ਬੀਰਮਪੁਰ ''ਚ ਵਿਕਾਸ ਲਈ ਨਿਮਿਸ਼ਾ ਨੇ ਪੰਚਾਇਤ ਨੂੰ ਦਿੱਤਾ ਚੈੱਕ
Wednesday, Jun 19, 2019 - 06:34 PM (IST)
 
            
            ਹੁਸ਼ਿਆਰਪੁਰ : ਬੀਤੇ ਦਿਨੀਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹੋਈ ਜਿੱਤ ਨੂੰ ਲੈ ਕੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਪਿੰਡ-ਪਿੰਡ ਜਾ ਕੇ ਲੋਕਾਂ ਦਾ ਕਾਂਗਰਸ ਪਾਰਟੀ ਨੂੰ ਹਲਕਾ ਗੜ੍ਹਸ਼ੰਕਰ 'ਚੋਂ ਜਿਤਾਉਣ ਲਈ ਧੰਨਵਾਦ ਕਰ ਰਹੇ ਹਨ। ਇਸ ਧੰਨਵਾਦ ਦੌਰੇ ਦੌਰਾਨ ਨਿਮਿਸ਼ਾ ਮਹਿਤਾ ਕਈ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਪੈਸੇ ਵੀ ਮੁਹੱਇਆ ਕਰਵਾ ਰਹੇ ਹਨ। ਇਸ ਲੜੀ ਤਹਿਤ ਨਿਮਿਸ਼ਾ ਮਹਿਤਾ ਨੇ ਪਿੰਡ ਬੀਰਮਪੁਰ ਵਿਖੇ ਪਹੁੰਚ ਕੇ ਨਗਰ ਵਾਸੀਆਂ ਦਾ ਕਾਂਗਰਸ ਪਾਰਟੀ 'ਤੇ ਭਰੋਸਾ ਪ੍ਰਗਟਾਉਣ ਅਤੇ ਬੀਰਮਪੁਰ ਦੀ ਕਾਂਗਰਸੀ ਵਰਕਰਾਂ ਦੀ ਟੀਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰਾਂ ਦੀ ਜੀਅ ਤੋੜ ਮਿਹਨਤ ਸਦਕਾ ਹੀ ਕਾਂਗਰਸ ਇਕ ਵਾਰ ਫਿਰ ਜਿੱਤੀ ਹੈ ਜੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚੋਂ ਹਲਕਾ ਗੜ੍ਹਸ਼ੰਕਰ 'ਚ ਤੀਸਰੇ ਨੰਬਰ 'ਤੇ ਰਹੀ ਸੀ। ਬੀਰਮਪੁਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਕੰਮਾਂ ਲਈ ਪੰਚਾਇਤ ਨੂੰ ਪੈਸਿਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸੀ ਆਗੂ ਨੇ ਪਿੰਡ ਦੀ ਪੰਚਾਇਤ ਨੂੰ 2 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ।
ਪਿੰਡ ਬੀਰਮਪੁਰ ਦੀ ਸਰਪੰਚ ਕੁਲਵਿੰਦਰ ਕੌਰ ਅਤੇ ਮੈਂਬਰ ਪੰਚਾਇਤ ਪਲਵਿੰਦਰ ਕੁਮਾਰ, ਕਮਲੇਸ਼ ਕੌਰ, ਤ੍ਰਿਪਤਾ ਦੇਵੀ, ਪ੍ਰਵੀਨ ਕੁਮਾਰ, ਮਾਸੂਮ ਖਾਨ ਅਤੇ ਰਣਜੀਤ ਸਿੰਘ ਨੇ ਨਿਮਿਸ਼ਾ ਮਹਿਤਾ ਦਾ ਧੰਨਵਾਦ ਕੀਤਾ। ਇਸ ਦੌਰਾਨ ਨਿਮਿਸ਼ਾ ਨੇ ਕਿਹਾ ਕਿ ਅਕਾਲੀ ਵਿਧਾਇਕ 10 ਸਾਲ ਵਿਕਾਸ ਦੀਆਂ ਡੀਂਗਾਂ ਮਾਰਦੇ ਰਹੇ ਪਰ ਪਿੰਡਾਂ ਦੀ ਹਾਲਤ ਬਿਆਨ ਕਰਦੀ ਹੈ ਕਿ ਉਨ੍ਹਾਂ 10 ਸਾਲਾਂ ਵਿਚ ਕਿੰਨਾ ਕੁ ਵਿਕਾਸ ਕਰਵਾਇਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            