ਟਿੱਡੀ ਦਲ ਹਮਲਾ: PAU ਉਪ ਕੁਲਪਤੀ ਦੀ ਪਾਕਿਸਤਾਨ ਦੀ ਖੇਤੀਬਾੜੀ ਯੂਨੀਵਰਸਿਟੀ ਨੂੰ ਚਿੱਠੀ

Friday, May 08, 2020 - 10:16 AM (IST)

ਟਿੱਡੀ ਦਲ ਹਮਲਾ: PAU ਉਪ ਕੁਲਪਤੀ ਦੀ ਪਾਕਿਸਤਾਨ ਦੀ ਖੇਤੀਬਾੜੀ ਯੂਨੀਵਰਸਿਟੀ ਨੂੰ ਚਿੱਠੀ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਟਿੱਡੀ ਦਲ, ਘਾਹ ਦੇ ਟਿੱਡਿਆਂ ਦੀਆਂ ਉਹ ਪ੍ਰਜਾਤੀਆਂ ਹਨ, ਜਿਨ੍ਹਾਂ ਨੇ ਕੁਦਰਤੀ ਵਿਕਾਸ ਦੌਰਾਨ ਆਪਣੇ ਜੀਵਨ ਚੱਕਰ ਵਿਚ ਕੁਝ ਖਾਸ ਹਾਲਤਾਂ ਵਿਚ ਝੁੰਡ/ਦਲ ਦੇ ਰੂਪ ਵਿਚ ਉੱਡ ਕੇ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਜਾ ਕੇ ਬਨਸਪਤੀ ਨੂੰ ਖਾਣਾ ਸ਼ੁਰੂ ਕਰ ਦਿੱਤਾ। ਭਾਰਤ ਵਿਚ ਇਸ ਟਿੱਡੀ ਦਲ ਦੀਆਂ ਪਾਈਆਂ ਜਾਣ ਵਾਲੀਆਂ ਚਾਰ ਪ੍ਰਜਾਤੀਆਂ ਵਿਚੋਂ ਮਾਰੂਥਲੀ ਟਿੱਡੀ ਦਲ, ਜਿਸ ਦਾ ਕੁਝ ਹਮਲਾ ਹੁਣ ਪੰਜਾਬ, ਰਾਜਸਥਾਨ ਅਤੇ ਪਾਕਿ ਸਰਹੱਦ ਨਾਲ ਲਗਦੇ ਜ਼ਿਲਿਆਂ ਵਿਚ ਦੇਖਣ ਵਿਚ ਆਇਆ ਹੈ। ਟਿੱਡੀ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲੀ ਪ੍ਰਜਾਤੀ ਹੈ। ਟਿੱਡੀ ਦਲ ਦੇ ਬਾਲਗਾਂ ਦੇ ਝੁੰਡ ਹਵਾ ਵਿਚ ਸਵਾਰਮ ਕਰਨ ਅਤੇ ਨਾਬਾਲਗ ਪੱਟੀਨੁਮਾ ਝੁੰਡਾਂ ਵਿਚ ਜ਼ਮੀਨ ’ਤੇ ਚੱਲਣ ਵਿਚ ਸਮਰੱਥ ਹੁੰਦੇ ਹਨ। ਇਹ ਕੁਦਰਤੀ ਬਨਸਪਤੀ/ਹਰਿਆਵਲ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਕਰਦੇ ਹਨ। ਇਸ ਸੰਬੰਧ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕੀਟ ਵਿਗਿਆਨ ਵਿਭਾਗ ਦੇ ਕਮਲਜੀਤ ਸਿੰਘ ਸੂਰੀ, ਪੀ. ਕੇ. ਅਰੋੜਾ ਅਤੇ ਓਰਵੀ ਸ਼ਰਮਾ ਨੇ ਵਿਸਥਾਰ ਵਿਚ ਜਾਣਕਾਰੀ ਦਿੱਤੀ।

