ਪਟਿਆਲਾ ਦੇ ''ਕਿਲ੍ਹੇ'' ਵਿਚ ਸੰਨ੍ਹ ਲਾਉਣੀ ਥੋੜ੍ਹੀ ਮੁਸ਼ਕਿਲ ਪਰ ਅਸੰਭਵ ਨਹੀਂ

01/19/2017 12:37:31 PM

 

ਪਟਿਆਲਾ — ਪੰਜਾਬ ਦੇ ਇਤਿਹਾਸ ''ਚ ਹੁਣ ਤਕ ਦੀ ਕਾਂਗਰਸ ਦੀ ਸਭ ਤੋਂ ਛੋਟੀ ਮੰਨੀ ਜਾ ਰਹੀ ਚੋਣ ਮੁਹਿੰਮ ਦੌਰਾਨ ਵੀ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਭਰ ''ਚ ਚੋਣ ਪ੍ਰਚਾਰ ''ਚ ਰੁੱਝੇ ਰਹਿਣ ਦੀ ਸੰਭਾਵਨਾ ਹੈ ਪਰ ਇਸ ਦੇ ਬਾਵਜੂਦ ਇਸ ਗੱਲ ਦੀ ਸੰਭਾਵਨਾ ਘੱਟ ਹੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਵਿਰੋਧੀ ਦਲ ਕੈਪਟਨ ਅਮਰਿੰਦਰ ਸਿੰਘ ਦੇ ''ਪਟਿਆਲਾ ਕਿਲੇ'' ਵਿਚ ਸੰਨ੍ਹ ਲਗਾ ਸਕਣਗੇ। ਪਟਿਆਲਾ ਦੇ ਲੋਕਾਂ ਦਾ ਮੰਨਣਾ ਹੈ ਕਿ ਕਿਲੇ ''ਚ ਸੰਨ੍ਹ ਲਗਾਉਣੀ ਮੁਸ਼ਕਿਲ ਜ਼ਰੂਰ ਹੈ ਪਰ ਅਸੰਭਵ ਨਹੀਂ ਹੈ ਕਿਉਂਕਿ ਅਜਿਹੀਆਂ ਕਈ ਗੱਲਾਂ ਹਨ, ਜੋ ''ਮੋਤੀ ਮਹਿਲ'' ਦੇ ਖਿਲਾਫ ਜਾਂਦੀਆਂ ਹਨ। ਜੇਕਰ ਵਿਰੋਧੀ ਦਲ ਲੋਕਾਂ ਦੇ ਇਸ ਸੈਂਟੀਮੈਂਟ ਨੂੰ ਫੜ ਕੇ ਅੱਗੇ ਵਧਦੇ ਹਨ ਤਾਂ ਸੰਭਵ ਹੈ ਕਿ ਚੋਣ ਨਤੀਜਾ ਬਦਲਿਆ ਜਾ ਸਕੇ। ਇਸ ਦੇ ਨਾਲ ਹੀ ਕਾਂਗਰਸੀ ਉਮੀਦਵਾਰ ਵਲੋਂ ਦੋ ਸੀਟਾਂ ਤੋਂ ਚੋਣ ਲੜਨ ਕਾਰਨ ਵੀ ਇਸ ਵਾਰ ਕਿਲੇ ''ਚ ਸੰਨ੍ਹ ਲੱਗਣ ਦੀਆਂ ਸੰਭਾਵਨਾਵਾਂ ਮਜ਼ਬੂਤ ਬਣ ਰਹੀਆਂ ਹਨ। ਪਟਿਆਲਾ ਸਿਟੀ ਦੇ ਵੋਟਰ ਵੀ ਬਾਕੀ ਪੰਜਾਬ ਦੇ ਵੋਟਰਾਂ ਵਾਂਗ ਹੀ ਚੁੱਪੀ ਧਾਰੀ ਬੈਠੇ ਹਨ ਪਰ ਇਹ ਚੁੱਪੀ ਪਿਛਲੀਆਂ ਲੋਕ ਸਭਾ ਚੋਣਾਂ ਵਾਂਗ ਹੀ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਸ਼ਾਹੀ ਪਰਿਵਾਰ ਵੀ ਪਟਿਆਲਾ ਸਿਟੀ ਦੇ ਵੋਟਰਾਂ ਨੂੰ ''ਟੇਕਨ ਫਾਰ ਗ੍ਰਾਂਟਿਡ'' ਲੈਣ ਦੀ ਭੁੱਲ ਦੁਹਰਾਉਣ ਦੇ ਮੂਡ ''ਚ ਨਹੀਂ ਹੈ। ਲੰਬੀ ਤੋਂ ਸ਼੍ਰੋਅਦ ਉਮੀਦਵਾਰ ਜਿੱਤਿਆ ਤਾਂ ਮੁੱਖ ਮੰਤਰੀ ਅਤੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਜਿੱਤਿਆ ਤਾਂ ਮੁੱਖ ਮੰਤਰੀ। ਇਹੀ ਵਜ੍ਹਾ ਹੈ ਕਿ ਲੰਬੀ ਵਾਂਗ ਹੀ ਪਟਿਆਲਾ ਵਿਧਾਨ ਸਭਾ ਹਲਕੇ ਦਾ ਚੋਣ ਮਾਹੌਲ ਵੀ ਹੌਟ-ਹੌਟ ਹੈ।
