾਲੇ ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵੀ ਹਾਰ ਦਾ ਮੂੰਹ ਵੇਖ ਚੁੱਕੇ ਹਨ। 2009 'ਚ ਪਟਿਆਲਾ ਸੀਟ ਤੋਂ ਕਾਂਗਰਸ ਦੀ ਪਰਨੀਤ ਕੌਰ ਨੇ ਉਨ੍ਹਾਂ ਨੂੰ 10,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪਟਿਆਲਾ ਸੀਟ ਦੀ ਹੀ ਗੱਲ ਕਰੀਏ ਤਾਂ ਇੱਥੇ ਇਸ ਵਾਰ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦਾ ਮੁਕਾਬਲਾ ਅਕਾਲੀ ਦਲ ਦੇ ਸੁਰਜੀਤ ਰੱਖੜਾ ਨਾਲ ਹੋਣ ਜਾ ਰਿਹਾ ਹੈ। ਦੋਵੇਂ ਇਕ ਦੂਜੇ ਖਿਲਾਫ 1999 'ਚ ਚੋਣ ਲੜ ਚੁੱਕੇ ਹਨ, ਜਿਸ ਵਿਚ ਪਰਨੀਤ ਕੌਰ ਨੇ ਰੱਖੜਾ ਨੂੰ 78,908 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
* ਨਰਿੰਦਰ ਮੋਦੀ ਦੇ ਕਰੀਬੀ ਮੰਨੇ ਜਾਂਦੇ ਅਰੁਣ ਜੇਤਲੀ ਪੰਜਾਬ ਆ ਕੇ ਹਾਰ ਚੁੱਕੇ ਹਨ। 2014 'ਚ ਅੰਮ੍ਰਿਤਸਰ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਲੱਖ ਵੋਟਾਂ ਤੋਂ ਵੀ ਵੱਧ ਫਰਕ ਨਾਲ ਉਨ੍ਹਾਂ ਦੇ ਸੁਪਨੇ ਤੋੜੇ ਸਨ।
* ਕਾਂਗਰਸ ਦੇ ਕੇਂਦਰੀ ਮੰਤਰੀ ਰਹੇ ਅਤੇ ਮੌਜੂਦਾ ਸਮੇਂ 'ਚ ਕੌਮੀ ਬੁਲਾਰੇ ਮਨੀਸ਼ ਤਿਵਾੜੀ ਲੁਧਿਆਣਾ ਸੀਟ ਤੋਂ ਹਾਰ ਚੁੱਕੇ ਹਨ। ਅਕਾਲੀ ਦਲ ਦੇ ਸ਼ਰਨਜੀਤ ਢਿੱਲੋਂ ਨੇ 29,540 ਵੋਟਾਂ ਦੇ ਫਰਕ ਨਾਲ ਉਨ੍ਹਾਂ ਨੂੰ ਹਰਾਇਆ ਸੀ।
* ਹਾਰੇ ਹੋਏ ਕੇਂਦਰੀ ਮੰਤਰੀਆਂ ਦੀ ਲਾਈਨ 'ਚ ਅਕਾਲੀ ਨੇਤਾ ਸੁਖਦੇਵ ਢੀਂਡਸਾ ਦਾ ਨਾਂ ਵੀ ਸ਼ਾਮਲ ਹੈ। ਢੀਂਡਸਾ ਨੂੰ 2014 'ਚ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ।
* ਸਰਗਰਮ ਸਿਆਸਤ ਨੂੰ ਅਲਵਿਦਾ ਕਹਿ ਚੁੱਕੇ ਐਡਵੋਕੇਟ ਐੱਚ. ਐੱਸ. ਫੂਲਕਾ ਲਈ ਲੋਕ ਸਭਾ ਚੋਣਾਂ ਦਾ ਤਜ਼ੁਰਬਾ ਚੰਗਾ ਨਹੀਂ ਰਿਹਾ। 2014 'ਚ ਕਾਂਗਰਸ ਦੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਐਡਵੋਕੇਟ ਫੂਲਕਾ ਨੂੰ 19,709 ਵੋਟਾਂ ਨਾਲ ਹਰਾਇਆ ਸੀ।
* ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਨ੍ਹ੍ਹਾਂ ਚੋਣਾਂ 'ਚ ਹਾਰ ਚੁੱਕੇ ਹਨ। ਫਿਰੋਜ਼ਪੁਰ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਹੇ ਅਤੇ ਹੁਣ ਕਾਂਗਰਸ 'ਚ ਸ਼ਾਮਲ ਹੋ ਚੁੱਕੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਪ੍ਰਧਾਨ ਜਾਖੜ ਨੂੰ 31,420 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
* ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਲੋਕ ਸਭਾ ਚੋਣਾਂ 'ਚ ਅਜੇ ਤਕ ਸਫਲ ਨਹੀਂ ਰਹੇ ਹਨ। 2014 ਚੋਣਾਂ 'ਚ ਹਰਸਿਮਰਤ ਬਾਦਲ ਨੇ ਉਨ੍ਹਾਂ ਨੂੰ 19,395 ਦੇ ਬਹੁਤ ਹੀ ਘੱਟ ਫਰਕ ਨਾਲ ਹਰਾਇਆ ਸੀ।