ਲੋਕ ਇਨਸਾਫ ਪਾਰਟੀ ਫੜ ਸਕਦੀ ਹੈ ਕਾਂਗਰਸ ਦਾ ‘ਹੱਥ’, CM ਚੰਨੀ ਦੀ ਲੁਧਿਆਣਾ ਫੇਰੀ ’ਤੇ ਹੋ ਸਕਦੈ ਰਸਮੀ ਐਲਾਨ

Tuesday, Oct 19, 2021 - 08:26 PM (IST)

ਲੋਕ ਇਨਸਾਫ ਪਾਰਟੀ ਫੜ ਸਕਦੀ ਹੈ ਕਾਂਗਰਸ ਦਾ ‘ਹੱਥ’, CM ਚੰਨੀ ਦੀ ਲੁਧਿਆਣਾ ਫੇਰੀ ’ਤੇ ਹੋ ਸਕਦੈ ਰਸਮੀ ਐਲਾਨ

ਲੁਧਿਆਣਾ (ਪੰਕਜ)-ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਪਾਰਟੀਆਂ ਜੋੜ-ਤੋੜ ਦੀ ਸਿਆਸਤ ਕਰਨ ’ਚ ਰੁੱਝ ਗਈਆਂ ਹਨ। ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸਿਆਸੀ ਪਾਰਟੀਆਂ ਵੱਲੋਂ ਹਮਖਿਆਲ ਪਾਰਟੀਆਂ ਨਾਲ ਸਮਝੌਤਾ ਕਰਨ ਸਬੰਧੀ ਸੂਬੇ ’ਚ ਚੱਲ ਰਹੀ ਹਵਾ ਵਿਚਾਲੇ ਦੋ ਵਿਧਾਇਕਾਂ ਵਾਲੀ ਲੋਕ ਇਨਸਾਫ ਪਾਰਟੀ ਦੇ ਕਾਂਗਰਸ ’ਚ ਮਿਲਣ ਦੀ ਚਰਚਾ ਨੇ ਸਿਆਸਤ ’ਚ ਗਰਮਾਹਟ ਹੋਰ ਵਧਾ ਦਿੱਤੀ ਹੈ। ਹਾਲਾਂਕਿ ਇਸ ਦੀ ਕੋਈ ਰਸਮੀ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ 27 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਹਿਲੀ ਲੁਧਿਆਣਾ ਫੇਰੀ ਦੌਰਾਨ ਲੋਕ ਇਨਸਾਫ ਪਾਰਟੀ ‘ਹੱਥ’ ਨਾਲ ਹੱਥ ਮਿਲਾ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ’ਚ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੇ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਦਾ ਸੁਫ਼ਨਾ ਦੇਖ ਰਹੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਹਾਲਾਤ ਪੇਚੀਦਾ ਬਣਾ ਦਿੱਤੇ ਹਨ।

ਇਹ ਵੀ ਪੜ੍ਹੋ : ਭਾਜਪਾ ਆਗੂਆਂ ਨਾਲ ਤਸਵੀਰ ਵਾਇਰਲ ਹੋਣ ਮਗਰੋਂ ਬਰਖ਼ਾਸਤ ਪੁਲਸ ਮੁਲਾਜ਼ਮ ਪਿੰਕੀ ਨੇ ਦਿੱਤੀ ਸਫ਼ਾਈ

