ਸ਼ਰਾਬ ਦੇ ਠੇਕੇ ਨੂੰ ਪਿੰਡ ਦੀ ਵਸੋਂ ਤੋਂ ਬਾਹਰ ਲਿਜਾਣ ਲਈ ਕੀਤਾ ਪ੍ਰਦਰਸ਼ਨ
Friday, Jul 22, 2022 - 04:29 PM (IST)
ਅੱਪਰਾ (ਦੀਪਾ) : ਕਰੀਬੀ ਪਿੰਡ ਸੇਲਕੀਆਣਾ ਦੇ ਵਾਸੀਆਂ ਨੇ ਇਕੱਤਰ ਹੋ ਕੇ ਪਿੰਡ ਦੇ ਬੱਸ ਅੱਡੇ ਦੇ ਨਜ਼ਦੀਕ ਪਿੰਡ ਦਿਆਲਪੁਰ ਰੋਡ ’ਤੇ ਖੁੱਲੇ ਸ਼ਰਾਬ ਦੇ ਠੇਕੇ ਨੂੰ ਪਿੰਡ ਦੀ ਸੰਘਣੀ ਵਸੋਂ ਤੋਂ ਬਾਹਰ ਲਿਜਾਣ ਲਈ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾ ਦਿੱਤਾ। ਇਸ ਮੌਕੇ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਸੰਘਣੀ ਵਸੋਂ ਦੇ ਅੰਦਰ ਤੇ ਬੱਸ ਅੱਡੇ ਦੇ ਨੇੜੇ ਸ਼ਰਾਬ ਦਾ ਠੇਕਾ ਹੋਣ ਕਾਰਣ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਦਿਆਲਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਨ ਲਈ ਪਿੰਡ ਦੀਆਂ ਧੀਆਂ-ਭੈਣਾਂ ਵੀ ਰੋਜ਼ਾਨਾ ਇਸ ਰਸਤੇ ਤੋਂ ਗੁਜ਼ਰਦੀਆਂ ਹਨ ਜਦਕਿ ਫਿਲੌਰ ਤੋਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਮੁੱਖ ਮਾਰਗ ’ਤੇ ਪਿੰਡ ਸੇਲਕੀਆਣਾ ਸਥਿਤ ਹੋਣ ਕਾਰਣ ਤੇ ਪਿੰਡ ਮੰਡੀ, ਦਿਆਲਪੁਰ ਤੇ ਢੱਕ ਮਜਾਰਾ ਦੇ ਵਸਨੀਕ ਵੀ ਇਸੇ ਰਸਤੇ ਤੋਂ ਗੁਜ਼ਰਦੇ ਹਨ।
ਪਿੰਡ ਵਾਸੀਆਂ ਨੇ ਅੱਗੇ ਕਿਹਾ ਕਿ ਸ਼ਰਾਬ ਦੇ ਪਿਆਕੜ ਰੋਜ਼ਾਨਾ ਟੱਲੀ ਹੋ ਕੇ ਇੱਥੇ ਸੜਕ ਕਿਨਾਰੇ ਪਏ ਰਹਿੰਦੇ ਹਨ, ਉੱਚੀ ਅਵਾਜ਼ 'ਚ ਗਾਣੇ ਲਗਾ ਕੇ ਹੁੱਲੜਬਾਜ਼ੀ ਕਰਦੇ ਹਨ ਤੇ ਗਲਤ ਸ਼ਬਦ ਵੀ ਬੋਲਦੇ ਹਨ | ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸ਼ਰਾਬ ਦੇ ਠੇਕੇ ਨੂੰ ਪਿੰਡ ਦੀ ਸੰਘਣੀ ਆਬਾਦੀ ਵਾਲੀ ਵਸੋਂ ਤੋਂ ਬਾਹਰ ਲਿਜਾਇਆ ਜਾਵੇ। ਇਸ ਸੰਬੰਧੀ ਸੰਪਰਕ ਕਰਨ 'ਤੇ ਏ. ਐੱਸ. ਆਈ. ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਮੰਗ ਨੂੰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ ਤੇ ਜਲਦੀ ਹੀ ਮਾਮਲੇ ਦਾ ਹਲ ਕਰ ਦਿੱਤਾ ਜਾਵੇਗਾ।