ਲੋਕਲ ਬਾਡੀ ਚੋਣਾਂ ’ਚ ਬਾਗੀਆਂ ਨੂੰ ਆਜ਼ਾਦ ਲੜ ਕੇ ਮਿਲੀ ਜਿੱਤ, ਕਾਂਗਰਸ ਵੱਲੋਂ ਟਿਕਟਾਂ ਵੰਡਣ ਦੇ ਤਰੀਕੇ ’ਤੇ ਉੱਠੇ ਸਵਾਲ
Saturday, Feb 20, 2021 - 11:56 AM (IST)
ਲੁਧਿਆਣਾ (ਹਿਤੇਸ਼)- ਸਥਾਨਕ ਚੋਣਾਂ ’ਚ ਕਾਂਗਰਸ ਤੋਂ ਬਾਅਦ ਅਕਾਲੀ-ਭਾਜਪਾ ਜਾਂ ਆਮ ਆਦਮੀ ਪਾਰਟੀ ਦੀ ਜਗ੍ਹਾ ਆਜ਼ਾਦ ਉਮੀਦਵਾਰਾਂ ਨੇ ਦੂਜੇ ਨੰਬਰ ’ਤੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਕਾਂਗਰਸ ਦੇ ਬਾਗੀ ਦੱਸੇ ਜਾ ਰਹੇ ਹਨ। ਇਥੋਂ ਤੱਕ ਕਿ ਜਿਨ੍ਹਾਂ ਸੀਟਾਂ ’ਤੇ ਅਕਾਲੀ-ਭਾਜਪਾ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ, ਉਨ੍ਹਾਂ ਵਿਚ ਵੀ ਕਾਫੀ ਹੱਦ ਤੱਕ ਕਾਂਗਰਸ ਦੇ ਬਾਗੀਆਂ ਦਾ ਯੋਗਦਾਨ ਦੱਸਿਆ ਜਾ ਰਿਹਾ ਹੈ, ਜਿਸ ਨਾਲ ਕਾਂਗਰਸ ਵੱਲੋਂ ਟਿਕਟਾਂ ਵੰਡਣ ਦੇ ਤਰੀਕੇ ’ਤੇ ਸਵਾਲ ਖੜ੍ਹੇ ਹੋ ਗਏ ਹਨ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਕਾਂਗਰਸ ਵੱਲੋਂ ਸਥਾਨਕ ਚੋਣਾਂ ਦੌਰਾਨ ਟਿਕਟਾਂ ਵੰਡਣ ਲਈ ਅਰਜ਼ੀਆਂ ਮੰਗਣ ਤੋਂ ਇਲਾਵਾ ਗਰਾਊਂਡ ਲੈਵਲ ’ਤੇ ਫੀਡਬੈਕ ਹਾਸਲ ਕਰਨ ਲਈ ਆਬਜ਼ਰਵਰ ਨਿਯੁਕਤ ਕੀਤੇ ਗਏ ਸਨ। ਇਸ ਤੋਂ ਇਲਾਵਾ ਖ਼ੁਫੀਆ ਵਿਭਾਗ ਤੋਂ ਵੀ ਰਿਪੋਰਟ ਲਈ ਗਈ, ਜਿਸ ਦੇ ਸਟੇਟ ਲੈਵਲ ਕਮੇਟੀ ਵੱਲੋਂ ਉਮੀਦਵਾਰਾਂ ਦੇ ਨਾਂ ’ਤੇ ਮੋਹਰ ਲਗਾਈ ਗਈ ਪਰ ਅਸਲੀਅਤ ਇਹ ਹੈ ਕਿ ਉਮੀਦਵਾਰਾਂ ਦੀ ਚੋਣ ਵਿਚ ਵਿਧਾਇਕਾਂ ਜਾਂ ਹਲਕਾ ਇੰਚਾਰਜ ਦੀ ਸਿਫਾਰਸ਼ ਨੂੰ ਤਰਜੀਹ ਦਿੱਤੀ ਗਈ। ਇਸ ਦੌਰਾਨ ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਨੇਤਾਵਾਂ ਵੱਲੋਂ ਕਈ ਥਾਈਂ ਆਜ਼ਾਦ ਉਮੀਦਵਾਰਾਂ ਦੇ ਰੂਪ ’ਚ ਮੈਦਾਨ ਵਿਚ ਉੱਤਰਨ ਦਾ ਫੈਸਲਾ ਕੀਤਾ ਗਿਆ।
ਇਨ੍ਹਾਂ ’ਚੋਂ ਕੁਝ ਉਮੀਦਵਾਰਾਂ ਨੂੰ ਜਿੱਤ ਹਾਸਲ ਹੋ ਗਈ ਹੈ ਅਤੇ ਕੁਝ ਕੁ ਕਾਂਗਰਸ ਦੇ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣੇ, ਜਿਸ ਤੋਂ ਸਾਫ ਹੋ ਗਿਆ ਕਿ ਕਾਂਗਰਸ ਵੱਲੋਂ ਜਿੱਤਣ ਦੀ ਸਮਰੱਥਾ ਨੂੰ ਆਧਾਰ ਬਣਾਉਣ ਦੀ ਬਜਾਏ ਟਿਕਟਾਂ ਵੰਡਣ ਦੀ ਪ੍ਰਕਿਰਿਆ ਦੇ ਨਾਂ ’ਤੇ ਖਾਨਾਪੂਰਤੀ ਤੋਂ ਜ਼ਿਆਦਾ ਕੁਝ ਨਹੀਂ ਕੀਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਹੁਣ ਆਜ਼ਾਦ ਜਿੱਤਣ ਵਾਲੇ ਕੌਂਸਲਰਾਂ ਨੂੰ ਵਾਪਸ ਕਾਂਗਰਸ ’ਚ ਸ਼ਾਮਲ ਕਰਨ ਲਈ ਹਾਈਕਮਾਨ ਨੂੰ ਦਖਲ ਦੇਣਾ ਪੈ ਰਿਹਾ ਹੈ।