ਕਾਂਗਰਸ ਦਾ ਰਿਹਾ ਹੈ ਪੱਲੜਾ ਭਾਰੀ
ਪਟਿਆਲਾ ''ਚ ਹੁਣ ਤਕ ਹੋਈਆਂ ਵਿਧਾਨ ਸਭਾ ਚੋਣਾਂ ''ਚ ਕਾਂਗਰਸ ਦਾ ਪੱਲੜਾ ਹੀ ਭਾਰੀ ਰਿਹਾ ਹੈ। ਸਾਲ 1957 ਤੋਂ ਹੁਣ ਤਕ 15 ਵਾਰ ਚੋਣਾਂ ਤੇ ਉਪ ਚੋਣਾਂ ਹੋਈਆਂ, ਜਿਨ੍ਹਾਂ ਵਿਚ 10 ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ। ਇਸ ਤੋਂ ਇਲਾਵਾ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ, ਜਦਕਿ ਪੰਜ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 2002 ਤੋਂ ਲੈ ਕੇ ਹੁਣ ਤਕ ਕਾਂਗਰਸ ਹੀ ਜਿੱਤੀ ਹੈ, ਜਿਸ ਵਿਚ 2002, 2007 ਤੇ 2012 ''ਚ ਕੈਪਟਨ ਨੇ ਅਕਾਲੀ ਦਲ ਨੂੰ ਮਾਤ ਦਿੱਤੀ ਹੈ। ਉੱਥੇ ਹੀ 2014 ''ਚ ਹੋਈਆਂ ਉਪ ਚੋਣਾਂ ''ਚ ਕੈਪਟਨ ਦੀ ਪਤਨੀ ਪਰਨੀਤ ਕੌਰ ਨੇ ਚੋਣ ਲੜੀ ਅਤੇ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਨੂੰ 23 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। ਚੋਣ ਕਮਿਸ਼ਨ ਅਨੁਸਾਰ ਪਟਿਆਲਾ ਵਿਧਾਨ ਸਭਾ ਹਲਕੇ ''ਚ ਕੁੱਲ 1,40,314 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚੋਂ 73,852 ਪੁਰਸ਼ ਅਤੇ 66,462 ਮਹਿਲਾ ਵੋਟਰ ਹਨ।
ਕੈਪਟਨ ਸਿਆਸਤ ''ਚ ਜਨਰਲ ਤੋਂ ''ਸੀਨੀਅਰ''
ਪਟਿਆਲਾ ਵਿਧਾਨ ਸਭਾ ਹਲਕੇ ਤੋਂ ਇਸ ਵਾਰ ਫੌਜ ਦੇ 2 ਵੱਡੇ ਦਿੱਗਜ ਆਹਮੋ-ਸਾਹਮਣੇ ਹੋਣਗੇ। ਹਾਲਾਂਕਿ ਜਨਰਲ ਸਿੰਘ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ ਪਰ ਕੈਪਟਨ ਅਮਰਿੰਦਰ ਨੂੰ ਸਿਆਸਤ ਦਾ ਜ਼ਿਆਦਾ ਤਜਰਬਾ ਹੈ। ਜਨਰਲ ਸਿੰਘ ਜਿੱਥੇ ਫੌਜ ਦੇ ਸਰਵ ਉੱਚ ਅਹੁਦੇ ''ਤੇ ਰਹਿ ਚੁੱਕੇ ਹਨ, ਉੱਥੇ ਹੀ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਦੋਵੇਂ ਉਮੀਦਵਾਰ ਇਕ-ਇਕ ਵਾਰ ਪਾਕਿਸਤਾਨ ਵਿਰੁੱਧ ਜੰਗ ਵਿਚ ਵੀ ਸ਼ਾਮਲ ਰਹੇ ਹਨ। ਕੈਪਟਨ ਜਿੱਥੇ 1965 ''ਚ ਪਾਕਿਸਤਾਨ ਖਿਲਾਫ ਜੰਗ ''ਚ ਸ਼ਾਮਲ ਸਨ, ਉੱਥੇ ਹੀ ਜਨਰਲ ਸਿੰਘ 1971 ਤੋਂ ਇਲਾਵਾ ਆਪ੍ਰੇਸ਼ਨ ਕਾਰਗਿੱਲ ਵਿਚ ਵੀ ਸ਼ਾਮਲ ਸਨ। ਕੈਪਟਨ ਦੇ ਫੌਜ ''ਚ ਭਰਤੀ ਹੋਣ ਤੋਂ ਇਕ ਸਾਲ ਬਾਅਦ ਜੇ. ਜੇ. ਸਿੰਘ ਭਰਤੀ ਹੋਏ ਸਨ। 1980 ''ਚ ਕੈਪਟਨ ਫੌਜ ਨੂੰ ਛੱਡ ਕੇ ਸਿਆਸਤ ''ਚ ਆ ਗਏ, ਜਦਕਿ ਜਨਰਲ ਸਿੰਘ ਨੇ 46 ਸਾਲ ਫੌਜ ''ਚ ਸੇਵਾ ਤੋਂ ਬਾਅਦ ਰਿਟਾਇਰਮੈਂਟ ਲੈ ਲਈ।
ਸਿਆਸਤ ''ਚ ਆਉਣ ਵਾਲੇ ਜਨਰਲ ਸਿੰਘ ਫੌਜ ਦੇ ਦੂਸਰੇ ਵੱਡੇ ਅਧਿਕਾਰੀ
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਫੌਜ ਦੇ ਜਨਰਲ ਨੂੰ ਕਿਸੇ ਸਿਆਸੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਜਨਰਲ ਵੀ. ਕੇ. ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਰਿਟਾਇਰਮੈਂਟ ਤੋਂ ਬਾਅਦ ਜਨਰਲ ਸਿੰਘ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਖਿਲਾਫ ਬਾਬਾ ਰਾਮਦੇਵ ਵਿਰੋਧ ਪ੍ਰਦਰਸ਼ਨ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਮਾਰਚ 2014 ''ਚ ਜਨਰਲ ਸਿੰਘ ਨੇ ਭਾਜਪਾ ਜੁਆਇਨ ਕਰ ਲਈ ਸੀ। 2014 ਵਿਚ ਹੀ ਭਾਜਪਾ ਨੇ ਉਨ੍ਹਾਂ ਨੂੰ ਗਾਜ਼ੀਆਬਾਦ ਲੋਕਸਭਾ ਹਲਕੇ ਤੋਂ ਉਮੀਦਵਾਰ ਬਣਾਇਆ। ਉਨ੍ਹਾਂ ਨੇ ਕਾਂਗਰਸ ਦੇ ਰਾਜ ਬੱਬਰ ਨੂੰ ਹਰਾਇਆ ਸੀ। 
ਇਸ ਲਈ ਵੋਟ ਦਿਓ ; ਜਿੱਤਣ ਵਾਲਾ ਉਮੀਦਵਾਰ ਮੁਹੱਈਆ ਰਹੇਗਾ ਜਾਂ ਨਹੀਂ