ਟਿੱਡੀ ਦਲ ਆਪਣੇ ਜੀਵਨ ਚੱਕਰ ਵਿਚ 3 ਹਾਲਾਤਾਂ ਵਿਚੋਂ ਗੁਜ਼ਰਦਾ ਹੈ: ਆਂਡਾ, ਨਾਬਾਲਗ ਅਤੇ ਬਾਲਗ ਅਵਸਥਾ। ਮਾਦਾ ਸਿੱਲ੍ਹੀ ਰੇਤਲੀ ਜ਼ਮੀਨ ਵਿਚ 7 ਤੋਂ 10 ਦਿਨ ਦੇ ਵਕਫੇ ਤੇ ਫਲੀਨੁਮਾ ਕੋਸ਼ ਵਿਚ ਆਂਡੇ ਦਿੰਦੀ ਹੈ। ਝੁੰਡਾਂ ਵਿਚ ਹਰੇਕ ਮਾਦਾ ਆਮ ਤੌਰ ’ਤੇ 2 ਤੋਂ 3 ਆਂਡਿਆਂ ਦੇ ਕੋਸ਼ ਦਿੰਦੀ ਹੈ ਅਤੇ ਹਰੇਕ ਕੋਸ਼ ਵਿਚ 60 ਤੋਂ 80 ਆਂਡੇ ਹੁੰਦੇ ਹਨ। ਆਂਡਿਆਂ ਦੇ ਸਹੀ ਵਿਕਾਸ ਲਈ 32 ਤੋਂ 35 ਸੈਂਟੀਗਰੇਡ ਤਾਪਮਾਨ ਅਨੁਕੂਲ ਹੁੰਦਾ ਹੈ। ਇਸ ਤਾਪਮਾਨ ਤੇ ਆਂਡਿਆਂ ਤੋਂ ਨਾਬਾਲਗ ਨਿਕਲਣ ਵਿਚ 10 ਤੋਂ 12 ਦਿਨ ਲੱਗਦੇ ਹਨ। ਨਾਬਾਲਗ ਆਂਡਿਆਂ ਤੋਂ ਨਿਕਲਣ ਤੋਂ ਬਾਅਦ ਝੁੰਡਾਂ ਵਿਚ ਰਹਿੰਦੇ ਹਨ ਅਤੇ ਲਗਭਗ 3 ਹਫਤਿਆਂ ਵਿਚ 5  ਵਾਰ ਆਪਣੀ ਕੁੰਜ ਉਤਾਰਣ ਤੋਂ ਬਾਅਦ ਬਾਲਗ ਅਵਸਥਾ ਵਿਚ ਪਹੁੰਚ ਜਾਂਦੇ ਹਨ। ਨਵੇਂ ਬਣੇ ਬਾਲਗ ਉੱਚ ਤਾਪਮਾਨ ਅਤੇ ਨਮੀ ਦੀਆਂ ਹਾਲਤਾਂ ਵਿੱਚ 3 ਹਫਤਿਆਂ ਵਿਚ, ਅਤੇ ਠੰਡੀਆਂ ਅਤੇ ਖੁਸ਼ਕ ਹਾਲਤਾਂ ਵਿਚ 8 ਮਹੀਨਿਆਂ ਤੱਕ ਜਿਨਸੀ ਤੌਰ ’ਤੇ ਪਰਿਪੱਕ ਹੋ ਜਾਂਦੇ ਹਨ। ਨਰ ਅਤੇ ਮਾਦਾ ਮਾਰੂਥਲੀ ਟਿੱਡੇ ਦੇ ਸਰੀਰ ਦੀ ਲੰਬਾਈ ਕ੍ਰਮਵਾਰ 35 ਤੋਂ 5੦ ਮਿਲੀਮੀਟਰ ਅਤੇ 45 ਤੋਂ 55 ਮਿਲੀਮੀਟਰ ਹੁੰਦੀ ਹੈ। ਇਸ ਦੇ ਖੰਭ ਰੰਗਹੀਨ ਅਤੇ ਪੇਟ ਤੋਂ ਕਾਫੀ ਵੱਡੇ ਹੁੰਦਾ ਹਨ। ਜਬਾੜੇ ਗੂੜੇ ਜਾਮਣੀ ਤੋਂ ਕਾਲੇ ਰੰਗ ਦੇ ਹੁੰਦੇ ਹਨ। ਨਾਬਾਲਗ ਹਾਪਰ ਦੀ ਪਛਾਣ ਇਸ ਦੇ ਹਰੇ ਤੋਂ ਸਲੇਟੀ ਰੰਗ ਅਤੇ ਸਵਾਰਮ ਕਰਨ ਵਾਲੇ ਨਵੇਂ ਬਣੇ ਬਾਲਗ ਗੁਲਾਬੀ ਰੰਗ ਦੇ ਹੁੰਦੇ ਹਨ। ਸੰਭੋਗ ਉਪਰੰਤ 2 ਦਿਨਾਂ ਦੇ ਅੰਦਰ ਮਾਦਾ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ।

