ਕੈਪਟਨ ਸਪੱਸ਼ਟ ਕਰੇ ਕਿ ਉਹ ''84 ਦੇ ਕਾਤਲਾਂ ਨਾਲ ਹੈ ਜਾਂ ਪੀੜਤਾਂ ਨਾਲ : ਸੁਖਬੀਰ

05/11/2019 11:28:04 AM

ਲੰਬੀ/ਮਲੋਟ (ਜੁਨੇਜਾ)—ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਹਫਤੇ ਦੌਰਾਨ ਅੱਜ ਹਮਲਾਵਰ ਰੁਖ ਅਪਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਕਾਂਗਰਸੀ ਹਮਲਾਵਰਾਂ ਵੱਲੋਂ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕੀਤੇ ਕਤਲੇਆਮ ਦੇ ਗੰਭੀਰ ਮੁੱਦੇ ਉੱਤੇ ਆਪਣੀ ਪਾਰਟੀ ਅਤੇ ਆਪਣੇ ਭਾਈਚਾਰੇ ਦੋਹਾਂ ਵਿਚੋਂ ਇਕ ਨੂੰ ਚੁਣਨ ਦੀ ਹਿੰਮਤ ਵਿਖਾਏ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਜ਼ਿੰਦਗੀ ਅਤੇ ਮੌਤ ਦੇ ਇਸ ਸੁਆਲ 'ਤੇ ਤੁਹਾਡੇ ਵੱਲੋਂ ਆਪਣੇ ਭਾਈਚਾਰੇ ਖ਼ਿਲਾਫ ਖੜ੍ਹਨਾ ਬਹੁਤ ਹੀ ਸ਼ਰਮਨਾਕ ਹੈ। ਤੁਸੀਂ ਇਸ ਮਸਲੇ 'ਤੇ ਦੋਵੇਂ ਧਿਰਾਂ ਨਾਲ ਹੋਣ ਦਾ ਢਕਵੰਜ ਕਰਦੇ ਹੋ। ਉਨ੍ਹਾਂ ਅਮਰਿੰਦਰ ਦੀ ਰਾਜੀਵ ਗਾਂਧੀ ਦਾ ਬਚਾਅ ਕਰਨ ਵਾਸਤੇ ਨਮੋਸ਼ੀਜਨਕ ਕੋਸ਼ਿਸ਼ਾਂ ਕਰਨ ਲਈ ਸਖ਼ਤ ਨਿਖੇਧੀ ਕੀਤੀ।

ਲੋਕ ਸਭਾਂ ਚੋਣਾਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਅਮਰਿੰਦਰ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਮੁੱਖ ਚੋਣ ਮੁੱਦੇ ਵਜੋਂ ਪੇਸ਼ ਕਰੇ। ਚੋਣਾਂ ਵਿਚ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਦੇ ਦੋ ਸਾਲਾਂ ਨੂੰ ਕੇਂਦਰੀ ਚੋਣ ਮੁੱਦਾ ਬਣਾਉਣ ਦੀ ਚੁਣੌਤੀ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਤੁਸੀਂ ਪੰਜਾਬ ਅੰਦਰ ਪ੍ਰਸ਼ਾਸਨ, ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਤੋਂ ਭੱਜ ਰਹੇ ਹੋ। ਇਹੀ ਉਹ ਚੀਜ਼ਾਂ ਹਨ, ਜਿਹੜੀਆਂ ਤੁਹਾਡੇ ਕੰਟਰਲ ਥੱਲੇ ਹਨ ਅਤੇ ਤੁਹਾਡੀ ਜ਼ਿੰਮੇਵਾਰੀ ਹਨ। ਤੁਸੀਂ ਆਪਣੀ ਮਾੜੀ ਕਾਰਗੁਜ਼ਾਰੀ ਲਈ ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦੇ ਇੱਧਰਲੀਆਂ-ਓਧਰਲੀਆਂ ਮਾਰ ਰਹੇ ਹੋ।

ਲੰਬੀ ਹਲਕੇ ਵਿਚ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹਰ ਮੁੱਖ ਮੰਤਰੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਲੋਕਾਂ ਦਾ ਫ਼ਤਵਾ ਮੰਗ ਕੇ ਮਾਣ ਮਹਿਸੂਸ ਕਰਦਾ ਹੁੰਦਾ ਹੈ। ਤੁਸੀਂ ਇਕੱਲੇ ਅਜਿਹੇ ਮੁੱਖ ਮੰਤਰੀ ਹੋ, ਜਿਸ ਨੂੰ ਆਪਣੀ ਕਾਰਗੁਜ਼ਾਰੀ ਕਰਕੇ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਲੱਗ ਰਿਹਾ ਹੈ।

