ਪੰਜਾਬ ਦੀਆਂ 13 ਸੀਟਾਂ ''ਤੇ 385 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪਰਚੇ
Tuesday, Apr 30, 2019 - 07:03 PM (IST)
ਚੰਡੀਗੜ੍ਹ (ਭੁੱਲਰ) : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸੂਬੇ ਭਰ ਵਿਚ ਕੁੱਲ 385 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 188 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤੋਂ ਪਹਿਲਾਂ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ ਨਾਮਜ਼ਦਗੀ ਦੇ 5 ਦਿਨਾਂ ਵਿਚ 197 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਅਤੇ ਸੋਮਵਾਰ ਦੀਆਂ 188 ਨਾਮਜ਼ਦਗੀਆਂ ਨੂੰ ਮਿਲਾ ਕੇ ਕੁਲ ਨਾਮਜ਼ਦਗੀਆਂ 385 ਹੋ ਗਈਆਂ ਹਨ। 30 ਅਪ੍ਰੈਲ ਨੂੰ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 2 ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਹਨ।
ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ 'ਚ ਸਭ ਤੋਂ ਵੱਧ ਪਟਿਆਲਾ ਹਲਕੇ ਲਈ 38 ਉਮੀਦਵਾਰਾਂ ਨੇ ਕਾਗਜ਼ ਭਰੇ ਹਨ, ਜਦਕਿ ਇਸ ਤੋਂ ਬਾਅਦ ਲੁਧਿਆਣਾ ਹਲਕੇ ਦਾ ਨੰਬਰ ਆਉਂਦਾ ਹੈ, ਜਿੱਥੇ 35 ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਸਭ ਤੋਂ ਘੱਟ ਫਿਰੋਜ਼ਪੁਰ ਹਲਕੇ 'ਚ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਦੱਸਿਆ ਕਿ 15 ਤੋਂ ਵੱਧ ਉਮੀਦਵਾਰਾਂ ਵਾਲੇ ਹਲਕੇ 'ਚ ਡਬਲ ਬੈਲਟ ਪੇਪਰਾਂ ਦੀ ਵਰਤੋਂ ਕਰਨੀ ਪਵੇਗੀ।