ਹਮੇਸ਼ਾ ਲਈ ਸਥਿਰ ਰਹਿ ਸਕਣਗੀਆਂ ਕੋਰੋਨਾ ਕਾਰਨ ਪ੍ਰਚਲਿਤ ਹੋਈਆਂ ਵਿਆਹ ਦੀਆਂ ਸਾਦਗੀਆਂ?

05/24/2020 1:17:45 PM

 ਬਿੰਦਰ ਸਿੰਘ ਖੁੱਡੀ ਕਲਾਂ
ਮੋਬ: 98786-05965

ਕੋਰੋਨਾ ਵਾਇਰਸ ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਬੜੀਆਂ ਅਜੀਬੋ ਗਰੀਬ ਹਨ। ਅਜਿਹੀਆਂ ਪਾਬੰਦੀਆਂ ਦੇ ਸਦਕਾ ਇਨਸਾਨ ਦਾ ਇਨਸਾਨ ਦੇ ਨੇੜੇ ਆਉਣਾ ਖਤਰਨਾਕ ਹੋ ਗਿਆ ਹੈ। ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਹਦਾਇਤਾਂ ਦੀ ਸ਼ੁਰੂਆਤ ਹੀ ਇਕ ਦੂਜੇ ਤੋਂ ਸਰੀਰਕ ਦੂਰੀ ਬਣਾ ਕੇ ਰੱਖਣ ਨਾਲ ਹੁੰਦੀ ਹੈ। ਸਾਡੇ ਸਮਾਜ ਵਿੱਚ ਖੁਸ਼ੀਆਂ ਅਤੇ ਗਮੀਆਂ ਦੀਆਂ ਬਹੁਤ ਸਾਰੀਆਂ ਰਸਮਾਂ ਵੱਡੇ ਇਕੱਠਾਂ ਨਾਲ ਸ਼ੁਰੂ ਕਰਨ ਦਾ ਰਿਵਾਜ਼ ਪ੍ਰਚਲਿਤ ਹੈ। ਸਾਡੇ ਸਮਾਜ ਵੱਲੋਂ ਸਮਾਜਿਕ ਰਸਮਾਂ 'ਤੇ ਹੋਣ ਵਾਲੇ ਇਕੱਠ ਨੂੰ ਵਿਅਕਤੀ ਦੀ ਹਰਮਨ ਪਿਆਰਤਾ ਦਾ ਅਜਿਹਾ ਪੈਮਾਨਾ ਬਣਾਇਆ ਗਿਆ ਹੈ ਕਿ ਖੁਸ਼ੀਆਂ ਗਮੀਆਂ ਦੇ ਸਮਾਗਮਾਂ ਮੌਕੇ ਇਕੱਠ ਕਰਨ ਦੀ ਹੋੜ ਜਿਹੀ ਹੀ ਲੱਗ ਚੁੱਕੀ ਹੈ। ਅਜਿਹੇ ਇਕੱਠਾਂ ਪਿੱਛੇ ਰਾਜਸੀ ਅਤੇ ਕਈ ਹੋਰ ਖੇਤਰਾਂ ਦੇ ਲੋਕਾਂ ਦਾ ਤਾਂ ਛੁਪਿਆ ਮਨੋਰਥ ਵੀ ਹੁੰਦਾ ਹੈ ਪਰ ਆਮ ਲੋਕ ਇਸ ਤਰ੍ਹਾਂ ਇਕੱਠ ਕਰਨ ਦੀ ਝੂਠੀ ਸ਼ਾਨ ਦਾ ਸ਼ਿਕਾਰ ਹੋਏ ਪ੍ਰਤੀਤ ਹੁੰਦੇ ਹਨ। 

