ਸੱਤ ਸਮੁੰਦਰ ਪਾਰ ਚੋਣ ਨਤੀਜਿਆਂ ਦਾ ਇੰਤਜ਼ਾਰ

Wednesday, Apr 17, 2019 - 08:15 AM (IST)

ਸੱਤ ਸਮੁੰਦਰ ਪਾਰ ਚੋਣ ਨਤੀਜਿਆਂ ਦਾ ਇੰਤਜ਼ਾਰ

ਨਵੀਂ ਦਿੱਲੀ, (ਸੰਜੀਵ ਸ਼ਰਮਾ )-  ਲੋਕ ਸਭਾ ਚੋਣਾਂ ਸਬੰਧੀ ਦੇਸ਼ ਤੋਂ ਬਾਹਰ ਰਹਿ ਰਹੇ ਭਾਰਤੀ ਭਾਈਚਾਰੇ ’ਚ ਵੀ ਬਰਾਬਰ ਦਾ ਉਤਸ਼ਾਹ ਹੈ। ਇਹ ਉਤਸ਼ਾਹ ਉੱਥੇ ਹੋਣ ਵਾਲੀਆਂ ਅਤੇ ਸਮਰਥਨ ਰੈਲੀਆਂ ਨਾਲ ਸਹਿਜੇ ਹੀ ਮਾਪਿਆ ਜਾ ਸਕਦਾ ਹੈ। ਕਾਂਗਰਸ, ਭਾਜਪਾ ਅਤੇ ਇੱਥੋਂ ਤੱਕ ਕਿ ਖੇਤਰੀ ਪਾਰਟੀਆਂ ਦੇ ਉਮੀਦਵਾਰਾਂ ਦੇ ਸਮਰਥਨ ’ਚ ਵਿਦੇਸ਼ਾਂ ’ਚ ਪ੍ਰੋਗਰਾਮ ਹੋ ਰਹੇ ਹਨ। ਆਸਟਰੇਲੀਆ, ਅਮਰੀਕਾ ਅਤੇ ਜਰਮਨੀ ’ਚ ਤਾਂ ਪ੍ਰਵਾਸੀ ਭਾਰਤੀ ਬਕਾਇਦਾ ਜਨਤਕ ਰੂਪ ਨਾਲ ਚੋਣ ਰੈਲੀਆਂ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਦਾ ਆਕਾਰ ਭਾਰਤੀ ਰੈਲੀਆਂ ਤੋਂ ਹਟ ਕੇ ਫਲੈਸ਼ ਡਾਂਸ ਵਰਗੇ ਇਵੈਂਟਸ ਦੇ ਰੂਪ ’ਚ ਹੈ ਪਰ 2 ਦਿਨ ਪਹਿਲਾਂ ਕੈਨੇਡਾ ’ਚ ਸੁਖਪਾਲ ਖਹਿਰਾ ਦੇ ਸਮਰਥਨ ’ਚ ਹੋਈ ਰੈਲੀ ਸਾਫ ਦੱਸ ਰਹੀ ਸੀ ਕਿ 7 ਸਮੁੰਦਰ ਪਾਰ ਵੀ ਚੋਣ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਤਾਂ ਅੱਜ ਗੱਲ ਐੱਨ.ਆਰ.ਆਈ. ਵੋਟਰਸ ਦੀ।

ਕਿਸੇ ਵੀ ਉਮੀਦਵਾਰ ਦੀ ਬਦਲ ਸਕਦੇ ਹਨ ਕਿਸਮਤ

ਐੱਨ.ਆਰ. ਆਈ. ਦੀ ਇਹ ਗਿਣਤੀ ਇੰਨੀ ਜ਼ਿਆਦਾ ਹੈ ਕਿ ਜੇ ਉਨ੍ਹਾਂ ਨੂੰ ਲੋਕ ਸਭਾ ਦੀਆਂ ਸੀਟਾਂ ’ਚ ਵੰਡਿਆ ਜਾਵੇ ਤਾਂ ਔਸਤ ਆਉਂਦਾ ਹੈ 23 ਹਜ਼ਾਰ 955 ਵੋਟ। ਇਸ ਲਿਹਾਜ਼ ਨਾਲ ਉਹ ਕਿਸੇ ਵੀ ਉਮੀਦਵਾਰ ਦੀ ਕਿਸਮਤ ਬਦਲ ਸਕਦੇ ਹਨ ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਰਜਿਸਟਰਡ ਹੋਣ ਦੇ ਬਾਵਜੂਦ ਐੱਨ.ਆਰ. ਆਈ. ਵੋਟਿੰਗ ’ਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ । ਪਿਛਲੀਆਂ ਚੋਣਾਂ ਦੀ ਹੀ ਗੱਲ ਕਰ ਲਈਏ ਤਾਂ 13 ਹਜ਼ਾਰ 39 ਐੱਨ.ਆਰ. ਆਈ. ਵੋਟਰ ਰਜਿਸਟਰਡ ਸਨ ਪਰ ਜਦੋਂ ਵੋਟ ਪਾਉਣ ਦੀ ਵਾਰੀ ਆਈ ਤਾਂ ਸਿਰਫ 8 ਨੇ ਵੋਟ ਹੱਕ ਦੀ ਵਰਤੋਂ ਕੀਤੀ ਸੀ। ਇਨ੍ਹਾਂ ’ਚੋਂ 4 ਨੇ ਗੁਜਰਾਤ ’ਚ, 2 ਨੇ ਚੰਡੀਗੜ੍ਹ ਅਤੇ ਰਾਜਸਥਾਨ ਅਤੇ ਪੱਛਮ ਬੰਗਾਲ ’ਚ ਇਕ-ਇਕ ਐੱਨ.ਆਰ.ਆਈ. ਵੋਟਰ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ ਸੀ। ਇਸ ਵਾਰ 71 ਹਜ਼ਾਰ 735 ਐੱਨ.ਆਰ.ਆਈ. ਨੇ ਬਤੌਰ ਵੋਟਰ ਖੁਦ ਨੂੰ ਰਜਿਸਟਰਡ ਕਰਾਇਆ ਹੈ। ਇਨ੍ਹਾਂ ’ਚੋਂ 92 ਫੀਸਦੀ ਕੇਰਲ ਦੇ ਨਿਵਾਸੀ ਹਨ। ਕੇਰਲ ਦੇ 66 ਹਜ਼ਾਰ 584 ਰਜਿਸਟਰਡ ਵੋਟਰਾਂ ’ਚੋਂ 3729 ਔਰਤਾਂ ਹਨ ਜਦਕਿ 8 ਥਰਡ ਜੈਂਡਰ ਲੋਕਾਂ ਨੇ ਵੀ ਖੁਦ ਨੂੰ ਰਜਿਸਟਰਡ ਕਰਵਾਇਆ ਹੈ। ਦਿਲਚਸਪ ਢੰਗ ਨਾਲ 2014 ’ਚ ਵੀ ਕੇਰਲਾ ਤੋਂ ਹੀ ਸਭ ਤੋਂ ਜ਼ਿਆਦਾ 12 ਹਜ਼ਾਰ 653 ਐੱਨ.ਆਰ. ਆਈ. ਵੋਟਰ ਸੀ ਪਰ ਉਨ੍ਹਾਂ ’ਚੋਂ ਇਕ ਨੇ ਵੀ ਵੋਟ ਨਹੀਂ ਪਾਈ ਸੀ।

