''ਟਿੱਡੀ ਦਲ'' ਦੇ ਹਮਲੇ ਨੂੰ ਲੈ ਕੇ ਹੁਸ਼ਿਆਰਪੁਰ ਖੇਤੀਬਾੜੀ ਮਹਿਕਮੇ ਨੇ ਕੀਤੀ ਪੂਰੀ ਤਿਆਰੀ

05/28/2020 6:19:41 PM

ਹੁਸ਼ਿਆਰਪੁਰ (ਮਿਸ਼ਰਾ)— ਪੰਜਾਬ ਦੇਸ਼ ਦਾ ਅੰਨ ਭੰਡਾਰ ਹੈ। ਅਜਿਹੇ 'ਚ ਇਥੇ ਕਿਸੇ ਵੀ ਤਰ੍ਹਾਂ ਦਾ ਫਸਲੀ ਹਮਲਾ ਹੁੰਦਾ ਹੈ ਤਾਂ ਉਸ ਦਾ ਅਸਰ ਪੂਰੇ ਦੇਸ਼ 'ਤੇ ਪੈਂਦਾ ਹੈ। ਇਸ ਲਈ ਕੇਂਦਰੀ ਖਾਧ ਅਤੇ ਖੇਤੀਬਾੜੀ ਮੰਤਰਾਲਾ ਵੱਲੋਂ ਪੰਜਾਬ 'ਤੇ ਸੰਭਾਵਤ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਰਸਤੇ ਰਾਜਸਥਾਨ ਅਤੇ ਹਰਿਆਣਾ ਦੇ ਸਰਹਦੀ ਜ਼ਿਲ੍ਹੇ 'ਚ ਇਸ ਦਾ ਅਸਰ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਉਥੇ ਹੀ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਹੁਸ਼ਿਆਰਪੁਰ ਵੀ ਪੂਰੀ ਤਰ੍ਹਾਂ ਚੌਕਸੀ 'ਤੇ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਫਿਲਹਾਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਟਿੱਡੀ ਦਲ ਦੇ ਹਮਲੇ ਦੀ ਕੋਈ ਸੂਚਨਾ ਨਹੀਂ ਹੈ ਪਰ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਜੇਕਰ ਹਮਲਾ ਹੁੰਦਾ ਹੈ ਤਾਂ ਇਸ ਨਾਲ ਨਜਿੱਠਣ ਲਈ ਪੂਰੀ ਯੋਜਨਾ ਤਿਆਰ ਕੀਤੀ ਗਈ ਹੈ।

PunjabKesari

ਕਿੱਥੋਂ ਆਉਂਦਾ ਹੈ ਟਿੱਡੀ ਦਲ
ਮੌਸਮ 'ਚ ਨਮੀ ਦੀ ਮਾਤਰਾ ਨਾ ਹੋਣ ਅਤੇ ਹਵਾ ਦਾ ਰੁਖ ਪੱਛਮੀ ਤੋਂ ਪੂਰਬ ਵੱਲ ਹੋਣ ਕਾਰਨ ਪਾਕਿਸਤਾਨ ਵੱਲੋਂ ਵੱਡੀ ਗਿਣਤੀ 'ਚ ਟਿੱਡੀ ਦਲ ਭਾਰਤ 'ਚ ਪ੍ਰਵੇਸ਼ ਕਰਕੇ ਪੰਜਾਬ 'ਚ ਫਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਖਾਸ ਕਰਕੇ ਗੁਲਾਬੀ ਰੰਗ ਦੀਆਂ ਟਿੱਡੀਆਂ ਗਦਾ ਕੰਮ ਸਿਰਫ ਖਾਣਾ ਹੁੰਦਾ ਹੈ। ਤਿੰਨ ਦਲਾਂ 'ਚ ਵੰਡੀਆਂ ਟਿੱਡੀਆਂ ਹੁਣ ਤੱਕ ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਹਮਲਾ ਕਰ ਚੁੱਕੀਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀ ਇਸ ਨਾਲ ਨਜਿੱਠਣ ਲਈ ਅਲਰਟ ਜਾਰੀ ਕਰ ਦਿੱਤਾ ਹੈ।