ਹੋਰ ਸ਼ਹਿਰਾਂ ਦੇ ਮੁਕਾਬਲੇ ਪਟਿਆਲਾ ''ਤੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਕਰਮ ਥੋੜ੍ਹਾ ਘੱਟ ਹੀ ਰਿਹਾ। ਕੁਝ ਮਹੀਨੇ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀਆਂ ਗਲੀਆਂ-ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਸੀ, ਜੋ ਕਈ ਥਾਵਾਂ ''ਤੇ ਹਾਲੇ ਵੀ ਚੱਲ ਰਿਹਾ। ਸ਼ਹਿਰ ਦੇ ਬਿਲਕੁਲ ਅੰਦਰੂਨੀ ਇਲਾਕੇ ਅਨਾਰਦਾਨਾ ਚੌਕ ਨੇੜੇ ਹੀ ਜੌੜੀਆਂ-ਭੱਠੀਆਂ ਦੇ ਚੌਕ ''ਚ ਬਣੀ ਸਟੇਜ ''ਤੇ ਜਦੋਂ ਪਹੁੰਚੇ ਤਾਂ ਚੋਣ ਚਰਚਾ ਦਾ ਮਾਹੌਲ ਚੱਲ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਵਿਧਾਨ ਸਭਾ ਖੇਤਰ ਤੋਂ ਵੀ ਚੋਣ ਲੜਨ ''ਤੇ ''ਵੋਟਰਾਂ ਦਾ ਪੱਖ-ਵਿਰੋਧੀ ਪੱਖ'' ਆਹਮੋ-ਸਾਹਮਣੇ ਸੀ। ਇਕ ਪਾਸੇ ਜਿਥੇ ਲੋਕਾਂ ਦਾ ਕਹਿਣਾ ਸੀ ਕਿ ਕਾਂਗਰਸ ਨੂੰ ਇਸ ਵਾਰ ਆਪਣੀ ਹਾਰ ਨਜ਼ਰ ਆ ਰਹੀ ਹੈ, ਇਸ ਲਈ ਕੈਪਟਨ ਨੂੰ ਦੋ ਸੀਟਾਂ ''ਤੇ ਉਤਾਰਿਆ ਗਿਆ ਹੈ ਤਾਂ ਉਥੇ ਹੀ ਦੂਜੇ ਪਾਸੇ ਕੈਪਟਨ ਦੇ ਇਸ ਕਦਮ ਨੂੰ ''ਮਾਸਟਰ ਸਟ੍ਰੋਕ'' ਦੱਸਣ ਵਾਲੇ ਵੀ ਡਟੇ ਰਹੇ। ਇਕ ਸੱਜਣ ਨੇ ਕਿਹਾ ਕਿ
ਲੋਕਾਂ ਨੂੰ ਚਾਹੀਦਾ ਤਾਂ ਇਹੀ ਹੈ ਕਿ ਇਸ ਗੱਲ ਨੂੰ ਧਿਆਨ ''ਚ ਰੱਖ ਕੇ ਵੋਟਿੰਗ ਕਰਨ ਕਿ ਜਿੱਤਣ ਵਾਲਾ ਉਮੀਦਵਾਰ ਲੋਕਾਂ ਲਈ ਉਪਲੱਬਧ ਰਹੇਗਾ ਜਾਂ ਨਹੀਂ ਪਰ ਪਤਾ ਨਹੀਂ ਕਿਉਂ ਪਟਿਆਲਾ ਦੇ ਵੋਟਰ ਸਿਰਫ ''ਵੀ. ਆਈ. ਪੀ.'' ਵਿਚ ਹੀ ਖੁਸ਼ ਹੋ ਜਾਂਦੇ ਹਨ। 
ਲੋਕਾਂ ''ਚ ਵੀ. ਆਈ. ਪੀ. ਟੈਗ ਦਾ ਲਾਲਚ ਵੀ
ਹਾਲਾਂਕਿ ਪਟਿਆਲਾ ਸਿਟੀ ਦੇ ਲੋਕਾਂ ''ਚ ਇਸ ਗੱਲ ਨੂੰ ਲੈ ਕੇ ਰੋਸ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜ਼ਿਆਦਾਤਰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰਹਿੰਦੇ ਹਨ ਪਰ ਕਾਂਗਰਸ ਵਲੋਂ ਸੱਤਾ ਹਾਸਲ ਕਰਨ ਦੀ ਸਥਿਤੀ ''ਚ ਕੈਪਟਨ ਦੇ ਸੀ. ਐੱਮ. ਬਣਨ ਦੀ ਉਮੀਦ ਵੋਟਰਾਂ ਨੂੰ ਲਲਚਾ ਰਹੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਪਟਿਆਲਾ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਬਾਸ਼ਿੰਦੇ ਹਾਲੇ ਵੀ ਕੈਪਟਨ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਹੋਏ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ।
ਅਕਾਲੀ ਦਲ ਦਾ ਨਵਾਂ ਪ੍ਰਯੋਗ, ਫੌਜੀ ''ਤੇ ਖੇਡਿਆ ਦਾਅ
ਅਕਾਲੀ ਦਲ ਵੀ ਇਸ ਵਾਰ ਇਸ ਰਿਆਸਤੀ ਸ਼ਹਿਰ ਦੀ ਸੀਟ ''ਤੇ ਆਪਣੀ ਜਿੱਤ ਦਾ ਪਰਚਮ ਲਹਿਰਾਉਣ ਦੇ ਯਤਨਾਂ ''ਚ ਹੈ ਅਤੇ ਇਸੇ ਲੜੀ ''ਚ ਅਕਾਲੀ ਦਲ-ਭਾਜਪਾ ਵਲੋਂ ਕਾਂਗਰਸ ਉਮੀਦਵਾਰ ''ਕੈਪਟਨ'' ਦੇ ਮੁਕਾਬਲੇ ''ਜਨਰਲ'' ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਗਿਆ ਹੈ। ਹਾਲਾਂਕਿ ਅਕਾਲੀ-ਭਾਜਪਾ ਉਮੀਦਵਾਰ ''ਤੇ ''ਬਾਹਰੀ'' ਦਾ ਟੈਗ ਲੱਗਾ ਹੋਣ ਕਾਰਨ ਅੰਦਰਖਾਤੇ ਵਿਰੋਧ ਵੀ ਹੈ, ਜਿਸ ਨੂੰ ਪਾਰਟੀ ਲੀਡਰਸ਼ਿਪ ਸ਼ਾਂਤ ਕਰਨ ਲਈ ਲਗਾਤਾਰ ਯਤਨਸ਼ੀਲ ਰਹੀ ਅਤੇ ਸਫਲ ਹੁੰਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਇਸ ਤੋਂ ਪਹਿਲਾਂ ਵੀ 2015 ਦੀਆਂ ਉਪ ਚੋਣਾਂ ''ਚ ਹਿੰਦੂ ਉਮੀਦਵਾਰ ਉਤਾਰਨ ਦਾ ਪ੍ਰਯੋਗ ਕਰ ਚੁੱਕਾ ਹੈ, ਜਦਕਿ ਇਸ ਵਾਰ ''ਫੌਜੀ'' ''ਤੇ ਦਾਅ ਲਗਾਉਂਦੇ ਹੋਏ ਨਵਾਂ ਪ੍ਰਯੋਗ ਸਫਲ ਹੋਣ ਦੀ ਉਮੀਦ ਲਗਾਈ ਬੈਠਾ ਹੈ।
''ਆਪ'' ਕਰ ਸਕਦੀ ਹੈ ''ਸਰਜੀਕਲ ਸਟ੍ਰਾਈਕ'' 
ਉੱਧਰ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ''ਚ ਡਾ. ਬਲਬੀਰ ਸਿੰਘ ਮੌਜੂਦ ਹਨ ਅਤੇ ਯੁੱਧ ਕਲਾ ''ਚ ਮਾਹਿਰ ਦੋਵਾਂ ਹੀ ਸਾਬਕਾ ਫੌਜੀਆਂ ਨੂੰ ''ਸਰਜੀਕਲ ਸਟ੍ਰਾਈਕ'' ਜ਼ਰੀਏ ਧੂੜ ਚਟਾਉਣ ਦੀ ਕੋਸ਼ਿਸ਼ ''ਚ ਹਨ। ਆਮ ਆਦਮੀ ਪਾਰਟੀ ਸੂਬੇ ਭਰ ''ਚ ਚੱਲ ਰਹੀ ਸੱਤਾ ਵਿਰੋਧੀ ਲਹਿਰ ਦਾ ਫਾਇਦਾ ਪਟਿਆਲਾ ''ਚ ਵੀ ਮਿਲਣ ਦੀ ਉਮੀਦ ਕਰ ਰਹੀ ਹੈ ਪਰ ਇਥੋਂ ਪਾਰਟੀ ਟਿਕਟ ''ਤੇ ਸੰਸਦ ਮੈਂਬਰ ਬਣੇ ਡਾ. ਧਰਮਵੀਰ ਗਾਂਧੀ ''ਆਪ'' ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਬਣ ਕੇ ਮਜ਼ਬੂਤੀ ਨਾਲ ਖੜ੍ਹੇ ਹਨ।
ਸੱਤਾ ਵਿਰੋਧੀ ਲਹਿਰ ਦੇ ਨਾਲ-ਨਾਲ ਸ਼ਹਿਰ ਦਾ ਵਿਕਾਸ ਤੇ ਵਿਵਸਥਾ ਵੀ ਮੁੱਦਾ

 

ਇਥੋਂ ਪੋਲੋ ਗਰਾਊਂਡ ਤੇ ਮੋਤੀ ਮਹਿਲ ਵੱਲ ਵਧਦੀ ਸੜਕ ''ਤੇ ਚਲਦੇ ਹੋਏ ਕੁਝ ਦੂਰੀ ''ਤੇ ਹੀ ਚੋਣਾਂ ਕਾਰਨ ਕੰਮਕਾਰ ''ਚ ਆਈ ਥੋੜ੍ਹੀ ਮੰਦੀ ਵਿਚਕਾਰ ਆਪਣੀਆਂ ਦੁਕਾਨਾਂ ਦੇ ਬਾਹਰ ਬੈਠੇ ਦੁਕਾਨਦਾਰਾਂ ਨਾਲ ਗੱਲਬਾਤ ਹੋਈ। ਸਿਆਸੀ ਹਵਾ ਬਾਰੇ ਪੁੱਛਣ ''ਤੇ ਇਕ ਵਾਰ ਤਾਂ ਚੁੱਪੀ ਪਸਰ ਗਈ ਪਰ ਫਿਰ ਪੂਰੇ ਪੰਜਾਬ ''ਚ ਤਿਕੋਣਾ ਮੁਕਾਬਲਾ ਹੋਣ ਦਾ ਹਵਾਲਾ ਦਿੰਦੇ ਹੋਏ ਪਟਿਆਲਾ ''ਚ ਵੀ ਅਜਿਹੀ ਸਥਿਤੀ ਬਿਆਨ ਕੀਤੀ ਗਈ। ਸੱਤਾ ਵਿਰੋਧੀ ਲਹਿਰ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ, ਵਿਵਸਥਾ ਨੂੰ ਵੀ ਮੁੱਦਾ ਦੱਸਿਆ ਗਿਆ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ''ਚ ਪ੍ਰਸ਼ਾਸਨਿਕ ਅਣਦੇਖੀ ਅਤੇ ਸਿਆਸੀ ਹਿੱਤ ਹੀ ਅਵਿਵਸਥਾ ਦਾ ਕਾਰਨ ਬਣ ਰਹੇ ਹਨ। ਨਾਜਾਇਜ਼ ਕਬਜ਼ਿਆਂ ਕਾਰਨ ਰਸਤੇ ਹੋਰ ਵੀ ਛੋਟੇ ਹੁੰਦੇ ਜਾ ਰਹੇ ਹਨ ਅਤੇ ਅਵਿਵਸਥਿਤ ਅਤੇ ਬੇਕਾਬੂ ਵਾਹਨਾਂ ਦੀ ਪਾਰਕਿੰਗ ਸਿਰਦਰਦ ਬਣੀ ਹੋਈ ਹੈ। ਮੀਂਹ ਦੇ ਦਿਨਾਂ ''ਚ ਇਲਾਕੇ ''ਚ ਪਾਣੀ ਭਰ ਜਾਣਾ ਆਮ ਗੱਲ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਪਰ ਇਸ ਲਈ ਸਿਆਸੀ ਇੱਛਾ-ਸ਼ਕਤੀ ਅਤੇ ਸੱਤਾ ਦਾ ਸਾਥ ਜ਼ਰੂਰੀ ਹੈ। ਇਹੋ ਸੋਚ ਕੇ ਪਟਿਆਲਾ ਦੇ ਲੋਕ ਵੋਟਿੰਗ ਕਰਨਗੇ। 


Related News