ਚਹੁੰਕੋਣੀ ਹੋਈ ਪੰਜਾਬ ਦੀ ਸਿਆਸੀ ਲੜਾਈ
Saturday, Mar 02, 2019 - 06:37 PM (IST)
ਜਲੰਧਰ (ਗੁਰਮਿੰਦਰ ਸਿੰਘ) : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਪੰਜਾਬ ਵਿਚ ਸਿਆਸੀ ਪਾਰਟੀਆਂ ਵਿਚਾਲੇ ਜੋੜ-ਤੋੜ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਇਸ ਦਰਮਿਆਨ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਟਕਸਾਲੀਆਂ ਵਿਚਾਲੇ ਗਠਜੋੜ ਦਾ ਰਾਹ ਵੀ ਲਗਭਗ ਪੱਧਰਾ ਹੋ ਗਿਆ ਹੈ। ਇਨ੍ਹਾਂ ਪਾਰਟੀਆਂ ਦੇ ਗਠਜੋੜ ਹੋਣ ਦੇ ਨਾਲ ਹੀ ਪੰਜਾਬ ਦੀ ਸਿਆਸੀ ਲੜਾਈ ਵੀ ਚਹੁੰਕੋਣੀ ਹੋ ਗਈ ਹੈ। ਇਕ ਪਾਸੇ ਜਿੱਥੇ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਜੋਸ਼ ਨਾਲ ਲਬਰੇਜ ਨਜ਼ਰ ਆ ਰਹੀ ਹੈ, ਉਥੇ ਹੀ 120 ਸਾਲ ਪੁਰਾਣਾ ਅਕਾਲੀ ਦਲ ਵੀ ਆਪਣੇ ਗਠਜੋੜ ਭਾਜਪਾ ਨਾਲ ਮਿਲ ਕੇ ਚੋਣਾਂ ਵਿਚ ਦਮ-ਖਮ ਦਿਖਾਉਣ ਲਈ ਤਿਆਰ ਹੈ। ਪਿਛਲੇ 10 ਸਾਲ ਤਕ ਪੰਜਾਬ ਦੀ ਸੱਤਾ 'ਤੇ ਰਾਜ ਕਰਨ ਵਾਲੇ ਅਕਾਲੀ ਦਲ ਦੀ ਸਾਖ ਅਜੇ ਵੀ ਪੰਜਾਬ ਦੀ ਜਨਤਾ ਵਿਚ ਘੱਟ ਨਹੀਂ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਵਲੋਂ ਵੀ ਹਮਖਿਆਲੀ ਧਿਰਾਂ ਨਾਲ ਮਿਲ ਕੇ ਪੰਜਾਬ ਡੈਮੋਕ੍ਰੇਟਿਕ ਫਰੰਟ ਦੇ ਝੰਡੇ ਹੇਠ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਡੈਮੋਕ੍ਰੇਟਿਕ ਫਰੰਟ ਵਲੋਂ ਤਾਂ 13 'ਚੋਂ 9 ਸੀਟਾਂ ਦੀ ਵੰਡ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਫਰੰਟ ਦੇ ਲੀਡਰਾਂ ਨੇ ਹਮ-ਮਸ਼ਵਰੇ ਤੋਂ ਬਾਅਦ ਤਿੰਨ ਸੀਟਾਂ ਸ੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਜਲੰਧਰ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਹਨ ਜਦਕਿ ਤਿੰਨ ਸੀਟਾਂ ਹੀ ਲੋਕ ਇਨਸਾਫ ਪਾਰਟੀ ਨੂੰ ਦਿੱਤੀਆਂ ਗਈਆਂ ਹਨ, ਇਹ ਸੀਟਾਂ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ। ਦੋ ਸੀਟਾਂ ਬਠਿੰਡਾ ਅਤੇ ਫਰੀਦਕੋਟ ਪੰਜਾਬ ਏਕਤਾ ਪਾਰਟੀ ਨੂੰ ਦਿੱਤੀਆਂ ਗਈਆਂ ਹਨ ਜਦਕਿ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨੂੰ ਪਟਿਆਲਾ ਸੀਟ ਦਿੱਤੀ ਗਈ ਹੈ।
ਜੇਕਰ 2017 ਦੀਆਂ ਵਿਧਾਨ ਸਭਾ ਚੋਣ 'ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੂੰ ਸੂਬੇ ਵਿਚ ਸਭ ਤੋਂ ਵੱਧ 38.50 ਫੀਸਦੀ ਵੋਟਿੰਗ ਹੋਈ ਸੀ, ਜਦਕਿ 10 ਸਾਲ ਸੱਤਾ ਸੁੱਖ ਭੋਗਣ ਵਾਲੀ ਅਕਾਲੀ ਦਲ ਨੂੰ ਮਹਿਜ਼ 25.24 ਫੀਸਦੀ ਵੋਟਿੰਗ ਹੋਈ ਅਤੇ ਆਮ ਆਦਮੀ ਪਾਰਟੀ 23.72 ਫੀਸਦੀ ਵੋਟਿੰਗ ਨਾਲ ਦੂਜੇ ਨੰਬਰ 'ਤੇ ਰਹੀ ਸੀ। ਇਸ ਤੋਂ ਇਲਾਵਾ ਭਾਜਪਾ ਨੂੰ 5.39 ਫੀਸਦੀ, ਬਸਪਾ 1.52, ਲੋਕ ਇਨਸਾਫ ਪਾਰਟੀ ਨੂੰ 1.23 ਫੀਸਦੀ ਵੋਟਿੰਗ ਹੋਈ ਸੀ। ਲਿਹਾਜ਼ਾ ਆਮ ਆਦਮੀ ਪਾਰਟੀ-ਅਕਾਲੀ ਦਲ ਟਕਸਾਲੀ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨਾਲ ਕਾਂਗਰਸ ਅਤੇ ਅਕਾਲੀ ਦਲ ਨੂੰ ਜ਼ਿਆਦਾ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ ਅਤੇ ਲੋਕ ਸਭਾ ਚੋਣਾਂ 'ਚ ਮੁੱਖ ਮੁਕਾਬਲਾ ਅਜੇ ਵੀ ਕਾਂਗਰਸ ਅਤੇ ਅਕਾਲੀ-ਭਾਜਪਾ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਫਿਲਹਾਲ ਅਜੇ ਤਕ ਕਾਂਗਰਸ ਅਤੇ ਅਕਾਲੀ ਦਲ ਵਲੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦੇ ਹੋਏ ਲੋਕ ਸਭਾ ਚੋਣਾਂ 'ਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।