ਸ਼੍ਰੋਮਣੀ ਅਕਾਲੀ ਦਲ ਜੋ ਦਹਾਕਿਆਂ ਪੁਰਾਣੀ ਆਪਣੀ ਭਾਈਵਾਲ ਸਿਆਸੀ ਪਾਰਟੀ ਭਾਜਪਾ ਦਾ ਸਾਥ ਛੱਡ ਕੇ ਬਸਪਾ ਨਾਲ ਚੋਣ ਸਮਝੌਤਾ ਪਹਿਲਾਂ ਹੀ ਕਰ ਚੁੱਕੀ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕਿਸਾਨ ਸੰਗਠਨ ਭਾਜਪਾ ਲੀਡਰਸ਼ਿਪ ਦਾ ਸ਼ਹਿਰਾਂ ਤੇ ਪਿੰਡਾਂ ’ਚ ਜੰਮ ਕੇ ਵਿਰੋਧ ਕਰ ਰਹੇ ਹਨ ਤੇ ਉਨ੍ਹਾਂ ਇਲਾਕਿਆਂ ’ਚ ਵੜਨ ਤਕ ਨਹੀਂ ਦੇ ਰਹੇ, ਅਜਿਹੇ ’ਚ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੂਬੇ ’ਚ ਸੱਤਾ ਦਾ ਸੁੱਖ ਭੋਗ ਰਹੀ ਕਾਂਗਰਸ ਪਾਰਟੀ, ਜਿਸ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਮੁੱਖ ਮੰਤਰੀ ਬਾਦਲ ਨਵੀਂ ਕਹਾਣੀ ਲਿਖਣ ਦਾ ਯਤਨ ਕੀਤਾ ਹੈ। ਦੁਬਾਰਾ ਸੱਤਾ ’ਚ ਆਉਣ ਲਈ ਸੂਬੇ ’ਚ ਹਰ ਉਸ ਸਿਆਸੀ ਪਾਰਟੀ ਨੂੰ ਰੁਝਾਉਣ ਦੇ ਯਤਨ ਕਰਦੀ ਨਜ਼ਰ ਆਉਂਦੀ ਹੈ, ਜਿਸ ਦਾ ਚੋਣਾਂ ’ਚ ਉਨ੍ਹਾਂ ਨੂੰ ਫਾਇਦਾ ਮਿਲ ਸਕਦਾ ਹੈ।

ਇਸ ਨੀਤੀ ਤਹਿਤ ਪੰਜਾਬ ਕਾਂਗਰਸ ਦੀਆਂ ਨਿਗਾਹਾਂ ਲੋਕ ਇਨਸਾਫ ਪਾਰਟੀ ’ਤੇ ਲੱਗੀਆਂ ਹੋਈਆਂ ਹਨ, ਜਿਸ ਦੇ ਸੂਤਰਧਾਰ ਬੈਂਸ ਭਰਾ ਖੁਦ ਵੀ ਸੂਬੇ ’ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਮੌਸਮ ’ਚ ਨਵੇਂ ਬਦਲ ਭਾਲ ਰਹੇ ਹਨ, ਦੋ ਵਿਧਾਇਕਾਂ ਵਾਲੀ ਲੋਕ ਇਨਸਾਫ ਪਾਰਟੀ ਦਾ ਚੋਣਾਂ ’ਚ ਰਿਕਾਰਡ ਦੇਖਿਆ ਜਾਵੇ ਤਾਂ ਲੁਧਿਆਣਾ ਦੀਆਂ ਕਈ ਸੀਟਾਂ ’ਤੇ ਉਹ ਵਧੀਆ ਪ੍ਰਭਾਵ ਪਾਉਣ ਦੀ ਸਥਿਤੀ ’ਚ ਹੈ। ਪਾਰਟੀ ਪ੍ਰਮੁੱਖ ਤੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਮੌਜੂਦਾ ਕਾਂਗਰਸ ਲੀਡਰਸ਼ਿਪ ਨਾਲ ਵਧੀਆ ਸਬੰਧ ਕਿਸੇ ਤੋਂ ਲੁਕੇ ਨਹੀਂ ਹਨ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਕਰੀਬੀ ਵਿਧਾਇਕ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਨਾਲ ਜਿਥੇ ਬੈਂਸ ਦੀ ਦੋਸਤੀ ਜਗ ਜ਼ਾਹਿਰ ਹੈ, ਉਥੇ ਹੀ ਪੰਜਾਬ ਦੀ ਕੈਬਨਿਟ ਦੇ ਦੂਸਰੇ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਤਾਂ ਵਿਰੋਧੀ ਨੇਤਾ ਪਹਿਲਾਂ ਹੀ ਸਮੇਂ-ਸਮੇਂ ’ਤੇ ਬੈਂਸ ਦੀ ਪਿੱਠ ਥਪਥਪਾਉਣ ਦੇ ਦੋਸ਼ ਜਨਤਕ ਤੌਰ ’ਤੇ ਲੱਗਦੇ ਨਜ਼ਰ ਆ ਰਹੇ ਹਨ।

