ਲਾਕਡਾਊਨ : CBSE ਸਕੂਲਾਂ ’ਚ 6ਵੀਂ ਤੋਂ 11ਵੀਂ ਦੇ ਵਿਦਿਆਰਥੀ ਪੜ੍ਹਨਗੇ 3 ਨਵੇਂ ਸਕਿੱਲ ਕੋਰਸ

04/09/2020 9:25:30 AM

ਲੁਧਿਆਣਾ (ਵਿੱਕੀ) - ਬੇਸ਼ੱਕ ਦੇਸ਼ ’ਚ ਲਾਕਡਾਊਨ ਚੱਲ ਰਿਹਾ ਹੈ ਅਤੇ ਸਕੂਲਾਂ ’ਚ ਹੁਣ ਤੱਕ ਨਵਾਂ ਸੈਸ਼ਨ ਸਿਰਫ ਆਨਲਾਈਨ ਸ਼ੁਰੂ ਹੋ ਸਕਿਆ ਹੈ। ਇਸੇ ਦੌਰਾਨ ਸੀ. ਬੀ. ਐੱਸ. ਈ. ਆਪਣੇ ਵਿਦਿਆਰਥੀਆਂ ਲਈ ਨਵੀਆਂ ਤੋਂ ਨਵੀਆਂ ਯੋਜਨਾਵਾਂ ਤਿਆਰ ਕਰ ਰਿਹਾ ਹੈ ਤਾਂਕਿ ਸਮਾਂ ਰਹਿੰਦੇ ਸਕੂਲਾਂ ਅਤੇ ਵਿਦਿਆਰਥੀਆਂ ਤੱਕ ਬੋਰਡ ਦੀਆਂ ਯੋਜਨਾਵਾਂ ਪੁੱਜ ਸਕਣ। ਇਸ ਲੜੀ ’ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਕਲਾਸ 6ਵੀਂ ਤੋਂ 11ਵੀਂ ਤੱਕ ਦੇ ਵਿਦਿਆਰਥੀਆਂ ਲਈ ਨਵੇਂ ਵਿੱਦਿਅਕ ਸੈਸ਼ਨ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜ਼ਾਈਨ ਥਿੰਕਿੰਗ ਸਮੇਤ 3 ਨਵੇਂ ਸਕਿੱਲ ਕੋਰਸ ਸ਼ੁਰੂ ਕੀਤੇ ਹਨ। ਇਸ ਲਈ ਸੀ. ਬੀ. ਐੱਸ. ਈ. ਨੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਸਰਕੂਲਰ ਜਾਰੀ ਕੀਤਾ ਹੈ। ਤਿੰਨੋਂ ਕੋਰਸ 6ਵੀਂ ਤੋਂ 11ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸੈਸ਼ਨ 2020-21 ਲਈ ਹੋਣਗੇ। ਜਿਨ੍ਹਾਂ ਦੇ ਨਾਂ ਹਨ : ਡਿਜ਼ਾਈਨ ਥਿੰਕਿੰਗ, ਫਿਜ਼ੀਕਲ ਐਕਟੀਵਿਟੀ ਟ੍ਰੇਨਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ। ਇਨ੍ਹਾਂ ’ਚ ਕਲਾਸ 6ਵੀਂ ਤੋਂ 8ਵੀਂ, 9ਵੀਂ, 10ਵੀਂ ਅਤੇ 11ਵੀਂ ਲਈ ਬੋਰਡ ਨੇ ਵੱਖ-ਵੱਖ ਲਿਸਟਾਂ ਬਣਾਈਆਂ ਹਨ, ਜਿਨ੍ਹਾਂ ’ਚ ਉਕਤ 3 ਕੋਰਸਾਂ ਨੂੰ ਪਹਿਲਾਂ ਤੋਂ ਚੱਲ ਰਹੇ ਸਕਿੱਲ ਕੋਰਸਾਂ ’ਚ ਸ਼ਾਮਲ ਕੀਤਾ ਗਿਆ ਹੈ।