ਪੜ੍ਹੋ ਇਹ ਵੀ ਖਬਰ - ਜਾਣੋ ਖੂਨਦਾਨ ਅਤੇ ਪਲਾਜ਼ਮਾ ਦਾਨ ਵਿਚ ਆਖਰ ਕੀ ਹੈ ਅੰਤਰ (ਵੀਡੀਓ)

ਪੜ੍ਹੋ ਇਹ ਵੀ ਖਬਰ - ਵਿਸ਼ਵ ਭਰ ''ਚ 90 ਹਜ਼ਾਰ ਤੋਂ ਵਧੇਰੇ ਸਿਹਤ ਸੰਭਾਲ ਕਰਮਚਾਰੀ ਕੋਰੋਨਾ ਤੋਂ ਹੋਏ ਪ੍ਰਭਾਵਿਤ (ਵੀਡੀਓ)

ਪੜ੍ਹੋ ਇਹ ਵੀ ਖਬਰ - ਰੋਜ਼ਾਨਾ 4000 ਲੋੜਵੰਦਾਂ ਦਾ ਲੰਗਰ ਮਿਲਕੇ ਤਿਆਰ ਕਰ ਰਹੇ ਹਨ ‘ਯੂਨਾਈਟਡ ਸਿੱਖ ਮਿਸ਼ਨ’

ਸਾਲ 2020 ਦੇ ਸ਼ੁਰੂ ਹੋਣ ਤੋਂ ਹੀ, ਟਿੱਡੀ ਦਲ ਬਹੁਤ ਸਾਰੇ ਮੁਲਕਾਂ ਵਿਚ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਕਿਸਾਨ ਇਨ੍ਹਾਂ ਮੁਲਕਾਂ ਚ' ਪਿਛਲੇ ਤਿੰਨ ਦਹਾਕਿਆਂ ਦਾ ਸਭ ਤੋਂ ਵਧ ਟਿੱਡੀਆਂ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਕੁੱਝ ਕੁ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ, ਏਸ਼ੀਆ ਅਤੇ ਮੱਧ ਪੂਰਬ ਦੇਸ਼ਾਂ 'ਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਕਾਰਨ ਕੋਈ ਦੋ ਕਰੋੜ ਲੋਕਾਂ ਦੇ ਅਨਾਜ ਅਤੇ ਰੋਜ਼ੀ ਰੋਟੀ ਦੀ ਚੁਣੌਤੀ ਪੈਦਾ ਹੋ ਗਈ ਹੈ। ਹਾਂਲਾਂਕਿ ਟਿੱਡੀਆਂ ਦਾ ਬਰਸਾਤ ਦੇ ਮੌਸਮ ਤੋਂ ਬਾਅਦ ਵਿਚ ਆਉਣਾ ਇਕ ਸਾਲਾਨਾ ਵਰਤਾਰਾ ਹੈ। ਪਰ ਇਸ ਸਾਲ ਸਰਦੀਆਂ ਦੇ ਮੌਸਮ ਵਿਚ ਟਿੱਡੀ ਦਲ ਦੇ ਹਾਪਰਾਂ ਦਾ ਆਉਣਾ ਇਕ ਨਵਾਂ ਵਰਤਾਰਾ ਹੈ ਅਤੇ ਇਹ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੁੜਿਆ ਹੋ ਸਕਦਾ ਹੈ। ਟਿੱਡੀਆਂ ਦੇ ਪ੍ਰਕੋਪ ਨੂੰ 2018 ਦੇ ਚੱਕਰਵਾਤ ਅਤੇ 2019 ਦੇ ਅੰਤ ਵਿੱਚ ਏਰੀਟਰੀਆ (ਅਫਰੀਕਾ), ਇਥੋਪੀਆ, ਈਰਾਨ, ਪਾਕਿਸਤਾਨ, ਸਾਉਦੀ ਅਰਬ ਅਤੇ ਯਮਨ ਵਿਚ ਗਰਮ ਮੌਸਮ ਅਤੇ ਤੇਜ਼ ਬਾਰਸ਼ਾਂ ਨਾਲ ਵੀ ਜੋੜਿਆ ਜਾ ਸਕਦਾ ਹੈ।

PunjabKesari

ਗਲੋਬਲ ਸਥਿਤੀ: ਵਿਸ਼ਵ ਪੱਧਰ ਤੇ ਟਿੱਡੀ ਦਲ ਦੀਆਂ ਪਰੋਕੋਪੀ ਗਤੀਵਿਧੀਆਂ ਤਿੰਨ ਸਥਾਨਾਂ ਤੇ ਪਾਈਆਂ ਜਾਂਦੀਆਂ ਹਨ - ਹੋਰਨ ਆਫ ਅਫਰੀਕਾ (ਈਥੋਪੀਆ, ਸੋਮਾਲੀਆ, ਕੀਨੀਆ, ਯੁਗਾਂਡਾ ਅਤੇ ਦੱਖਣੀ ਸੁਡਾਨ), ਰੈਡ ਸੀ (ਲਾਲ ਸਾਗਰ) ਦੇ ਦੋਵੇਂ ਪਾਸੇ (ਸੁਡਾਨ, ਮਿਸਰ ਦੀ ਸਰਹੱਦ, ਯਮਨ ਅਤੇ ਦੱਖਣ-ਪੱਛਮੀ ਸਾਉਦੀ ਅਰਬ) ਅਤੇ ਦੱਖਣ-ਪੱਛਮੀ ਏਸ਼ੀਆ। ਦੱਖਣੀ ਇਰਾਨ ਵਿਚ ਭਾਰੀ ਬਾਰਿਸ਼ ਅਤੇ ਪੱਛਮੀ ਖੇਤਰ ਵਿਚ ਮੌਜੂਦਾ ਖੁਸ਼ਕ ਹਾਲਾਤ ਟਿੱਡੀ ਦਲ ਦੇ ਵਾਧੇ ਵਾਸਤੇ ਬਹੁਤ ਅਨੁਕੂਲ ਹਨ। ਮੌਜੂਦਾ ਸਾਲ ਦੇ ਸ਼ੁਰੂਆਤੀ ਹਫਤਿਆਂ ਦੌਰਾਨ ਇਥੋਪੀਆ ਅਤੇ ਸੋਮਾਲੀਆ ਵਿਚ ਟਿੱਡੀ ਦਲ ਦੇ ਵੱਡੇ ਝੁੰਡਾਂ ਨੂੰ ਵੇਖਿਆ ਗਿਆ ਅਤੇ ਇਹ ਟਿੱਡੀ ਦਲ ਉੱਥੋਂ ਕੀਨੀਆ, ਯੁਗਾਂਡਾ ਅਤੇ ਸੁਡਾਨ ਵੱਲ ਨੂੰ ਵਧੇ। ਇਸ ਤੋਂ ਇਲਾਵਾ ਇਹ ਟਿੱਡੀ ਦਲ ਯਮਨ, ਸਾਉਦੀ ਅਰਬ, ਇਰਾਨ, ਪਾਕਿਸਤਾਨ ਅਤੇ ਭਾਰਤ ਦੇ ਇਲਾਕਿਆਂ ਵਿਚ ਫੈਲ ਗਏ। ਦੱਖਣ-ਪੱਛਮੀ ਪਾਕਿ ਦੇ ਬਲੋਚਿਸਤਾਨ ਦੇ ਕੁੱਝ ਹਿੱਸਿਆਂ ਵਿਚ ਹਲਕੇ ਮੀਂਹ ਅਤੇ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿਚ ਘੱਟ ਤਾਪਮਾਨ ਇਸਦੇ ਸੰਭਾਵੀ ਹਮਲੇ ਵਿੱਚ ਸਹਾਈ ਹੋਏ ।

ਭਾਰਤ ਵਿੱਚ ਸਥਿਤੀ: ਭਾਰਤ ਵਿਚ ਟਿੱਡੀ ਦਲ ਦੀ ਪਲੇਗ ਸਾਲ 1962-63 ਤੱਕ ਹੀ ਵੇਖੀ ਗਈ ਹੈ ਜਦ ਕਿ ਆਖਰੀ ਵਾਰ ਇਸ ਦੇ ਪੂਰਣ ਸਵਾਰਮ 1978 ਅਤੇ 1993 ਅਤੇ ਛੋਟੇ ਸਵਾਰਮ 2010 ਵਿੱਚ ਵੇਖਣ ਵਿਚ ਆਏ ਹਨ। ਟਿੱਡੀ ਦਲ ਚੇਤਾਵਨੀ ਸੰਗਠਨ (ਐੱਲ. ਡਬਲਯੂ. ਓ.) ਭਾਰਤ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਨਿਰਧਾਰਤ ਰੇਗਿਸਤਾਨ ਖੇਤਰ ਵਿਚ ਇਸ ਦਾ ਨਿਯਮਿਤ ਸਰਵੇਖਣ ਕਰਦਾ ਹੈ ਤਾਂ ਜੋ ਟਿੱਡੀ ਦਲ ਦੀ ਮੌਜੂਦਗੀ ਦੀ ਨਿਗਰਾਨੀ ਕੀਤੀ ਜਾ ਸਕੇ। ਜੇ ਟਿੱਡੀਆਂ ਦੀ ਗਿਣਤੀ 10,000 ਬਾਲਗ ਟਿੱਡੀਆਂ ਪ੍ਰਤੀ ਹੈਕਟੇਅਰ ਜਾਂ 5 ਤੋਂ 6 ਟਿੱਡੀਆਂ ਪ੍ਰਤੀ ਝਾੜੀ (ਇਕਨਾਮਿਕ ਥਰੈਸ਼ਹੋਲਡ ਲੈਵਲ) ਹੋਵੇ ਤਾਂ ਇਸ ਨੂੰ ਨਿਯੰਤਰਣ ਦੀ ਲੋੜ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਕਣਕ ਦੇ ਪਰਾਲ ਨੂੰ ਅੱਗ ਲਗਾਉਣ ਦੀਆਂ ਸਾਹਮਣੇ ਆਈਆਂ 243 ਘਟਨਾਵਾਂ