ਅਜਿਹੀ ਹਾਲਤ ’ਚ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਣ ’ਚ ਥੋੜ੍ਹਾ ਸਮਾਂ ਹੀ ਬਚਿਆ ਹੈ, ਸੱਤਾਧਾਰੀ ਕਾਂਗਰਸ ਪਾਰਟੀ ਤੇ ਉਸ ਦੀ ਸਥਾਨਕ ਲੀਡਰਸ਼ਿਪ ਸੂਬੇ ’ਚ ਦੁਬਾਰਾ ਸੱਤਾ ਹਾਸਲ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਬੈਂਸ ਭਰਾਵਾਂ ਵਿਚਾਲੇ ਅੰਦਰਖਾਤੇ ਸਿਆਸੀ ਖਿਚੜੀ ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਆਤਮਨਗਰ ਤੇ ਦੱਖਣੀ ਵਿਧਾਨ ਸਭਾ ਹਲਕਾ, ਜਿਨ੍ਹਾਂ ’ਤੇ ਪਿਛਲੇ ਇਕ ਦਹਾਕੇ ਤੋਂ ਬੈਂਸ ਭਰਾਵਾਂ ਦਾ ਦਬਦਬਾ ਕਾਇਮ ਹੈ। ਜਲਦ ਹੀ ਕਾਂਗਰਸ ਦੇ ਨਾਲ ਹੱਥ ਮਿਲਾ ਸਕਦੇ ਹਨ, ਹਾਲਾਂਕਿ ਕਿਨ੍ਹਾਂ ਸ਼ਰਤਾਂ ਦੇ ਆਧਾਰ ’ਤੇ ਸਮਝੌਤਾ ਹੋਣ ਜਾ ਰਿਹਾ ਹੈ, ਅਜੇ ਇਸ ਨੂੰ ਲੈ ਕੇ ਕੁਝ ਵੀ ਸਪੱਸ਼ਟ ਨਹੀਂ ਹੈ ਪਰ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ 26 ਤੇ 27 ਅਕਤੂਬਰ ਨੂੰ ਹੋਣ ਜਾ ਰਹੇ ਨਿਵੇਸ਼ਕ ਸੰਮੇਲਨ ’ਚ ਦੂਸਰੇ ਦਿਨ ਮੁੱਖ ਮਹਿਮਾਨ ਦੇ ਤੌਰ ’ਤੇ ਪਹਿਲੀ ਵਾਰ ਲੁਧਿਆਣਾ ਪਹੁੰਚ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ’ਚ ਲੋਕ ਇਨਸਾਫ ਪਾਰਟੀ ਤੇ ਕਾਂਗਰਸ ’ਚ ਸਮਝੌਤੇ ਦਾ ਵਿਧੀਵਤ ਐਲਾਨ ਕੀਤਾ ਜਾਵੇਗਾ। ਹਾਲਾਂਕਿ ਇਸ ਮਾਮਲੇ ’ਤੇ ਕਾਂਗਰਸ ਤੇ ਲੋਕ ਇਨਸਾਫ ਪਾਰਟੀ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਨਾਲ ਚੁੱਪੀ ਧਾਰੀ ਬੈਠੀ ਹੈ ਪਰ ਸਿਆਸੀ ਗਲਿਆਰਿਆਂ ਦੇ ਨਾਲ-ਨਾਲ ਸਥਾਨਕ ਅਫਸਰਸ਼ਾਹੀ ’ਚ ਇਸ ਗੱਠਜੋੜ ਨੂੰ ਲੈ ਕੇ ਘੁਸਰ-ਮੁਸਰ ਸ਼ੁਰੂ ਹੋ ਚੁੱਕੀ ਹੈ। ਜਦੋਂ ਇਸ ਸਬੰਧੀ ਵਿਧਾਇਕ ਬੈਂਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


author

Manoj

Content Editor

Related News