ਬੱਚਿਆਂ ਨੂੰ ਨਵੇਂ ਕੋਰਸ ਨਾਲ ਇਹ ਹੋਵੇਗਾ ਫਾਇਦਾ :
ਸੀ. ਬੀ. ਐੱਸ. ਈ. ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਜ਼ਿਆਦਾ ਰਚਨਾਤਮਕ ਅਤੇ ਸਰੀਰਕ ਰੂਪ ਨਾਲ ਫਿੱਟ ਬਣਾਉਣ, ਵਿਸ਼ਵ ਵਿਕਾਸ ਅਤੇ ਕਾਰਜਸਥਾਨ ਦੀਆਂ ਲੋੜਾਂ ਮੁਤਾਬਕ ਵਿਦਿਆਰਥੀਆਂ ਨੂੰ ਵਿਕਸਿਤ ਕਰਨ ਲਈ ਸੀ. ਬੀ. ਐੱਸ. ਈ. ਨੇ ਇਸ ਸਾਲ ਤਿੰਨ ਨਵੇਂ ਸਕਿੱਲ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। ਬੋਰਡ ਨੇ ਕਿਹਾ ਕਿ ਥਿੰਕਿੰਗ ਇਕ ਸਕਿੱਲ ਹੈ ਅਤੇ 21ਵੀਂ ਸਦੀ ’ਚ ਸਮੱਸਿਆਵਾਂ ਦਾ ਹੱਲ ਕਰਨ ਲਈ ਇਹ ਸਕਿੱਲ ਬੇਹੱਦ ਜ਼ਰੂਰੀ ਹੋ ਗਈ ਹੈ, ਜਦੋਂਕਿ ਡਿਜ਼ਾਈਨ ਥਿੰਕਿੰਗ ਇਕ ਸਿਸਟਮੈਟਿਕ ਥਿੰਕਿੰਗ ਹੈ, ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਮਸ਼ੀਨੀ ਸਮਝ ਅਤੇ ਇਨਸਾਨ ਦੇ ਦਿਮਾਗ ਦੀ ਸਮਰਥਾ ਨੂੰ ਸਮਝਣ ਬਾਰੇ ਹੈ। ਇਹ ਸਕਿੱਲ ਸੰਭਾਵੀ ਪੀੜ੍ਹੀ ਦੀਆਂ ਤਕਨੀਕਾਂ ਲਈ ਬੇਹੱਦ ਜ਼ਰੂਰੀ ਹੈ।

8543 ਸਕੂਲਾਂ ’ਚ 8 ਲੱਖ ਤੋਂ ਜ਼ਿਆਦਾ ਵਿਦਿਆਰਥੀ ਪੜ੍ਹ ਰਹੇ 37 ਸਕਿੱਲ ਕੋਰਸ
ਸੀ. ਬੀ. ਐੱਸ. ਈ. ਨੇ ਕਿਹਾ ਹੈ ਕਿ ਇਨ੍ਹਾਂ 3 ਨਵੇਂ ਕੋਰਸਾਂ ਤੋਂ ਇਲਾਵਾ 37 ਸਕਿੱਲ ਕੋਰਸ ਪਹਿਲਾਂ ਹੀ ਦੇਸ਼ ਭਰ ਦੇ 8543 ਸਕੂਲਾਂ ’ਚ ਚਲਾਏ ਜਾ ਰਹੇ ਹਨ, ਜਿਸ ’ਚ 8 ਲੱਖ ਤੋਂ ਜ਼ਿਆਦਾ ਵਿਦਿਆਰਥੀ ਸਟੱਡੀ ਕਰ ਰਹੇ ਹਨ। ਇਨ੍ਹਾਂ ’ਚ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਲਈ 17 ਕੋਰਸ ਪੇਸ਼ ਕੀਤੇ ਜਾਂਦੇ ਹਨ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੂੰ 37 ਸਕਿੱਲ ਕੋਰਸ ਪੇਸ਼ ਕੀਤੇ ਜਾਂਦੇ ਹਨ।
 


rajwinder kaur

Content Editor

Related News