ਲੋਕ ਸਭਾ ਚੋਣਾਂ ''ਚ ਇਨ੍ਹਾਂ ਸੀਟਾਂ ''ਤੇ ਫੇਰ-ਬਦਲ ਦੀ ਤਿਆਰੀ ''ਚ ਅਕਾਲੀ-ਭਾਜਪਾ

01/22/2019 6:17:16 PM

ਜਲੰਧਰ : ਚੋਣ ਕਮਿਸ਼ਨ ਵਲੋਂ ਭਾਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ ਹੈ ਪਰ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਖਿੱਚੋ-ਤਾਣ ਤੇਜ਼ ਹੋ ਗਈ ਹੈ ਤੇ ਕਈ ਹਲਕਿਆਂ ਦੀਆਂ ਸੀਟਾਂ ਦੇ ਰੱਦੋ-ਬਦਲ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚ ਵੀ ਦੋ ਸੀਟਾਂ ਤਬਦੀਲ ਕਰਨ ਦੀ ਚਰਚਾ ਕੀਤੀ ਜਾ ਰਹੀ ਹੈ। ਭਾਵੇਂ ਇਸ ਬਾਬਤ ਅਜੇ ਤਕ ਰਸਮੀ ਤੌਰ 'ਤੇ ਐਲਾਨ ਨਹੀਂ ਹੋਇਆ ਹੈ ਪਰ ਦੋਵਾਂ ਧਿਰਾਂ ਦੇ ਸੂਤਰਾਂ ਮੁਤਾਬਕ ਇਸ ਬਾਰੇ ਤੇਜ਼ੀ ਨਾਲ ਚਰਚਾ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਲੁਧਿਆਣਾ ਤੇ ਜਲੰਧਰ-ਹੁਸ਼ਿਆਰਪੁਰ ਲੋਕ ਸਭਾ ਸੀਟਾਂ ਆਪਸ ਵਿਚ ਬਦਲੇ ਜਾਣ ਦੀ ਸੰਭਾਵਨਾ ਹੈ।
ਇਸ ਬਾਰੇ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਸਰ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਆਉਂਦੀ ਹੈ ਤਾਂ ਇਸ ਦਾ ਦੋਵਾਂ ਧਿਰਾਂ ਨੂੰ ਲਾਭ ਹੋਵੇਗਾ। ਇਸ ਹਲਕੇ ਵਿਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿਚੋਂ 4 ਹਲਕੇ ਭਾਜਪਾ ਕੋਲ ਹਨ ਅਤੇ ਇਕ ਹਲਕਾ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਜਦਕਿ ਦਿਹਾਤੀ ਚਾਰ ਹਲਕੇ ਸ਼੍ਰੋਮਣੀ ਅਕਾਲੀ ਦਲ ਕੋਲ ਹਨ, ਲਿਹਾਜ਼ਾ ਇਸ ਦਾ ਸਿੱਧਾ ਲਾਭ ਗਠਜੋੜ ਨੂੰ ਹੋਵੇਗਾ। ਜੇਕਰ ਪਿਛੋਕੜ 'ਤੇ ਨਜ਼ਰ ਮਾਰੀ ਜਾਵੇ ਤਾਂ ਅਕਾਲੀ-ਭਾਜਪਾ ਗੱਠਜੋੜ ਸੂਬੇ ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣ ਲੜਦਾ ਰਿਹਾ ਹੈ, ਜਿਨ੍ਹਾਂ ਵਿਚੋਂ 10 ਸੀਟਾਂ ਅਕਾਲੀ ਦਲ ਤੇ 3 ਭਾਜਪਾ ਦੇ ਹਿੱਸੇ ਆਉਂਦੀਆਂ ਹਨ। ਭਾਜਪਾ ਕੋਲ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਹਨ। ਅੰਮ੍ਰਿਤਸਰ-ਲੁਧਿਆਣਾ ਸੰਸਦੀ ਹਲਕੇ ਦੇ ਬਦਲਾਅ ਬਾਰੇ ਪਹਿਲਾਂ ਵੀ ਗੱਠਜੋੜ ਵਿਚ ਚਰਚਾ ਹੁੰਦੀ ਰਹੀ ਹੈ।
1952 ਤੋਂ ਲੈ ਕੇ ਹੁਣ ਤਕ ਅੰਮ੍ਰਿਤਸਰ 'ਚ 16 ਵਾਰ ਲੋਕ ਸਭਾ ਹੋ ਚੁੱਕੀਆਂ ਹਨ। ਭਾਵੇਂ ਅਕਾਲੀ ਦਲ ਵਲੋਂ ਇਸ ਸੰਸਦੀ ਸੀਟ 'ਤੇ ਵਧੇਰੇ ਸਿੱਖ ਵੋਟਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਸੀਟ 'ਤੇ ਜ਼ਿਆਦਾਵਾਰ ਭਾਜਪਾ ਵਲੋਂ ਹੀ ਉਮੀਦਵਾਰ ਉਤਾਰਿਆ ਗਿਆ ਹੈ। 2004 ਤੇ 2009 ਭਾਜਪਾ ਵਲੋਂ ਇਥੇ ਨਵਜੋਤ ਸਿੱਧੂ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ ਤੇ ਸਿੱਧੂ ਜੇਤੂ ਰਹੇ ਸਨ। ਜਦਕਿ 2014 ਤੇ 2017 (ਜ਼ਿਮਨੀ ਚੋਣ) ਕਾਂਗਰਸ ਇਸ ਸੀਟ 'ਤੇ ਜੇਤੂ ਰਹੀ। ਫਿਲਹਾਲ ਅਜੇ ਤਕ ਭਾਜਪਾ ਕੋਲ ਇਸ ਸੀਟ 'ਤੇ ਕੋਈ ਦਮਦਾਰ ਦਾਅਵੇਦਾਰ ਨਜ਼ਰ ਨਹੀਂ ਆ ਰਿਹਾ ਹੈ ਅਤੇ ਅਕਾਲੀ ਦਲ ਵਲੋਂ ਵਧੇਰੇ ਸਿੱਖ ਵੋਟਰ ਹੋਣ ਦਾ ਦਾਅਵਾ ਕਰਕੇ ਇਸ ਸੀਟ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲੁਧਿਆਣਾ ਲੋਕ ਸਭਾ ਸੀਟ ਵਧੇਰੇ ਸ਼ਹਿਰੀ ਹਲਕਿਆਂ ਵਾਲੀ ਸੀਟ ਹੈ ਜਿੱਥੇ ਪਰਵਾਸੀ ਵੋਟ ਵੀ ਵੱਡੀ ਗਿਣਤੀ ਵਿਚ ਹੈ ਤੇ ਇਹ ਵੋਟ ਭਾਜਪਾ ਲਈ ਲਾਹੇਵੰਦ ਹੋ ਸਕਦੀ ਹੈ, ਜਿਸ ਦੇ ਚੱਲਦੇ ਦੋਵਾਂ ਧਿਰਾਂ ਵਿਚਾਲੇ ਇਨ੍ਹਾਂ ਸੀਟਾਂ 'ਤੇ ਸਹਿਮਤੀ ਬਣ ਸਕਦੀ ਹੈ।


Gurminder Singh

Content Editor

Related News