ਮੌਜੂਦਾ ਪ੍ਰਸਿਥਿਤੀਆਂ ਦੇ ਚੱਲਦਿਆਂ ਸਮਾਜਿਕ ਸਮਾਗਮਾਂ ਦੌਰਾਨ ਜ਼ਿਆਦਾ ਇਕੱਠ ਕਰਨਾ ਹੁਣ ਮੁਮਕਿਨ ਨਹੀਂ ਰਿਹਾ। ਜ਼ਿਆਦਾ ਇਕੱਠ ਦੌਰਾਨ ਸਰੀਰਕ ਦੂਰੀ ਦੇ ਮੰਤਰ ਨੂੰ ਨਿਭਾਅ ਸਕਣਾ ਮੁਸ਼ਕਲ ਹੀ ਨਹੀਂ, ਸਗੋਂ ਇੱਕ ਤਰ੍ਹਾਂ ਨਾਲ ਅਸੰਭਵ ਵੀ ਹੋ ਜਾਂਦਾ ਹੈ। ਸਮੇਂ ਦੀ ਤਬਦੀਲੀ ਦੇ ਹਿਸਾਬ ਨਾਲ ਸ਼ਿਰਕਤ ਕਰਨ ਵਾਲੇ ਖੁਦ ਵੀ ਪਰਹੇਜ਼ ਕਰਨ ਲੱਗੇ ਹਨ। ਇੱਕ ਭੈਅ ਅਧੀਨ ਖੁਸ਼ੀ ਅਤੇ ਗਮੀ ਦੇ ਸਮਾਗਮਾਂ 'ਚ ਸ਼ਿਰਕਤ ਕਰਨ ਪ੍ਰਤੀ ਸਾਡੀ ਮਾਨਸਿਕਤਾ 'ਚ ਬਦਲਾਅ ਆਉਣ ਲੱਗਿਆ ਹੈ। ਲੋਕ ਖੁਸ਼ੀ ਅਤੇ ਗਮੀ ਦੇ ਅਵਸਰ ਮੌਕੇ ਫੋਨ ਕਰਕੇ ਸੁੱਖ-ਦੁੱਖ ਸਾਂਝਾ ਕਰਨ ਲੱਗੇ ਹਨ। ਮਰਗ ਦੇ ਭੋਗਾਂ 'ਤੇ ਇਕੱਠ ਕਰਨ ਦਾ ਸਿਲਸਿਲਾ ਖਤਮ ਹੀ ਹੋ ਗਿਆ ਹੈ। ਭੋਗ ਦੀਆਂ ਰਸਮਾਂ ਵੀ ਗਿਣਤੀ ਦੇ ਲੋਕਾਂ ਦੀ ਹਾਜ਼ਰੀ ਵਿੱਚ ਹੀ ਸੰਪੰਨ ਕੀਤੀਆਂ ਜਾਣ ਲੱਗੀਆਂ ਹਨ। ਸੀਮਿਤ ਇੱਕਤਰਤਾ ਕਰਨ ਦੇ ਸਰਕਾਰੀ ਫੁਰਮਾਨਾਂ ਦੀ ਰੌਸ਼ਨੀ 'ਚ ਇਕੱਠ ਕਰਨਾ ਕਾਨੂੰਨੀ ਜ਼ੁਰਮ ਵੀ ਬਣ ਗਿਆ ਹੈ।

ਪੜ੍ਹੋ ਇਹ ਵੀ ਖਬਰ - ਨੇਪਾਲ ਤੇ ਭਾਰਤ ਵਿਚਕਾਰ ਸਰਹੱਦੀ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਲਾਕਡਾਊਨ ਅਤੇ ਕਰਫਿਊ ਦੀ ਅਚਾਨਕ ਆਮਦ ਕਾਰਨ ਬਹੁਗਿਣਤੀ ਲੋਕਾਂ ਨੇ ਵਿਆਹ ਅਤੇ ਹੋਰ ਖੁਸ਼ੀਆਂ ਦੇ ਸਮਾਗਮ ਇਸ ਆਸ ਨਾਲ ਅੱਗੇ ਪਾ ਦਿੱਤੇ ਹਨ ਕਿ ਸ਼ਾਇਦ ਜਲਦੀ ਪੁਰਾਣੇ ਦਿਨ ਪਰਤ ਆਉਣਗੇ। ਇਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਵਿਆਹ ਸਮਾਗਮ ਸੰਪੂਰਨ ਵੀ ਕੀਤੇ ਹਨ। ਇਕੱਠ ਨਾ ਕਰਨ ਦੀਆਂ ਪਾਬੰਦੀਆਂ ਦੌਰਾਨ ਪਹਿਲਾਂ ਪਹਿਲ ਕੁਝ ਪਰਿਵਾਰਾਂ ਨੇ ਸੀਮਤ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਰਸਮਾਂ ਕਰਨੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਸ਼ੁਰੂ ਹੋਇਆ ਸਿਰਫ ਲਾੜਾ, ਲਾੜੀ ਅਤੇ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ 'ਚ ਵਿਆਹ ਸੰਪੰਨ ਕਰਨ ਦਾ ਸਿਲਸਿਲਾ। ਲਾਕਡਾਊਨ ਦੇ ਮੌਕੇ ਇੱਕ ਲਾੜੇ ਨੇ ਆਪਣੀ ਦੁਲਹਨ ਨੂੰ ਮੋਟਰ ਸਾਈਕਲ 'ਤੇ ਕੀ ਲਿਆਂਦਾ, ਉਸ ਤੋਂ ਬਾਅਦ ਤਾਂ ਇਹ ਰਿਵਾਜ਼ ਹੀ ਬਣ ਗਿਆ। ਮੋਟਰ ਸਾਈਕਲ 'ਤੇ ਲਾੜੀ ਲਿਆਉਣ ਵਾਲੇ ਉਸ ਲਾੜੇ ਨੂੰ ਮਿਲੀ ਮੀਡੀਆ ਅਤੇ ਪ੍ਰਸ਼ਾਸਨਿਕ ਸਾਬਾਸ਼ੀ ਨੇ ਇਸ ਨੂੰ ਇੱਕ ਰਿਵਾਜ਼ ਹੀ ਬਣਾ ਦਿੱਤਾ। ਮੋਟਰ ਸਾਈਕਲ 'ਤੇ ਵਿਆਹ ਕਰਵਾਉਣ ਤੋਂ ਬਾਅਦ ਲਾੜੀ ਨੂੰ ਲਿਆਉਣਾ ਮਾੜੀ ਗੱਲ ਨਹੀਂ ਪਰ ਕੀ ਇਹ ਆਜ਼ਾਦ ਮਾਨਸਿਕਤਾ ਦਾ ਵਿਵਹਾਰ ਹੈ ਜਾਂ ਫਿਰ ਵੇਖਾ ਵੇਖੀ। ਕਈ ਵਿਆਹਾਂ ਦੇ ਖਰਚੇ ਦਾ ਵੇਰਵਾ ਵੀ ਦਿੱਤਾ ਜਾ ਰਿਹਾ ਹੈ। ਕਈਆਂ ਵੱਲੋਂ ਮਹਿਜ਼ ਸੈਂਕੜਿਆਂ ਜਾਂ ਹਜ਼ਾਰਾਂ ਵਿੱਚ ਹੀ ਵਿਆਹ ਸੰਪੂਰਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਹਰੇਕ ਵਿਦਿਆਰਥੀ ਦੀ ਸੋਚ : ‘12ਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਕੀ ਕੀਤਾ ਜਾ ਸਕੇ’

ਲਾਕਡਾਊਨ ਅਤੇ ਕਰਫਿਊ ਦੌਰਾਨ ਹੋਣ ਵਾਲੇ ਅਜਿਹੇ ਵਿਆਹਾਂ ਨੂੰ ਸਾਦੇ ਵਿਆਹ ਕਹਿ ਕੇ ਵਡਿਆਇਆ ਜਾ ਰਿਹਾ ਹੈ। ਬਿਨਾਂ ਸ਼ੱਕ ਸਾਦੇ ਵਿਆਹ ਸਾਡੇ ਸਮਾਜ ਦੀ ਮੁੱਖ ਜ਼ਰੂਰਤ ਹਨ। ਲੋਕਾਂ ਦੇ ਸਿਰ ’ਤੇ ਲੱਖਾਂ ਰੁਪਏ ਦਾ ਕਰਜ਼ਾ ਹੋਣ ਦਾ 80 ਫੀਸਦੀ ਕਾਰਨ ਮਹਿੰਗੇ ਵਿਆਹ ਹੀ ਹਨ। ਵਿਆਹ ਸਮਾਗਮਾਂ 'ਤੇ ਹੋਣ ਵਾਲੀ ਫਜ਼ੂਲ ਖਰਚੀ ਇਕ ਚਿੰਤਾ ਦਾ ਵਿਸ਼ਾ ਹੈ। ਮਹਿੰਗੇ ਪੈਲਿਸਾਂ, ਜਰੂਰਤ ਤੋਂ ਜ਼ਿਆਦਾ ਖਾਣਿਆਂ ਦੀ ਵਿਵਸਥਾ ਨੇ ਵਿਆਹਾਂ ਨੂੰ ਧਨ ਬਰਬਾਦੀ ਦਾ ਜ਼ਰੀਆ ਹੀ ਬਣਾ ਕੇ ਰੱਖ ਦਿੱਤਾ ਹੈ। ਸਵਾਲ ਇਹ ਹੈ ਕਿ ਲਾਕਡਾਊਨ ਅਤੇ ਕਰਫਿਊ ਦੌਰਾਨ ਹੋਣ ਵਾਲੇ ਵਿਆਹ ਸੱਚੀ ਸਾਦੇ ਹੁੰਦੇ ਹਨ ਜਾਂ ਇਹ ਮਜਬੂਰੀ 'ਚ ਨਿਭਾਈ ਸਾਦਗੀ ਦਾ ਨਤੀਜਾ ਹਨ? ਕੀ ਸਾਦੇ ਵਿਆਹਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੇ ਲਾਕਡਾਊਨ ਨਾਂ ਹੋਣ ਦੀ ਸਥਿਤੀ ਵਿੱਚ ਵੀ ਅਜਿਹਾ ਹੀ ਵਿਆਹ ਕਰਨ ਦੀ ਸੋਚ ਬਣਾਈ ਹੋਈ ਸੀ? ਕੀ ਮੋਟਰ ਸਾਈਕਲ 'ਤੇ ਲਾੜੀ ਲਿਆਉਣ ਵਾਲੇ ਲਾੜੇ ਨੇ ਆਪਣੇ ਅਤੇ ਸਹੁਰੇ ਪਰਿਵਾਰ ਨੂੰ ਲਾਕਡਾਊਨ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਸੀਂ ਤਾਂ ਮਹਿਜ਼ ਚਾਰ ਕੁ ਜਣੇ ਆਵਾਂਗੇ ਅਤੇ ਮੈਂ ਖੁਦ ਵੀ ਮੋਟਰ ਸਾਈਕਲ 'ਤੇ ਹੀ ਆਵਾਂਗਾ।