26 ਸਾਲਾਂ ਬਾਅਦ, 2019 ਵਿਚ ਰਾਜਸਥਾਨ ਦੇ ਜੈਸਲਮੈਰ ਜ਼ਿਲ੍ਹੇ ਵਿਚ ਇਸ ਮਾਰੂਥਲੀ ਟਿੱਡੇ ਦੇ ਪੂਰਣ ਵਿਕਸਿਤ ਬਾਲਗ ਛੋਟੇ ਤੋਂ ਮਧਿਅਮ ਸਾਈਜ਼ ਦੇ ਝੁੰਡਾਂ ਜਾਂ ਖਿੰਡਵੇ ਰੂਪ ਵਿਚ ਦੇਖਣ ਵਿਚ ਆਏ ਸਨ। ਸਾਲ 1997 ਵਿਚ ਵੀ ਇਸ ਟਿੱਡੇ ਦੇ ਕੁਝ ਛੋਟੇ ਦਲ ਦੇਖੇ ਗਏ ਸਨ। ਦਸੰਬਰ 2019 ਦੇ ਮਹੀਨੇ ਦੌਰਾਨ ਗੁਜਰਾਤ ਵਿੱਚ ਟਿੱਡੀ ਦਲ ਦੇ ਹਮਲੇ ਨੇ ਸਰ੍ਹੋਂ ਅਤੇ ਜ਼ੀਰੇ ਦੀ ਫ਼ਸਲ ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਜਨਵਰੀ-ਫ਼ਰਵਰੀ ਦੇ ਮਹੀਨੇ ਦੌਰਾਨ ਰਾਸਥਾਨ ਵਿਚ ਟਿੱਡੀ ਦਲ ਦੇ ਛੋਟੇ ਅਤੇ ਦਰਮਿਆਨੇ ਸਮੂਹ ਵੇਖੇ ਗਏ। ਜੋ ਕਿ ਸਮੇਂ ਰਹਿੰਦੇ ਖਤਮ ਕਰ ਦਿੱਤੇ ਗਏ। ਇਨ੍ਹਾਂ ਟਿੱਡਿਆਂ ਦੀ ਕੁਝ ਅਬਾਦੀ ਉੱਤਰ ਵਿਚ ਸੂਰਤਗੜ੍ਹ, ਦੱਖਣ-ਪੂਰਬ ਵਿਚ ਜਲੌਰ ਅਤੇ ਦੱਖਣ ਵਿਚ ਗੁਜਰਾਤ ਅਤੇ ਰਨ ਆਫ ਕੱਛ ਚਲੀ ਗਈ ਜਿੱਥੇ ਕਿ ਇਨ੍ਹਾਂ ਦੀ ਮੁਕੰਮਲ ਰੋਕਥਾਮ ਕਰ ਲਈ ਗਈ ਸੀ। ਸਰਹੱਦ ਪਾਰੋਂ ਵੀ ਟਿੱਡੀਆਂ ਦੀ ਆਮਦ ਨੂੰ ਮੁਕੰਮਲ ਤੌਰ ’ਤੇ ਖਤਮ ਕਰ ਦਿੱਤਾ ਗਿਆ ਸੀ। ਪੰਜਾਬ ਵਿਚ ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖਤਰਾ ਨਹੀਂ ਸੀ ਪਰ ਸਰਦੀਆਂ ਤੋਂ ਬਾਅਦ ਤਾਪਮਾਨ ਵਿਚ ਵਾਧੇ ਅਤੇ ਫ਼ਸਲਾਂ/ ਬਨਸਪਤੀ ਦੀ ਵੱਡੀ ਸੰਭਾਵਨਾ ਦੇ ਮੱਦੇ ਨਜ਼ਰ ਸਰਹੱਦ ਪਾਰੋਂ ਸਾਨੂੰ ਤਾਜ਼ਾ ਟਿੱਡੀਆਂ ਦੇ ਹਮਲਿਆਂ ਤੋਂ ਬਚਨ ਦੀ ਲੋੜ ਹੈ। ਹਾਲਾਂਕਿ ਗੁਆਂਢੀ ਮੁਲਕ ਪਾਕਿ ਨੇ ਟਿੱਡੀ ਦੱਲ ਨੂੰ ਕੌਮੀ ਆਪਦਾ ਐਲਾਨਿਆ ਪਰ ਭਾਰਤ ਨੇ ਇਸ ਟਿੱਡੀ ਦਲ ਦੇ ਫੈਲਣ ਅਤੇ ਅੱਗੇ ਵਧਣ ਦੀ ਸਫਲਤਾਪੂਰਵਕ ਰੋਕਥਾਮ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਐੱਫ. ਏ. ਓ. ਨੇ ਭਾਰਤ ਦੇ ਟਿੱਡੀ ਦਲ ਦੇ ਰੋਕਥਾਮ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ।

