ਜ਼ਿਲੇ ਦੇ 117 ਸੇਵਾ ਕੇਂਦਰਾਂ ਨੂੰ ਲੱਗੇ ਤਾਲੇ

09/24/2017 5:45:49 AM

ਅੰਮ੍ਰਿਤਸਰ  (ਦਲਜੀਤ)-  ਸੇਵਾ ਕੇਦਰਾਂ 'ਚ ਕੰਮ ਕਰਨ ਵਾਲੇ ਮੁਲਾਜ਼ਮ ਆਪਣੀਆਂ ਮੰਗਾਂ ਦੀ ਪ੍ਰਾਪਤੀ ਸਬੰਧੀ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਹਨ। ਮੁਲਾਜ਼ਮਾਂ ਨੇ ਕੰਪਨੀ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਮੰਗਾਂ ਨਾ ਮੰਨਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਮੰਗ ਪੱਤਰ ਵੀ ਸੌਂਪਿਆ।
ਮੁਲਾਜ਼ਮਾਂ ਨੇ ਕਿਹਾ ਕਿ ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਉਹ ਅਨਿਸ਼ਚਿਤ ਕਾਲ ਦੀ ਹੜਤਾਲ 'ਤੇ ਚਲੇ ਗਏ ਹਨ। ਮੁਲਾਜ਼ਮਾਂ ਦੁਆਰਾ ਦਿੱਤੇ ਗਏ ਮੰਗ ਪੱਤਰ 'ਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਕੰਪਨੀ ਵੱਲੋਂ ਮੁਲਾਜ਼ਮਾਂ ਕੋਲੋਂ 9 ਘੰਟੇ ਤੋਂ ਵੱਧ ਸਮੇਂ ਦਾ ਕੰਮ ਲਿਆ ਜਾ ਰਿਹਾ ਹੈ ਤੇ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਜ਼ਿਲੇ ਦੇ 117 ਸੇਵਾ ਕੇਂਦਰਾਂ 'ਚ ਕੰਮ ਕਰਦੇ 400 ਦੇ ਕਰੀਬ ਮੁਲਾਜ਼ਮ ਹੜਤਾਲ 'ਤੇ ਹਨ। ਮਹਿਲਾ ਮੁਲਾਜ਼ਮਾਂ ਨਾਲ ਖਾਸ ਤੌਰ 'ਤੇ ਕੰਪਨੀ ਵੱਲੋਂ ਬਦਤਮੀਜ਼ੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਜਨਤਾ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਮੁਲਾਜ਼ਮਾਂ ਵੱਲੋਂ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੀ ਤਨਖਾਹ 'ਚ ਹਰ ਵਾਰ ਦੇਰੀ ਕਿਉਂ ਹੁੰਦੀ ਹੈ ਤਾਂ ਉਨ੍ਹਾਂ ਇਹ ਕਹਿ ਕਿ ਪੱਲਾ ਝਾੜ ਲਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ। ਜੇਕਰ ਮੁਲਾਜ਼ਮ ਨੂੰ ਕਿਸੇ ਤਕਲੀਫ ਜਾਂ ਬੀਮਾਰੀ ਕਾਰਨ ਛੁੱਟੀ ਲੈਣੀ ਪਵੇ ਤਾਂ ਵੀ ਕੰਪਨੀ ਵੱਲੋਂ ਛੁੱਟੀ ਨਹੀਂ ਦਿੱਤੀ ਜਾਂਦੀ, ਜੇਕਰ ਮੁਲਾਜ਼ਮ ਛੁੱਟੀ ਕਰਦਾ ਹੈ ਤਾਂ ਉਸ ਨੂੰ ਵਾਰਨਿੰਗ ਲੈਟਰ ਜਾਰੀ ਕੀਤਾ ਜਾਂਦਾ ਤੇ ਜੁਰਮਾਨਾ ਵੀ ਲਾਇਆ ਜਾਂਦਾ ਹੈ।  ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਲਗਾਤਾਰ ਧਮਕੀ ਪੱਤਰ ਤੇ ਬਿਨਾਂ ਕਿਸੇ ਗੱਲੋਂ ਉਨ੍ਹਾਂ ਨੂੰ ਕੰਪਨੀ 'ਚੋਂ ਕੱਢ ਦਿੱਤਾ ਜਾਂਦਾ ਹੈ, ਜਿਸ ਕਾਰਨ ਮੁਲਾਜ਼ਮਾਂ 'ਚ ਕਾਫੀ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਉਧਰ ਦੂਜੇ ਪਾਸੇ ਮੌਕੇ 'ਤੇ ਪੁੱਜੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਸ਼ੋਸ਼ਣ ਨਹੀਂ ਹੋਣ ਦੇਵੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਦੇ ਕੇ ਜਲਦ ਕੰਪਨੀ ਤੋਂ ਤਨਖਾਹ ਜਾਰੀ ਕਰਵਾਈ ਜਾਵੇਗੀ।


Related News