'ਕੋਰੋਨਾ' ਦੀ ਮਾਰ ਦੇ ਨਾਲ ਹੁਣ 'ਟਿੱਡੀ ਦਲ' ਦੀ ਦਹਿਸ਼ਤ, ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ

Thursday, May 28, 2020 - 01:43 PM (IST)

ਕਪੂਰਥਲਾ (ਮਹਾਜਨ)— ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪਹਿਲਾਂ ਹੀ ਮੁਸ਼ਕਿਲ 'ਚ ਫਸੇ ਕਿਸਾਨਾਂ ਦੀਆਂ ਮੁਸ਼ਕਿਲਾਂ ਪਾਕਿਸਤਾਨ ਤੋਂ ਆ ਰਹੇ ਟਿੱਡੀਆਂ ਦੇ ਦਲ ਨੇ ਹੋਰ ਵਧਾ ਦਿੱਤੀਆਂ ਹਨ। ਦੇਸ਼ ਦੇ ਕਈ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਯੂ. ਪੀ. ਹਰਿਆਣਾ ਵਰਗੇ ਸੂਬਿਆਂ ਨੂੰ ਟਿੱਡੀਆਂ ਦੀ ਇਹ ਮਾਰ ਝੱਲਣੀ ਪਈ ਹੈ। ਹੁਣ ਪੰਜਾਬ ਵੱਲ ਟਿੱਡੀ ਦਲ ਦੇ ਆਉਣ ਦੀ ਅਸ਼ੰਕਾ ਨਾਲ ਪੰਜਾਬ ਦੇ ਕਿਸਾਨਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜੇਕਰ ਇਸ ਮੁਸੀਬਤ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਫਸਲਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੱਧਰ 'ਤੇ ਸਮੂਹ ਬਣਾ ਕੇ ਖੇਤਾਂ 'ਚ ਰਾਤ ਦੇ ਸਮੇਂ ਨਿਗਰਾਨੀ ਕਰਨ। ਸ਼ਾਮ 7 ਤੋਂ 9 ਵਜੇ ਵਿਚਕਾਰ ਟਿੱਡੀ ਦਲ ਰਾਤ ਨੂੰ ਆਰਾਮ ਕਰਨ ਲਈ ਕਿਤੇ ਵੀ ਬੈਠ ਸਕਦਾ ਹੈ।

ਕੀ ਕਰ ਰਹੇ ਹਨ ਕਿਸਾਨ
ਕਿਸਾਨ ਢੋਲ, ਥਾਲੀ, ਪਟਾਕੇ ਅਤੇ ਸਪਰੇਅ ਨਾਲ ਇਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਧੂੰਆਂ ਕਰਕੇ ਵੀ ਟਿੱਡੀ ਦਲ ਨੂੰ ਭਜਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਕਿਸਾਨ ਇਸ ਟਿੱਡੀ ਦਲ ਨੂੰ ਭਜਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਟਿੱਡੀ ਦਲ 'ਚ ਕਰੋੜਾਂ ਦੀ ਗਿਣਤੀ 'ਚ ਲਗਭਗ ਦੋ ਢਾਈ ਇੰਚ ਲੰਬੇ ਕੀਟ ਹੁੰਦੇ ਹਨ। ਕਿਸਾਨ ਦੇ ਖੇਤ ਕੁਝ ਹੀ ਘੰਟਿਆਂ 'ਚ ਇਹ ਦਲ ਸਾਫ ਕਰ ਦਿੰਦਾ ਹੈ।