ਮੌਜੂਦਾ ਦੌਰ ਵਿਚ ਟਿੱਡੀ ਦਲ ਦੱਖਣੀ ਪੂਰਬ ਇਰਾਨ, ਦੱਖਣ ਪਛੱਮੀ ਪਾਕਿ ਅਤੇ ਹਾਰਨ ਆਫ ਅਫਰੀਕਾ ਵਿਚ ਬਸੰਤ ਪ੍ਰਜਨਨ ਕਰ ਰਿਹਾ ਹੈ। ਇਸ ਵਿਚੋਂ ਨਿਕਲੇ ਟਿੱਡੀ ਦਲ ਦੇ ਹਾਪਰ ਵਧੇਰੇ ਤਾਕਤਵਰ ਹੋਣਗੇ, ਜੋ ਇਸ ਸਾਲ ਜੂਨ ਤੱਕ ਮੌਨਸੂਨ ਦੇ ਆਗਮਨ ਨਾਲ ਭਾਰਤ ਦਾ ਲਗਭਗ 2 ਲੱਖ ਵਰਗ ਕਿਲੋਮੀਟਰ ਰਕਬੇ ਦਾ ਉਜਾੜਾ ਕਰਨ ਦੀ ਸਮਰਥਾ ਰੱਖਣਗੇ। ਜੂਨ ਵਿਚ ਵੱਡੇ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਨੂੰ ਹੋਰ ਬਹਿਤਰ ਉਪਰਾਲੇ ਕਰਨ ਦੀ ਲੋੜ ਹੈ। ਕਿਸਾਨ ਵੀਰਾਂ ਦੀ ਜਾਣਕਾਰੀ ਹਿੱਤ ਦੱਸਣਾ ਜਰੂਰੀ ਹੈ ਕਿ ਮੌਜੂਦਾ ਟਿੱਡੀ ਦਲ ਦੇ ਕੁਝ ਟਿੱਡੀਆਂ ਜਾਂ ਇਸ ਦੇ ਛੋਟੇ ਸਮੂਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਫ਼ਸਲਾਂ ਆਦਿ ਦਾ ਆਰਥਿਕ ਨੁਕਸਾਨ ਕਰਨ ਦੀ ਸਮਰੱਥਾ ਨਹੀਂ ਰੱਖਦੇ। ਰਾਜਸਥਾਨ ਵਲੋਂ ਕਿਸੇ ਵੱਡੇ ਸਮੂਹ ਦੇ ਆਉਣ ਦਾ ਖਤਰਾ ਨਹੀਂ ਹੈ ਕਿਉਂਕਿ ਸਥਿਤੀ ’ਤੇ ਕਾਬੁ ਪਾ ਲਿਆ ਗਿਆ ਹੈ। ਸਰਹੱਦ ਦੇ ਉਸ ਪਾਰੋਂ ਕਿਸੇ ਨਵੇਂ ਟਿੱਡੀ ਦਲ ਦੇ ਸਮੂਹ ਦੀ ਆਮਦ ਉੱਪਰ ਟਿੱਡੀ ਦਲ ਚੇਤਾਵਨੀ ਸੰਗਠਨ, ਖੇਤੀਬਾੜੀ ਵਿਭਾਗ, ਪੰਜਾਬ ਅਤੇ ਪੀ. ਏ. ਯੂ. ਦੇ ਸਾਇੰਸਦਾਨਾਂ ਨੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ।