PunjabKesari

ਰਾਤ ਨੂੰ ਕਰਦੈ ਹਮਲਾ, ਸਵੇਰੇ ਹਵਾ ਦੀ ਦਿਸ਼ਾ 'ਚ ਫਿਰ ਭਰਦਾ ਹੈ ਉਡਾਣ
ਖੇਤੀਬਾੜੀ ਮਾਹਿਰਾਂ ਮੁਤਾਬਕ 25 ਕਿਲੋਮੀਟਰ ਪ੍ਰਤੀਘੰਟਾ ਦੀ ਰਫਤਾਰ ਨਾਲ ਹਵਾ ਦੀ ਦਿਸ਼ਾ 'ਚ ਉਡਣ ਵਾਲਾ ਟਿੱਡੀਆਂ ਦਾ ਦਲ ਰਾਤ ਨੂੰ ਹਮਲਾ ਕਰਦਾ ਹੈ। ਇਕ ਟਿੱਡੀ ਦਲ 8 ਤੋਂ 10 ਘੰਟਿਆਂ 'ਚ ਕਰੀਬ 100 ਕਿਲੋਮੀਟਰ ਦਾ ਸਫਰ ਤੈਅ ਕਰਦਾ ਹੈ। ਇਕ ਵਾਰ ਭੋਜਣ ਤੋਂ ਬਾਅਦ ਜਦੋਂ 100 ਕਿਲੋਮੀਟਰ ਉਡਦਾ ਹੈ ਤਾਂ ਫਿਰ ਭੁੱਖ ਲੱਗਦੇ ਹੀ ਉਥੋਂ ਦੇ ਖੇਤਰ 'ਚ ਪੈਣ ਵਾਲੀ ਫਸਲ ਨੂੰ ਖਾ ਜਾਂਦਾ ਹੈ। ਦੱਸਿਆ ਗਿਆ ਹੈ ਕਿ ਟਿੱਡੀ ਦਲ ਰਾਤ ਨੂੰ ਦਰੱਖਤ ਅਤੇ ਫਸਲਾਂ 'ਤੇ ਹੀ ਬੈਠਦਾ ਹੈ ਅਤੇ ਫਿਰ ਸੂਰਜ ਦੀ ਪਹਿਲੀ ਕਿਰਨ ਨਿਕਲਦੇ ਹੀ ਉਡਾਣ ਭਰਦਾ ਹੈ। ਟਿੱਡੀਆਂ ਦੀ ਉਮਰ ਵੱਖ-ਵੱਖ ਪ੍ਰਜਾਤੀਆਂ ਦੇ ਹਿਸਾਬ ਨਾਲ ਹੁੰਦੀ ਹੈ।

PunjabKesari

ਪੰਜਾਬ 'ਚ ਅਜੇ ਦਾਖਲ ਨਹੀਂ ਹੋਇਆ ਹੈ ਟਿੱਡੀ ਦਲ
ਪੰਜਾਬ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੰਜਾਬ 'ਚ ਅਜੇ ਟਿੱਡੀ ਦਲ ਦਾਖਲ ਨਹੀਂ ਹੋਇਆ ਹੈ ਅਤੇ ਜੇਕਰ ਇਹ ਟਿੱਡੀ ਦਲ ਪੰਜਾਬ 'ਤੇ ਹਮਲਾ ਕਰਦਾ ਹੈ ਤਾਂ ਇਸ ਦੇ ਮੁਕਾਬਲੇ ਉਨ੍ਹਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਦੌਰਾਨ ਖੇਤੀਬਾੜੀ ਦੇ ਡਾਇਰੈਕਟਰ ਸਵਤੰਤਰ ਕੁਮਾਰ ਨੇ ਦੱਸਿਆ ਕਿ ਮਹਿਕਮੇ ਨੇ ਟਿੱਡੀ ਦਲ ਦੇ ਮੁਕਾਬਲੇ ਲਈ 1 ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਹਨ। ਫਰਵਰੀ 'ਚ ਟਿੱਡੀ ਦਲ ਦਾ ਪੰਜਾਬ ਦੇ ਸਰਹੱਦੀ ਜ਼ਿਲਿਆਂ 'ਚ ਹਮਲਾ ਹੋਇਆ ਸੀ ਪਰ ਉਸ ਸਮੇਂ ਮਹਿਕਮੇ ਨੇ ਸਫਲਤਾ ਨਾਲ ਇਸ ਦਾ ਮੁਕਾਬਲਾ ਕਰ ਲਿਆ ਸੀ ਅਤੇ ਕੋਈ ਨੁਕਸਾਨ ਨਹੀਂ ਹੋਇਆ ਸੀ।