ਇਸ ਲਈ ਆਇਆ ਪ੍ਰਾਕਸੀ ਵੋਟਿੰਗ ਕਾਨੂੰਨ

ਰਜਿਸਟ੍ਰੇਸ਼ਨ ਦੇ ਬਾਵਜੂਦ ਐੱਨ.ਆਰ. ਆਈ. ਦੀ ਘੱਟ ਪੋਲਿੰਗ ਸਿਆਸੀ ਪਾਰਟੀਆਂ ਨੂੰ ਚਿੰਤਾ ’ਚ ਪਾ ਰਹੀ ਹੈ। ਇਸ ਦੇ ਪਿੱਛੇ ਮੁਖ ਕਾਰਨ ਹੈ ਕਿ ਐੱਨ.ਆਰ. ਆਈ. ਮੋਟੇ ਪੈਸੇ ਖਰਚ ਕਰਕੇ ਭਾਰਤ ਆ ਕੇ ਵੋਟ ਪਾਉਣੀ ਪੈਂਦੀ ਹੈ। ਅਜਿਹੇ ’ਚ ਐੱਨ.ਆਰ.ਆਈ. ਦੀ ਵੋਟ ਪਾਵਰ ਨੂੰ ਵੇਖਦਿਆਂ ਭਾਜਪਾ ਨੇ 2017 ’ਚ ਪ੍ਰਾਕਸੀ ਵੋਟਿੰਗ ਦਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਤਹਿਤ ਐੱਨ.ਆਰ.ਆਈ. ਭਾਰਤ ’ਚ ਬੈਠੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਆਪਣੀ ਵੋਟ ਪਾਉਣ ਲਈ ਅਧਿਕਾਰਤ ਕਰ ਸਕਦੇ ਸੀ। ਆਨਲਾਈਨ ਵੋਟਿੰਗ ਦੀ ਚਰਚਾ ਉਸ ਦੌਰਾਨ ਹੋਈ। ਲੋਕ ਸਭਾ ’ਚ ਪਾਸ ਹੋਣ ਦੇ ਬਾਵਜੂਦ ਬਿੱਲ ਰਾਜ ਸਭਾ ’ਚ ਅਟਕ ਗਿਆ ਅਤੇ ਹੁਣ ਜਦਕਿ ਚੋਣਾਂ ਕਾਰਨ ਲੋਕ ਸਭਾ ਭੰਗ ਹੈ ਤਾਂ ਇਹ ਬਿੱਲ ਵੀ ਭੰਗ ਹੀ ਮੰਨਿਆ ਜਾਵੇਗਾ। ਹਾਲਾਂਕਿ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਐੱਨ.ਆਰ.ਆਈ. ਨੂੰ ਵੋਟ ਪਾਉਣ ਦਾ ਹੱਕ 2011 ’ਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੇ ਦਿੱਤਾ ਸੀ। ਉਸ ਸਮੇਂ ਲੋਕ ਨੁਮਇੰਦਗੀ ਕਾਨੂੰਨ ’ਚ ਇਸ ਦੇ ਲਈ ਸੋਧ ਕੀਤੀ ਗਈ ਸੀ।