ਸਲਾਹ: ਕਿਸਾਨਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਕੀੜੇ ਦੇ ਹਮਲੇ ਸਬੰਧੀ ਚੌਕਸ ਰਹਿਣ। ਜੇਕਰ ਟਿੱਡੀ ਦਲ ਦੇ ਸਮੂਹ ਦਾ ਹਮਲਾ ਖੇਤਾਂ ਚ' ਜਾਂ ਦਰਖਤਾਂ ਓੁਪਰ ਦਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਜਲਦ ਤੋਂ ਜਲਦ ਪੀ. ਏ. ਯੂ. ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀੜੇ ਦੀ ਸੁਚੱਜੀ ਰੋਕਥਾਮ ਕਰਕੇ ਫ਼ਸਲਾਂ ਅਤੇ ਹੋਰ ਬਨਸਪਤੀ ਨੂੰ ਬਚਾਇਆ ਜਾ ਸਕੇ। ਆਮ ਤੌਰ ਤੇ ਟਿੱਡੀ ਦਲ ਦੀ ਰਸਾਇਣਿਕ ਰੋਕਥਾਮ ਦਾ ਕੰਮ ਕੇਂਦਰ ਸਰਕਾਰ ਦੇ ਪੱਧਰ ਤੇ ਪੌਦ ਸੁਰੱਖਿਆ, ਸੰਗਰੋਧ ਅਤੇ ਭੰਡਾਰਣ ਨਿਰਦੇਸ਼ਾਲੇ ਦੇ ਟਿੱਡੀ ਦਲ ਚੇਤਾਵਨੀ ਸੰਗਠਨ ਵਲੋਂ ਕੀਤਾ ਜਾਂਦਾ ਹੈ।

ਰੋਕਥਾਮ: ਪੱਟੀ ਨੁਮਾ ਝੁੰਡਾਂ ਵਿਚ ਚੱਲ ਰਹੇ ਨਾਬਾਲਗਾਂ ਨੂੰ ਕੁਚਲ ਦਿਓ ਜਾਂ ਅੱਗ ਲਗਾ ਦਿਓ ਜਾਂ ਖੇਤ ਦੁਆਲੇ ਖਾਈ (2 ਫੁੱਟ × 2 ਫੁੱਟ) ਪੁੱਟੀ ਜਾਵੇ ਤਾਂ ਜੋ ਟਿੱਡੀ ਨੂੰ ਖੇਤ ਵਿਚ ਵੱੜਣ ਤੋਂ ਰੋਕਿਆ ਜਾ ਸਕੇ। ਇਨ੍ਹਾਂ ਨੂੰ ਖਾਈ ਵਿਚ ਡਿੱਗਣ ਉਪਰੰਤ ਪਾਣੀ ਵਿਚ ਡੁਬੋ ਕੇ, ਕੁਚਲ ਕੇ, ਅੱਗ ਲਾ ਕੇ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਾਲ ਨਸ਼ਟ ਕੀਤਾ ਜਾ ਸਕਦਾ ਹੈ। ਅਸਮਾਨ ਵਿਚ ਟਿੱਡੀ ਦਲ ਉੱਡਦਾ ਨਜ਼ਰ ਆਉਣ ’ਤੇ ਇਸ ਨੂੰ ਜ਼ਮੀਨ ਤੇ ਉੱਤਰਣ ਤੋਂ ਰੋਕਣ ਲਈ ਇਸ ਦੇ ਥੱਲ੍ਹੇ ਡਰੱਮ ਖੜਕਾਓ ਜਾਂ ਅੱਗ ਦੀ ਮਸ਼ਾਲ ਜਲਾਓ। ਜੇ ਸਵਾਰਮ ਕਿਸੇ ਜਗ੍ਹਾ ’ਤੇ ਟਿੱਕ ਕੇ ਬੈਠ ਜਾਵੇ ਤਾਂ ਇਸ ਨੂੰ ਪਾਵਰ ਵੈਕਿਊਮ ਯੰਤਰ ਨਾਲ ਫੜਿਆ ਜਾ ਸਕਦਾ ਹੈ। ਜੇਕਰ ਸਵਾਰਮ ਕਿਸੇ ਝਾੜੀ ਉੱਪਰ ਟਿੱਕ ਜਾਵੇ ਤਾਂ ਉਸ ਨੂੰ ਅੱਗ ਲਗਾ ਦਿਓ।

