ਹੁਸ਼ਿਆਰਪੁਰ ਰੋਡ ’ਤੇ ਸਥਿਤ ਸ਼ਰਾਬ ਦੇ ਗੋਦਾਮ ’ਚ ਚੱਲ ਰਹੀ ਸ਼ਰਾਬ ਦੀ ਦੁਕਾਨ

Saturday, Sep 07, 2024 - 07:09 AM (IST)

ਹੁਸ਼ਿਆਰਪੁਰ ਰੋਡ ’ਤੇ ਸਥਿਤ ਸ਼ਰਾਬ ਦੇ ਗੋਦਾਮ ’ਚ ਚੱਲ ਰਹੀ ਸ਼ਰਾਬ ਦੀ ਦੁਕਾਨ

ਜਲੰਧਰ (ਰਮਨ) : ਐਕਸਾਈਜ਼ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਡਵੀਜ਼ਨ ਨੰ. 8 ਅਧੀਨ ਪੈਂਦੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਇਕ ਸ਼ਰਾਬ ਕਾਰੋਬਾਰੀ ਦੇ ਸਟਾਕ ਲਈ ਬਣਾਏ ਗਏ ਗੋਦਾਮ ਵਰਗੇ ਠੇਕੇ ਤੋਂ ਸਿੱਧੇ ਤੌਰ 'ਤੇ ਸ਼ਰਾਬ ਦੀ ਧੜੱਲੇ ਨਾਲ ਸਪਲਾਈ ਹੋ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸ਼ਰਾਬ ਦਾ ਗੋਦਾਮ ਮੇਨ ਰੋਡ ’ਤੇ ਚੱਲ ਰਿਹਾ ਹੈ। ਇਸ ਦਾ ਸਿੱਧਾ ਫਾਇਦਾ ਲੈਣ ਲਈ ਲਾਇਸੈਂਸਸ਼ੁਦਾ ਸ਼ਰਾਬ ਵਿਕ੍ਰੇਤਾ ਨੇ ਉਸ ਇਲਾਕੇ ਨੂੰ ਜਿੱਥੇ ਸ਼ਰਾਬ ਦੀਆਂ ਦੁਕਾਨਾਂ ਚੱਲ ਰਹੀਆਂ ਸਨ, ਨੂੰ ਸ਼ਰਾਬ ਦਾ ਗੋਦਾਮ ਐਲਾਨ ਦਿੱਤਾ ਹੈ।

ਨਿਯਮਾਂ ਅਨੁਸਾਰ ਜਿੱਥੇ ਸ਼ਰਾਬ ਦਾ ਗੋਦਾਮ ਹੈ, ਉੱਥੇ ਸ਼ਰਾਬ ਦੀ ਸਿੱਧੀ ਪ੍ਰਚੂਨ ਵਿਕਰੀ ਨਹੀਂ ਹੋ ਸਕਦੀ ਪਰ ਆਬਕਾਰੀ ਵਿਭਾਗ ਦੀ ਮਿਹਰਬਾਨੀ ਸਦਕਾ ਦੂਜੇ ਸ਼ਹਿਰ ਦਾ ਇਕ ਮਸ਼ਹੂਰ ਲਾਇਸੈਂਸਸ਼ੁਦਾ ਸ਼ਰਾਬ ਵਿਕ੍ਰੇਤਾ ਇੱਕੋ ਲਾਇਸੈਂਸ ਦੀ ਆੜ ’ਚ 2 ਥਾਵਾਂ ’ਤੇ ਧੜੱਲੇ ਨਾਲ ਸ਼ਰਾਬ ਵੇਚ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਉਕਤ ਹੁਸ਼ਿਆਰਪੁਰ ਰੋਡ ’ਤੇ ਇਕ ਦੁਕਾਨ ’ਚ ਭਾਰੀ ਮਾਤਰਾ 'ਚ ਸ਼ਰਾਬ ਦੀਆਂ ਪੇਟੀਆਂ ਸੁੱਟੀਆਂ ਗਈਆਂ ਹਨ। ਪੰਜਾਬ ਸਰਕਾਰ ਤੇ ਆਬਕਾਰੀ ਵਿਭਾਗ ਦੀ ਨੀਤੀ ਮੁਤਾਬਕ ਉਸ ਸ਼ਰਾਬ ਦੇ ਗੋਦਾਮ ਦੀ ਦੁਕਾਨ ’ਤੇ ਆਬਕਾਰੀ ਵਿਭਾਗ ਵੱਲੋਂ ਨਾ ਤਾਂ ਕਿਸੇ ਸ਼ਰਾਬ ਠੇਕੇਦਾਰ ਦਾ ਨਾਂ ਤੇ ਨਾ ਹੀ ਐੱਲ-1 ਤੇ ਨਾ ਹੀ ਕੋਈ ਬੋਰਡ ਲਾਇਆ ਗਿਆ ਹੈ, ਜਿੱਥੋਂ ਰੋਜ਼ਾਨਾ ਸੈਂਕੜੇ ਗੱਡੀਆਂ ’ਚ ਸ਼ਰਾਬ ਇਧਰ-ਉਧਰ ਸਪਲਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਰਾਟੇ ਟੀਚਰ ਨੇ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀ ਛੇੜਛਾੜ, ਪਿਓ ਨੇ ਪ੍ਰਿੰਸੀਪਲ 'ਤੇ ਲਾਏ ਗੰਭੀਰ ਦੋਸ਼

ਸੂਤਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਇੱਥੋਂ ਲੰਘਣ ਵਾਲੇ ਲੋਕ ਸ਼ਰਾਬ ਦੀ ਇੰਨੀ ਵੱਡੀ ਖੇਪ ਉੱਥੇ ਪਈ ਦੇਖ ਕੇ ਹੈਰਾਨ ਹਨ ਤੇ ਕੁਝ ਲੋਕ ਉੱਥੇ ਬੈਠੇ ਅਧਿਕਾਰੀਆਂ ਤੋਂ ਸ਼ਰਾਬ ਦਾ ਰੇਟ ਤੇ ਪੇਟੀਆਂ ਦਾ ਰੇਟ ਵੀ ਪੁੱਛ ਰਹੇ ਹਨ। ਇਸ ਦੇ ਬਾਵਜੂਦ ਸ਼ਰਾਬ ਦੀ ਢੋਆ-ਢੁਆਈ ਕਰਨ ਤੇ ਗੋਦਾਮ ਬਣਾਉਣ ਵਾਲੇ ਮਸ਼ਹੂਰ ਠੇਕੇਦਾਰ ਨੂੰ ਨਾ ਤਾਂ ਕਿਸੇ ਦੀ ਪ੍ਰਵਾਹ ਹੈ ਤੇ ਨਾ ਹੀ ਉਸ ਨੂੰ ਪੁਲਸ ਪ੍ਰਸ਼ਾਸਨ ਜਾਂ ਆਬਕਾਰੀ ਵਿਭਾਗ ਦਾ ਕੋਈ ਡਰ ਹੈ। ਸ਼ਰਾਬ ਇੰਨੀ ਵੱਡੀ ਮਾਤਰਾ 'ਚ ਖੁੱਲ੍ਹੇਆਮ ਡੰਪ ਕਰ ਕੇ ਵੇਚੀ ਜਾ ਰਹੀ ਹੈ, ਜੋ ਸਵਾਲਾਂ ਦੇ ਘੇਰੇ ’ਚ ਹੈ।

ਆਬਕਾਰੀ ਵਿਭਾਗ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਕਿਸੇ ਕਿਸਮ ਦੀ ਕਾਰਵਾਈ ਨਾ ਕਰਨਾ ਵਿਭਾਗ ਤੇ ਸ਼ਰਾਬ ਵੇਚਣ ਵਾਲੇ ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ। ਆਬਕਾਰੀ ਵਿਭਾਗ ਨੇ ਸ਼ਰਾਬ ਵੇਚਣ ਵਾਲੇ ਨੂੰ ਆਪਣੀ ਦੁਕਾਨ ਗੋਦਾਮ ਤੋਂ ਚਲਾਉਣ ਲਈ ਖੁੱਲ੍ਹੀ ਛੂਟ ਦੇ ਦਿੱਤੀ ਹੈ। ਕੀ ਇਹ ਸ਼ਰਾਬ ਦੋ ਨੰਬਰ ਦੀ ਹੈ ਜਾਂ ਬਿਨਾਂ ਬਿੱਲ ਦੇ ਲੋਕਾਂ ਨੂੰ ਥੋਕ ’ਚ ਵੇਚੀ ਜਾ ਰਹੀ ਹੈ? ਸੂਤਰਾਂ ਮੁਤਾਬਕ ਉਕਤ ਸ਼ਰਾਬ ਠੇਕੇਦਾਰ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਪਰ ਫਿਰ ਵੀ ਠੇਕੇਦਾਰੀ ਬਰਕਰਾਰ ਹੈ।

ਮੀਂਹ ਕਾਰਨ ਡਿੱਗ ਗਿਆ ਹੋਵੇਗਾ ਬੋਰਡ, ਲਗਵਾ ਦਿਆਂਗੇ : ਇੰਸਪੈਕਟਰ ਮਨਦੀਪ
ਉਪਰੋਕਤ ਮਾਮਲੇ ਸਬੰਧੀ ਜਦੋਂ ਆਬਕਾਰੀ ਵਿਭਾਗ ਦੇ ਏਰੀਆ ਇੰਸਪੈਕਟਰ ਮਨਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਗੋਦਾਮ ਚੁੱਕਣ ਦੀ ਪ੍ਰਕਿਰਿਆ ਮੁਕੰਮਲ ਹੈ ਤੇ ਗੋਦਾਮ ਦੀ ਮਨਜ਼ੂਰੀ ਲਈ ਗਈ ਹੈ। ਇੰਸਪੈਕਟਰ ਨੂੰ ਪੁੱਛਿਆ ਕਿ ਜੇਕਰ ਲਾਇਸੈਂਸ ਹੈ ਤਾਂ ਗੋਦਾਮ ’ਤੇ ਕਿਸੇ ਕੰਪਨੀ ਜਾਂ ਕਿਸੇ ਠੇਕੇਦਾਰ ਦੇ ਨਾਂ ਦਾ ਬੋਰਡ ਨਹੀਂ ਹੈ ਤਾਂ ਇੰਸਪੈਕਟਰ ਵੱਲੋਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ, ਉਲਟਾ ਉਨ੍ਹਾਂ ਕਿਹਾ ਕਿ ਇਸ ਦੀ ਕੋਈ ਗੱਲ ਨਹੀਂ ਬੋਰਡ ਮੀਂਹ ਕਾਰਨ ਡਿੱਗ ਗਿਆ ਹੋਵੇਗਾ, ਕਹਿ ਕੇ ਲਗਵਾ ਦਿਆਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News