ਵਿਦੇਸ਼ਾਂ ’ਚ ਤਿੰਨ ਕਰੋੜ ਭਾਰਤੀ

ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਵਿਦੇਸ਼ਾਂ ’ਚ 3 ਕਰੋੜ 8 ਲੱਖ 43 ਹਜ਼ਾਰ 419 ਭਾਰਤੀ ਰਹਿ ਰਹੇ ਹਨ। ਇਨ੍ਹਾਂ ’ਚੋਂ ਇਕ ਕਰੋੜ 30 ਲੱਖ 8 ਹਜ਼ਾਰ 012 ਐੱਨ.ਆਰ. ਆਈ. ਹਨ ਜਦਕਿ ਇਕ ਕਰੋੜ 78 ਲੱਖ 35 ਹਜ਼ਾਰ 407 ਪੀ. ਆਈ. ਓ. ਹਨ। ਪੀ. ਆਈ. ਓ. ਅਤੇ ਐੱਨ.ਆਰ.ਆਈ. ਆਮ ਤੌਰ ’ਤੇ ਇਕ ਹੀ ਮੰਨੇ ਜਾਂਦੇ ਹਨ ਪਰ ਬੇਸਿਕ ਫਰਕ ਇਹ ਹੈ ਕਿ ਐੱਨ.ਆਰ. ਆਈ. ਨੂੰ ਭਾਰਤ ’ਚ ਵੋਟਿੰਗ ਦਾ ਹੱਕ ਹੈ ਅਤੇ ਪੀ. ਆਈ. ਓ. ਨੂੰ ਨਹੀਂ। ਪੀ.ਆਈ. ਓ. ਉਹ ਭਾਰਤੀ ਹਨ ਜਿਹੜੇ ਵਿਦੇਸ਼ਾਂ ’ਚ ਵੱਸ ਗਏ ਹਨ ਪਰ ਉਨ੍ਹਾਂ ਦੀਆਂ ਜੜ੍ਹਾਂ ਭਾਰਤ ’ਚ ਹਨ। ਐੱਨ.ਆਰ. ਆਈ. ’ਚ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੇ ਪਰਿਵਾਰ ਭਾਰਤ ’ਚ ਹੀ ਹਨ ਅਤੇ ਕੰਮ ਧੰਦੇ ਲਈ ਉਹ ਭਾਰਤ ਤੋਂ ਬਾਹਰ ਹਨ। ਇਹ ਮੋਟਾ ਜਿਹਾ ਫਾਰਮੂਲਾ ਹੈ। ਸਿਰਫ ਉਹ ਐੱਨ.ਆਰ. ਆਈ. ਹੀ ਵੋਟਰ ਬਣ ਸਕਦੇ ਹਨ, ਜਿਨ੍ਹਾਂ ਨੇ ਵਿਦੇਸ਼ੀ ਨਾਗਰਿਕਤਾ ਨਹੀਂ ਲਈ ਹੈ। ਪ੍ਰਵਾਸੀ ਭਾਰਤੀ ਦੇ ਪਾਸਪੋਰਟ ’ਤੇ ਉਨ੍ਹਾਂ ਦੇ ਘਰ ਦਾ ਜੋ ਪਤਾ ਲਿਖਿਆ ਹੈ, ਉਸ ਦੇ ਆਧਾਰ ’ਤੇ ਸਬੰਧਿਤ ਲੋਕ ਸਭਾ ਜਾਂ ਵਿਧਾਨ ਸਭਾ ਸੀਟ ਦੀ ਵੋਟਰ ਲਿਸਟ ’ਚ ਉਨ੍ਹਾਂ ਦਾ ਨਾਂ ਦਰਜ ਹੁੰਦਾ ਹੈ। ਵੋਟਰ ਲਿਸਟ ’ਚ ਨਾਂ ਦਰਜ ਕਰਵਾਉਣ ਤੋਂ ਬਾਅਦ ਪ੍ਰਵਾਸੀ ਭਾਰਤੀ ਜਿਸ ਚੋਣ ਖੇਤਰ ’ਚ ਵੋਟਰ ਦੇ ਰੂਪ ’ਚ ਰਜਿਸਟਰਡ ਹਨ, ਉਥੇ ਪੋਲਿੰਗ ਬੂਥ ’ਤੇ ਪਹੁੰਚ ਕੇ ਵੋਟ ਪਾ ਸਕਦੇ ਹਨ।

ਪ੍ਰਮੁੱਖ ਦੇਸ਼ਾਂ ’ਚ ਐੱਨ.ਆਰ. ਆਈ.

ਜਨ ਸੰਖਿਆ  (ਰਜਿਸਟਰਡ ਵੋਟਰ)
ਸਾਊਦੀ ਅਰਬ 17.89 ਲੱਖ
ਯੂ. ਏ. ਈ. 17.50 ਲੱਖ
ਬ੍ਰਿਟੇਨ 15.00 ਲੱਖ
ਅਮਰੀਕਾ 9.27 ਲੱਖ
ਓਮਾਨ 7.18 ਲੱਖ
ਕੁਵੈਤ 5.79 ਲੱਖ
ਕਤਰ 5.00 ਲੱਖ
ਬਹਿਰੀਨ 3.5 ਲੱਖ
ਸਿੰਗਾਪੁਰ  3.5 ਲੱਖ
ਆਸਟਰੇਲੀਆ 2.13 ਲੱਖ
ਕੈਨੇਡਾ 2.20 ਲੱਖ

ਕੁੱਲ ਰਜਿਸਟਰਡ ਐੱਨ.ਆਰ.ਆਈ. ਵੋਟਰ

ਦੇਸ਼ ’ਚ 71735
ਕੇਰਲ 66584
ਆਂਧਰਾ ਪ੍ਰਦੇਸ਼ 2511
ਤੇਲੰਗਾਨਾ 1127
ਪੁੱਡੂਚੇਰੀ 231
ਦਿੱਲੀ 393
ਪੰਜਾਬ 42
ਗੁਜਰਾਤ 14
ਹਿਮਾਚਲ 02

Related News