PunjabKesari

ਇਹ ਹਨ ਫਸਲਾਂ ਨੂੰ ਬਚਾਉਣ ਦੇ ਤਰੀਕੇ
40 ਮਿਲੀ ਲੀਟਰ ਨਿੰਮ ਦੇ ਤੇਲ ਨੂੰ 10 ਗ੍ਰਾਮ ਕਪੜੇ ਧੋਣ ਵਾਲੇ ਪਾਉਡਰ ਦੇ ਨਾਲ 10 ਕਿੱਲੋ ਪਾਣੀ 'ਚ ਘੋਲ ਕੇ ਛਿੜਕਾਉਣ ਨਾਲ ਟਿੱਡੀ ਫਸਲ ਨੂੰ ਨਹੀ ਖਾਂਦੀ।
ਟਿੱਡੀ ਦਲ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਖੇਤ 'ਚ 100 ਝੋਨੇ ਦੀ ਭੂਸੀ ਨੂੰ ਅੱਧਾ ਕਿੱਲੋ ਫੇਨੀਟ੍ਰੋਥੀਯੋਨ ਤੇ ਪੰਜ ਕਿੱਲੋ ਗੁੜ ਦੇ ਨਾਲ ਮਿਲਾ ਕੇ ਖੇਤ 'ਚ ਮਿਲਾ ਦਿਓ। ਇਸ ਜਹਿਰ ਨਾਲ ਟਿੱਡੀ ਮਰ ਜਾਂਦੀ ਹੈ।
ਕਲੋਰੋਪਾਇਰੀਫਾਸ 20 ਫੀਸਦੀ ਈ. ਸੀ. 1200 ਐੱਮ. ਐੱਲ. ਜਾਂ ਡੈਲਟਾਮੇਥ੍ਰੀਨ 2.8 ਫੀਸਦੀ ਈ. ਸੀ., 625 ਐੱਮ. ਐੱਲ ਜਾਂ ਮੈਲਾਥਿਆਨ 50 ਫੀਸਦੀ ਈ. ਸੀ. 1850 ਐੱਮ. ਐੱਲ ਪ੍ਰਤੀ ਹੈਕਟੇਅਰ ਦੀ ਦਰ ਨਾਲ ਛਿੜਕਾਅ ਕਰੋ। ਟਿੱਡੀ ਦਲ ਹਮੇਸ਼ਾ ਬੁਤਾਈ ਮਿੱਟੀ 'ਚ ਅੰਡੇ ਦਿੰਦਾ ਹੈ। ਅਜਿਹੇ 'ਚ ਕਿਸਾਨ ਖੇਤਾਂ ਨੂੰ ਵਾਹ ਕੇ ਪਾਣੀ ਭਰ ਦੇਵੇ ਜਿਸ ਨਾਲ ਟਿੱਡੀ ਦੇ ਅੰਡੇ ਨਸ਼ਟ ਹੋ ਜਾਣਗੇ।

'ਜੇ ਟਿੱਡੀ ਦਲ ਦਾ ਹਮਲਾ ਹੁੰਦੈ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਹੋ ਜਾਵੇਗੀ ਬਦਤਰ'
ਕਿਸਾਨ ਜਸਬੀਰ ਸਿੰਘ ਲਿਟਾਂ, ਦਲਬੀਰ ਸਿੰਘ ਨਾਨਕਪੁਰ, ਮਹਿੰਦਰ ਸਿੰਘ, ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਟਿੱਡੀ ਦਲ ਕਿਸਾਨਾਂ ਦੀਆਂ ਫਸਲਾਂ ਲਈ ਬਹੁਤ ਨੁਕਸਨਦਾਇਕ ਹੈ। ਕਿਸਾਨਾਂ ਪਹਿਲਾ ਹੀ ਕੋਰੋਨਾ ਮਹਾਮਾਰੀ ਕਾਰਨ ਮੁਸ਼ਕਿਲਾਂ ਦੇ ਦੌਰ 'ਚ ਲੰਘ ਰਿਹਾ ਹੈ ਅਤੇ ਜੇਕਰ ਅਜਿਹੇ ਹਾਲਾਤਾਂ 'ਚ ਕਿਸਾਨਾਂ ਦੇ ਖੇਤਾਂ 'ਤੇ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਬਦਤਰ ਹੋ ਜਾਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਟਿੱਡੀ ਦਲ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਨੂੰ ਯੋਗ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਭਰਾਵਾਂ ਨੂੰ ਕਿਹਾ ਕਿ ਟਿੱਡੀ ਦਲ ਦੇ ਹਮਲੇ ਤੋਂ ਬਚਣ ਲਈ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੋ।


shivani attri

Content Editor

Related News