ਸ਼ਰਾਬ ਵਿਕਰੀ ਦੀ ਅਨਾਊਂਸਮੈਂਟ ਧਾਰਮਿਕ ਸਥਾਨਾਂ ਤੋਂ ਕਰਨ ਦੇ ਹੁਕਮਾਂ ਤੋਂ ਭੜਕਿਆ ਅਕਾਲੀ ਦਲ
Thursday, May 07, 2020 - 12:54 PM (IST)
ਪਟਿਆਲਾ (ਜ. ਬ.) : ਸ਼ਰਾਬ ਦੀ ਹੋਮ ਡਲਿਵਰੀ ਘਰ-ਘਰ ਕੀਤੇ ਜਾਣ ਦੀ ਅਨਾਊਂਸਮੈਂਟ ਸਾਰੇ ਧਾਰਮਕ ਅਸਥਾਨਾਂ ਦੇ ਲਾਊਡ ਸਪੀਕਰਾਂ ਤੋਂ ਕੀਤੇ ਜਾਣ ਦੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਗਏ ਹੁਕਮਾਂ 'ਤੇ ਸ਼੍ਰੋਮਣੀ ਅਕਾਲੀ ਦਲ ਭੜਕ ਉਠਿਆ ਹੈ। ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਅਜਿਹਾ ਕਰ ਕੇ ਸਾਰੇ ਧਾਰਮਕ ਸਥਾਨਾਂ ਦੀ ਬੇਅਦਬੀ ਕੀਤੀ ਹੈ। ਡਾ. ਚੀਮਾ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਸ਼ਰਾਬ ਦੀ ਹੋਮ ਡਲਿਵਰੀ ਵਾਸਤੇ ਇੰਨਾ ਨੀਵਾਂ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਹੁਕਮ ਜਾਰੀ ਕੀਤਾ ਗਿਆ ਹੈ, ਉਸ 'ਚ ਹਦਾਇਤ ਹੈ ਕਿ ਸਾਰੇ ਧਾਰਮਿਕ ਸਥਾਨ ਆਪੋ-ਆਪਣੇ ਲਾਊਡ ਸਪੀਕਰਾਂ ਤੋਂ ਇਹ ਅਨਾਊਂਸਮੈਂਟ ਕਰਨ ਕਿ ਸ਼ਰਾਬ ਦੀ ਹੋਮ ਡਲਿਵਰੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਸ਼ਰਾਬ ਇਸ ਤਰੀਕੇ ਘਰਾਂ ਤੱਕ ਪਹੁੰਚਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਨਾ ਖੁੱਲ੍ਹੇ 'ਸ਼ਰਾਬ ਦੇ ਠੇਕੇ', ਜਾਣੋ ਕੀ ਰਿਹਾ ਕਾਰਨ
ਡਾ. ਚੀਮਾ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ 40 ਮੁਕਤਿਆਂ ਦੀ ਪਵਿੱਤਰ ਧਰਤੀ 'ਤੇ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਹੁਕਮ ਹੈਰਾਨੀਜਨਕ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਦੀ ਜਨਤਾ 'ਤੇ ਤਰਸ ਕਰਨ। ਉਨ੍ਹਾਂ ਮੰਗ ਕੀਤੀ ਕਿ ਇਹ ਹੁਕਮ ਕਿਵੇਂ ਜਾਰੀ ਹੋਏ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਹ ਹੁਕਮ ਸਾਰੇ ਧਾਰਮਿਕ ਸਥਾਨਾਂ ਦੀ ਬੇਅਬਦੀ ਹੈ, ਜਿਸਦੀ ਜ਼ਿੰਮੇਵਾਰ ਪੰਜਾਬ ਦੀ ਕਾਂਗਰਸ ਸਰਕਾਰ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਹੀਂ ਲੱਗ ਰਹੀ 'ਕੋਰੋਨਾ' ਨੂੰ ਬ੍ਰੇਕ, 4 ਨਵੇਂ ਮਰੀਜ਼ਾਂ ਨਾਲ 128 ਤੱਕ ਪੁੱਜਾ ਅੰਕੜਾ