ਕਰਜ਼ੇ ਦੇ ਭੁਗਤਾਨ ਲਈ ਸਹਿਮਤ ਹੋਣ ਤੋਂ ਬਾਅਦ ਬੈਂਕ ਡਿਫਾਲਟਰ ਰਿਹਾਅ

07/01/2018 5:58:11 AM

ਤਰਨਤਾਰਨ,   (ਰਮਨ)-  ਸਹਿਕਾਰੀ ਖੇਤੀਬਾਡ਼ੀ ਵਿਕਾਸ ਬੈਂਕ ਵੱਲੋਂ ਕਿਸ਼ਤਾਂ ਨਾ ਭਰਨ ਵਾਲੇ ਡਿਫ਼ਾਲਟਰਾਂ ਖਿਲਾਫ਼ ਕਰਜ਼ਾ ਵਸੂਲੀ ਦੀ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਮੁਹਿੰਮ ਤਹਿਤ ਸਹਿਕਾਰੀ ਖੇਤੀਬਾਡ਼ੀ ਵਿਕਾਸ ਬੈਂਕ ਤਰਨਤਾਰਨ ਵੱਲੋਂ ਬੀਤੇ ਦਿਨੀਂ ਦਿਲਬਾਗ ਸਿੰਘ ਪੁੱੱਤਰ ਨਿਰੰਜਨ ਸਿੰਘ ਵਾਸੀ ਪਿੰਡ ਮਾਣੋਚਾਹਲ ਨੂੰ ਬੈਂਕ ਦਾ ਕਰਜ਼ਾ ਨਾ ਮੋਡ਼ਨ ਕਾਰਨ ਗ੍ਰਿਫ਼ਤਾਰ ਕਰ ਕੇ 10 ਦਿਨਾਂ ਲਈ ਜੇਲ ਭੇਜਿਆ ਗਿਆ ਸੀ ਅਤੇ 10 ਦਿਨ ਜੇਲ ਕੱਟਣ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਉਸ ਨੂੰ ਮਾਣਯੋਗ ਉਪ ਮੰਡਲ ਮੈਜਿਸਟ੍ਰੇਟ ਤਰਨਤਾਰਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਉਪ ਮੰਡਲ ਮੈਜਿਸਟ੍ਰੇਟ ਨੇ ਉਸ ਨੂੰ ਮਿਥੇ ਹੋਏ ਸਮੇਂ ’ਚ ਬੈਂਕ ਦਾ ਪੂਰਾ ਕਰਜ਼ਾ ਜਮ੍ਹਾ ਕਰਵਾਉਣ ਦੀ ਸ਼ਰਤ ਅਤੇ ਲਿਖ਼ਤੀ ਇਕਰਾਰਨਾਮਾ ਲੈ ਕੇ ਰਿਹਾਅ ਕਰ ਦਿੱਤਾ। ਇਸ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਹੀ ਕੁਝ ਦਿਨ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੈਂਕ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ ਅਤੇ ਡਿਫਾਲਟਰ ਕਿਸਾਨ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਲਈ ਬੈਂਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਦਬਾਅ ਪਾਇਆ ਗਿਆ ਸੀ ਪਰ ਬੈਂਕ ਅਧਿਕਾਰੀਆਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਦੇ ਕਿਸੇ ਵੀ ਦਬਾਅ ਨੂੰ ਨਾ ਮੰਨਦੇ ਹੋਏ ਕਰਜ਼ਦਾਰ ਨੂੰ ਨਹੀਂ ਛੱਡਿਆ ਗਿਆ ਸੀ।
  ਇਸ ਮੌਕੇ ਬੈਂਕ ਮੈਨੇਜਰ ਨੇ ਦੱਸਿਆ ਕਿ  ਦਿਲਬਾਗ ਸਿੰਘ ਨੇ ਸਾਲ 2004 ਵਿਚ ਬੈਂਕ ਕੋਲੋਂ ਡੇਅਰੀ ਫਾਰਮ ਲਈ ਕਰਜ਼ਾ ਲਿਆ ਸੀ ਪਰ ਅੱਜ ਤੱਕ ਉਸ ਨੇ ਕੋਈ ਵੀ ਕਿਸ਼ਤ ਬੈਂਕ ਵਿਚ ਜਮ੍ਹਾ ਨਹੀਂ ਕਰਵਾਈ, ਜੋ  ਵਿਲਫੁੱਲ ਡਿਫਾਲਟਰ ਹੈ ਅਤੇ ਜਾਣਬੁੱੱਝ ਕੇ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਹੀਂ ਕਰ ਰਿਹਾ ਸੀ। ਇਸ ਦੇ ਸਬੰਧ ਵਿਚ ਹੀ ਉਸ   ਨੂੰ  ਗ੍ਰਿਫ਼ਤਾਰ ਕਰ ਕੇ ਸਹਾਇਕ ਕੁਲੈਕਟਰ ਵੱਲੋਂ ਜੇਲ ਭੇਜਿਆ ਗਿਆ ਸੀ।
ਇਸ ਮੌਕੇ  ਰਿਜਨਲ ਅਫਸਰ ਹਰਪ੍ਰੀਤ ਸਿੰਘ ਚੀਮਾ ਅਤੇ ਜ਼ਿਲਾ ਮੈਨੇਜਰ ਰਿਪੁਦਮਨ ਸਿੰਘ ਅੌਲਖ ਨੇ ਦੱੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਸਹਿਕਾਰੀ ਖੇਤੀਬਾਡ਼ੀ ਵਿਕਾਸ ਬੈਂਕਾਂ ਤਰਨਤਾਰਨ, ਪੱਟੀ, ਚੋਹਲਾ ਸਾਹਿਬ ਤੇ ਭਿੱੱਖੀਵਿੰਡ ਦਾ ਵੱਡੇ ਅਤੇ ਜਾਣਬੁੱਝ ਕੇ ਕਰਜ਼ਾ  ਨਾ  ਮੋੜਨ ਵਾਲੇ ਡਿਫਾਲਟਰਾਂ  ਖਿਲਾਫ਼ ਮਾਣਯੋਗ ਅਦਾਲਤ ਵੱਲੋਂ ਵਾਰੰਟ ਜਾਰੀ ਹੋਣ ਤੋਂ ਬਾਅਦ ਵੱਡੇ ਅਤੇ ਰਸੂਖਦਾਰ ਡਿਫਾਲਟਰਾਂ ਦੇ ਖ਼ਿਲਾਫ਼ ਕਾਰਵਾਈ ਅਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ’ਤੇ ਡਿਫਲਾਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
 


Related News