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ‘ਢਾਤੀ ਅਬਦੁੱਲਾ ਤੇ ਨੱਥਾ’ 

ਅਸਲ ਵਿੱਚ ਲਾਕਡਾਊਨ ਦੌਰਾਨ ਦਿਸ ਰਹੀ ਸਮਾਗਮਾਂ ਖਾਸ ਕਰਕੇ ਵਿਆਹਾਂ ਦੀ ਸਾਦਗੀ ਸਾਡੀ ਸੋਚ ਦਾ ਪ੍ਰਤੀਕ ਨਹੀਂ ਹੈ। ਇਹ ਤਾਂ ਸਾਡੇ ਮੁਲਕ ਵਿੱਚੋਂ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਕਾਰਾਂ ਤੋਂ ਬੱਤੀਆਂ ਹਟਾਉਣ ਵਰਗੀ ਸਥਿਤੀ ਜਾਪਦੀ ਹੈ। ਕੀ ਕਾਰਾਂ ਤੋਂ ਬੱਤੀਆਂ ਹਟਾਉਣ ਨਾਲ ਸੋਚੇ ਗਏ ਮਨੋਰਥ ਦੀ ਪੂਰਤੀ ਹੋ ਗਈ ਹੈ? ਸ਼ਾਇਦ ਇਹੋ ਹਾਲ ਅੱਜਕੱਲ ਹੋ ਰਹੇ ਸਾਦੇ ਵਿਆਹ ਸਮਾਗਮਾਂ ਦਾ ਹੈ। ਲਾਕਡਾਊਨ ਦੌਰਾਨ ਸ਼ੁਰੂ ਹੋਏ ਸਾਦੇ ਵਿਆਹ ਸਮਾਗਮਾਂ ਦੌਰਾਨ ਵਿਆਹ ਸਮਾਗਮਾਂ ਦੀ ਸਾਦਗੀ ਦੇ ਪ੍ਰਚਲਿਨ ਦਾ ਸੁਪਨਾ ਨਹੀਂ ਵੇਖਿਆ ਜਾ ਸਕਦਾ। ਮੌਜੂਦਾ ਹਾਲਾਤਾਂ 'ਚ ਤਾਂ ਸਾਦੇ ਵਿਆਹ ਤੋਂ ਬਿਨਾਂ ਕੋਈ ਵਿਕਲਪ ਹੀ ਨਹੀਂ ਬਚਿਆ। ਪੈਲੇਸਾਂ 'ਤੇ ਪਾਬੰਦੀਆਂ ਹਨ, ਇਕੱਠ ਕਰਨ 'ਤੇ ਪਾਬੰਦੀਆਂ ਹਨ ਤਾਂ ਫਿਰ ਕਿਵੇਂ ਕੋਈ ਧੂਮ ਧੜੱਕੇ ਨਾਲ ਵਿਆਹ ਕਰ ਸਕਦਾ ਹੈ। ਹੁਣ ਤਾਂ ਜੋ ਵੀ ਪਰਿਵਾਰ ਵਿਆਹ ਕਰਵਾਏਗਾ ਸਾਦਗੀ ਭਰਪੂਰ ਹੀ ਹੋਵੇਗਾ।