 
ਪੰਜਾਬ ਖੇਤੀਵਾੜੀ ਯੂਨੀਵਰਸਿਟੀ ਲੁਧਿਆਣਾ ਦੇ ਉੱਪ ਕੁਲਪਤੀ ਦੀ ਪਾਕਿ ਦੀ ਖੇਤੀਬਾੜੀ ਯੂਨੀਵਰਸਿਟੀ ਨੂੰ ਚਿੱਠੀ
ਇਸ ਸਬੰਧੀ ਜਨਵਰੀ 2020 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿਲੋਂ ਨੇ ਪਾਕਿਸਤਾਨ ਦੀ ਖੇਤੀਬਾੜੀ ਯੂਨੀਵਰਸਿਟੀ ਫੈਸਲਾਬਾਦ ਦੇ ਉਪ ਕੁਲਪਤੀ ਡਾ. ਮੁਹੰਮਦ ਅਸ਼ਰਫ਼ ਨੂੰ ਚਿੱਠੀ ਲਿਖੀ। ਚਿੱਠੀ ’ਚ ਲਿਖਿਆ ਕਿ ਉਹ ਆਪਣੇ ਪੱਧਰ ’ਤੇ ਟਿੱਡੀ ਦਲਾਂ ਦੀ ਭਾਰਤ ’ਚ ਘੁਸਪੈਠ ਰੋਕਣ ਲਈ ਤੁਰੰਤ ਕਦਮ ਚੁੱਕਣ ਕਿਉਂਕਿ ਪਾਕਿਸਤਾਨ ਚ ਜਨਮੇ ਟਿੱਡੀ ਦਲ ਨੇ ਭਾਰਤੀ ਪੰਜਾਬ ਸਣੇ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ’ਚ ਕੁਦਰਤੀ ਬਨਸਪਤੀ/ ਹਰਿਆਵਲ ਅਤੇ ਫਸਲਾਂ ਨੂੰ ਬਰਬਾਦ ਕੀਤਾ ਹੈ। ਜ਼ਿਆਦਾਤਰ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿਚ ਟਿੱਡੀਆਂ ਦੀ ਵੱਧ ਰਹੀ ਅਬਾਦੀ ਦੇ ਸੰਕੇਤ ਹਨ। ਭਾਰਤ ਤੇ ਟਿੱਡੀ ਕੰਟਰੋਲ ਸੰਗਠਨ ਦੁਆਰਾ ਕੀਤੇ ਗਏ ਸਰਵੇਖਣਾਂ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਸਰਹੱਦ ਦੇ ਪਾਰ ਅਣਪਛਾਤੇ ਝੁੰਡ / ਬਾਲਗਾਂ ਦੀ ਘੁਸਪੈਠ ਅਜੇ ਵੀ ਭਾਰਤ ਵਿੱਚ ਜਾਰੀ ਹੈ। ਉਨ੍ਹਾਂ ਲਿਖਿਆ ਕਿ ਉਹ ਪਾਕਿ ਵਿਚ ਕੀਟਾਂ ਦੀ ਮੌਜੂਦਾ ਸਥਿਤੀ ਜਾਨਣੀ ਚਾਹੁੰਦੇ ਹਨ ਤਾਂ ਜੋ ਇਸਦਾ ਅਧਿਐਨ ਕਰਨ ਵਿਚ ਸਹਾਇਤਾ ਮਿਲ ਸਕੇ ।

ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਡਾ ਢਿੱਲੋਂ ਨੇ ਕਿਹਾ ਕਿ ਭਾਰਤ ਦੀ ਸਰਕਾਰ ਸਿਧੇ ਤੌਰ ਤੇ ਪਾਕਿ ਸਰਕਾਰ ਨਾਲ ਇਸ ਮਸਲੇ ਦਾ ਹੱਲ ਕਰਨ ਦੀ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਗਿਆ ਮਿਲਦੀ ਤਾਂ ਕੀਟ ਵਿਗਿਆਨੀ ਜਾ ਕੇ ਇਸਦਾ ਅਧਿਐਨ ਕਰਦੇ ਪਰ ਹੁਣ ਖੇਤੀਵਾੜੀ ਵਿਭਾਗ ਇਸਦੀ ਪੈਰਵਾਈ ਕਰ ਰਿਹਾ ਹੈ। 


author

rajwinder kaur

Content Editor

Related News