PunjabKesari

ਟਿੱਡੀ ਦਲ ਨਾਲ ਨਜਿੱਠਣ ਲਈ 1000 ਲੀਟਰ ਸਪਰੇਅ ਦਾ ਕਰ ਦਿੱਤਾ ਹੈ ਆਰਡਰ
ਇਸ ਸਬੰਧੀ ਜਦੋਂ ਮੁੱਖ ਖੇਤੀਬਾੜੀ ਅਧਿਕਾਰੀ ਡਾ. ਵਿਨੇ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮਤੌਰ 'ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਟਿੱਡੀ ਦਲ ਦਾ ਕੋਈ ਖਤਰਾ ਨਹੀਂ ਹੈ ਪਰ ਅਸੀਂ ਇਸ ਖਤਰੇ ਨਾਲ ਨਜਿੱਠਣ ਲਈ ਮਾਰਫੈੱਡ ਤੋਂ 1000 ਲੀਟਰ ਕਲੋਰੋਪੈਰੀਫਾਸ਼ ਸਪਰੇਅ ਦਾ ਆਰਡਰ ਦੇ ਦਿੱਤਾ ਹੈ। ਟਿੱਡੀ ਦਲ ਦੇ ਹਮਲੇ ਨਾਲ ਇਸ ਸਮੇਂ ਪੰਜਾਬ 'ਚ ਚਾਰੇ ਦੀ ਫਸਲ, ਮੱਕੀ, ਸਬਜ਼ੀ, ਮੁੰਗ, ਕਪਾਹ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਟਿੱਡੀ ਦੇ ਹਮਲੇ ਨੂੰ ਦੇਖਦੇ ਹੋਏ ਬਲਾਕ ਪੱਧਰ 'ਤੇ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ 'ਚ ਖੇਤੀਬਾੜੀ, ਬਾਗਬਾਨੀ, ਭੂਮੀ ਸੁਰੱਖਿਆ ਮਹਿਕਮੇ ਦੀ ਟੀਮ ਦੇ ਨਾਲ ਕਿਸਾਨਾਂ ਨੂੰ ਜੋੜਿਆ ਜਾ ਰਿਹਾ ਹੈ। ਇਸ ਦੇ ਇਲਾਵਾ ਕਿਸਾਨਾਂ ਨੂੰ ਇਸ ਹਮਲੇ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ ਗਿਆ ਹੈ ਜਦਕਿ ਵੱਖ-ਵੱਖ ਮਹਿਕਮਿਆਂ 'ਚ ਤਾਲਮੇਲ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਦੂਜੇ ਮਹਿਕਮਿਆਂ ਦੇ ਨਾਲ-ਨਾਲ ਅੱਗ ਬੁਝਾਊ ਦੀਆਂ ਸੇਵਾਵਾਂ ਦੀ ਵੀ ਤਿਆਰੀ ਕੀਤੀ ਗਈ ਹੈ। ਇਸ ਸਬੰਧ 'ਚ ਜਲਦੀ ਹੀ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕਰਕੇ ਜ਼ਿਲ੍ਹੇ 'ਚ ਮੁਹਿੰਮ ਚਲਾਈ ਜਾਵੇਗੀ।


shivani attri

Content Editor

Related News