ਪੜ੍ਹੋ ਇਹ ਵੀ ਖਬਰ - ਸਕੂਲਾਂ ’ਚ ਹੋਣ ਵਾਲੀ ਸਵੇਰ ਦੀ ਸਭਾ ਬਣਾ ਸਕਦੀ ਹੈ ਆਉਣ ਵਾਲੇ ‘ਕੱਲ੍ਹ ਦੇ ਆਗੂ’

ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਕੀ ਕੋਰੋਨਾ ਦੀ ਦਹਿਸ਼ਤ ਤੋਂ ਮੁਕਤੀ ਪਾਉਣ ਉਪਰੰਤ ਸਾਵੇਂ ਹਾਲਾਤਾਂ ਦੀ ਵਾਪਸੀ ਦੌਰਾਨ ਵੀ ਇਹ ਵਰਤਾਰਾ ਕਾਇਮ ਰਹੇਗਾ? ਮੌਜੂਦਾ ਸਮੇਂ ਵਿਚ ਬਹੁਤ ਘੱਟ ਪਰਿਵਾਰ ਵਿਆਹ ਸਮਾਗਮ ਨੇਪਰੇ ਚਾੜ੍ਹ ਰਹੇ ਹਨ। ਅੱਸੀ ਫੀਸਦੀ ਤੋਂ ਜ਼ਿਆਦਾ ਪਰਿਵਾਰਾਂ ਵੱਲੋਂ ਵਿਆਹ ਸਮਾਗਮ ਮਨਸੂਖ ਕਰਨ ਦੀ ਭਲਾਂ ਅਸਲੀ ਵਜ੍ਹਾ ਕੀ ਹੈ? ਸਪੱਸ਼ਟ ਹੈ ਕਿ ਸਾਦੇ ਵਿਆਹਾਂ ਦੀ ਸੋਚ ਸਾਡੇ ਸਮਾਜ ਦਾ ਹਿੱਸਾ ਬਣਨ ਤੋਂ ਹਾਲੇ ਕੋਹਾਂ ਦੂਰ ਹੈ। ਜੇਕਰ ਇਹ ਸਾਦੇ ਸਮਾਗਮ ਸਾਡੇ ਸਮਾਜ ਦਾ ਸਦਾ ਲਈ ਹਿੱਸਾ ਬਣਦੇ ਹਨ ਤਾਂ ਸਾਡੇ ਸਮਾਜ ਲਈ ਇਸ ਤੋਂ ਵੱਡੀ ਹੋਰ ਕੋਈ ਖੁਸ਼ ਖਬਰ ਨਹੀਂ ਹੋ ਸਕਦੀ। ਇਸ ਦੌਰਾਨ ਲਾੜੇ ਅਤੇ ਲਾੜੀ ਦੀ ਕੋਈ ਕੋਰੋਨਾ ਟੈਸਟਿੰਗ ਹੋਈ ਜਾਂ ਨਹੀਂ ਬਾਰੇ ਕੁੱਝ ਪਤਾ ਨਹੀਂ ਲੱਗਦਾ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਵਿਆਹ ਬੰਧਨ 'ਚ ਬੱਝਣ ਜਾ ਰਹੇ ਲੜਕੇ ਅਤੇ ਲੜਕੀ ਦੋਵਾਂ ਦੀ ਪਹਿਲਾਂ ਮੈਡੀਕਲ ਰਿਪੋਰਟ ਹੋਣੀ ਚਾਹੀਦੀ ਹੈ ਅਤੇ ਮੈਡੀਕਲ ਰਿਪੋਰਟ ਦੀ ਅਣਹੋਂਦ 'ਚ ਹੋਣ ਵਾਲੇ ਵਿਆਹ ਗੈਰਕਾਨੂੰਨੀ ਐਲਾਨੇ ਜਾਣੇ ਚਾਹੀਦੇ ਹਨ।

ਪੜ੍ਹੋ ਇਹ ਵੀ ਖਬਰ - ਭਾਰ ਨੂੰ ਘੱਟ ਕਰਨ ’ਚ ਮਦਦ ਕਰੇ ਖੀਰੇ ਦਾ ਜੂਸ, ਗਰਮੀ ਤੋਂ ਵੀ ਦਿਵਾਏ ਰਾਹਤ


rajwinder kaur

Content Editor

Related News