ਸੁਖਬੀਰ ਬਾਦਲ ਨੇ ਅਮਰਿੰਦਰ ਨੂੰ ਕਿਹਾ ਕਿ ਉਹ ਕਤਲੇਆਮ ਤੋਂ ਪੀੜਤ ਆਪਣੇ ਭਾਈਚਾਰੇ ਅਤੇ ਕਤਲੇਆਮ ਕਰਵਾਉਣ ਵਾਲੀ ਆਪਣੀ ਪਾਰਟੀ ਦੋਹਾਂ ਵਿਚੋਂ ਕਿਸੇ ਇਕ ਨੂੰ ਚੁਣ ਲਵੇ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਕਿ ਤੁਸੀਂ ਅਜਿਹਾ ਕਦੇ ਵੀ ਨਹੀਂ ਕਰੋਗੇ। ਤੁਸੀਂ ਆਪਣੇ ਭਾਈਚਾਰੇ ਨਾਲ ਹਮਦਰਦੀ ਜਤਾਉਣ ਲਈ ਕੁੱਝ ਝੂਠੇ ਰਸਮੀ ਸ਼ਬਦ ਬੋਲੋਗੇ ਪਰ ਜੇਕਰ ਤੁਸੀਂ ਆਪਣੇ ਭਾਈਚਾਰੇ ਦਾ ਕਤਲੇਆਮ ਕਰਨ ਵਾਲੀ ਪਾਰਟੀ ਵਿਰੁੱਧ ਸਟੈਂਡ ਲੈਣ ਦੀ ਦਲੇਰੀ ਅਤੇ ਈਮਾਨਦਾਰੀ ਨਹੀਂ ਵਿਖਾ ਸਕਦੇ ਤਾਂ ਸਿੱਖਾਂ ਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ ਹੈ। ਅੱਜ ਲੰਬੀ ਹਲਕੇ ਵਿਚ ਅਕਾਲੀ ਦਲ ਪ੍ਰਧਾਨ ਨੇ 20 ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ।

ਕਾਂਗਰਸ ਪਾਰਟੀ ਅਤੇ ਰਾਜੀਵ ਗਾਂਧੀ ਦਾ ਬਚਾਅ ਕਰਨ ਲਈ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਸੁਖਬੀਰ ਨੇ ਕਿਹਾ ਕਿ ਸਿਰਫ ਹਰ ਸਿੱਖ ਹੀ ਨਹੀਂ, ਸਗੋਂ ਪੂਰੀ ਦੁਨੀਆ ਇਹ ਜਾਣਦੀ ਹੈ ਕਿ ਰਾਜੀਵ ਗਾਂਧੀ ਦੀ ਸ਼ਹਿ 'ਤੇ ਨਾ ਸਿਰਫ 1984 ਵਿਚ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਹੋਇਆ ਸੀ, ਸਗੋਂ ਇਹ ਸ਼ਰਮਨਾਕ ਟਿੱਪਣੀ ਕਰਕੇ ਇਸ ਘਿਨੌਣੇ ਕਾਰੇ ਨੂੰ ਸਹੀ ਵੀ ਠਹਿਰਾਇਆ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸੱਜਣ ਕੁਮਾਰ, ਐੱਚ.ਕੇ.ਐੱਲ. ਭਗਤ, ਧਰਮ ਦਾਸ ਸ਼ਾਸਤਰੀ, ਲਲਿਤ ਮਾਕੇਨ ਅਤੇ ਅਰਜੁਨ ਦਾਸ ਦਾ ਨਾਂ ਲਿਆ ਹੈ, ਜੋ ਕਿ ਸਾਰੇ ਨਾ ਸਿਰਫ ਰਾਜੀਵ ਦੇ ਵਫਾਦਾਰ ਸਨ, ਸਗੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਮਗਰੋਂ ਰਾਜੀਵ ਗਾਂਧੀ ਨੇ ਵੱਡੇ ਅਹੁਦੇ ਵੀ ਦਿੱਤੇ ਸਨ। ਉਨ੍ਹਾਂ ਕਿਹਾ ਕਿ ਹੁਣ ਸੈਮ ਪਿਤਰੋਦਾ, ਜਿਸ ਦੇ ਬਿਆਨ ਨੂੰ ਕੈਪਟਨ ਨੇ ਅਫਸੋਸਨਾਕ ਕਰਾਰ ਦਿੱਤਾ ਹੈ, ਵੀ ਰਾਹੁਲ ਗਾਂਧੀ ਦਾ ਮੁੱਖ ਸਿਆਸੀ ਸਲਾਹਕਾਰ ਹੈ। ਇਨ੍ਹਾਂ ਚੋਟੀ ਦੇ ਆਗੂਆਂ ਤੋਂ ਇਲਾਵਾ ਕਾਂਗਰਸ ਪਾਰਟੀ ਵਿਚ ਹੋਰ ਕਿਸ ਦਾ ਵਜੂਦ ਹੈ।


Shyna

Content Editor

Related News