ਸ਼ਰਾਬ ਠੇਕੇਦਾਰਾਂ ਨੇ ਸਰਕਾਰ ਤੋਂ ਠੇਕਿਆ ਨੂੰ ਦੁਪਹਿਰ 1 ਤੋਂ ਰਾਤ 9 ਵਜੇ ਤਕ ਖੋਲ੍ਹਣ ਦੀ ਮੰਗੀ ਛੋਟ

Saturday, May 09, 2020 - 10:11 AM (IST)

ਜਲੰਧਰ, (ਧਵਨ)— ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਅੱਜ ਮੰਤਰੀ ਪ੍ਰੀਸ਼ਦ ਦੀ ਮੀਟਿੰਗ 'ਚ ਸੂਬੇ ਦੀ ਆਬਾਕਾਰੀ ਨੀਤੀ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਸੋਧ ਕਰਨ ਦੇ ਦਿੱਤੇ ਗਏ ਸੰਕੇਤਾਂ ਦੇ ਬਾਅਦ ਸ਼ਰਾਬ ਠੇਕੇਦਾਰਾਂ ਨੇ ਕਿਹਾ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਬੀਅਰ ਦਾ ਕੋਟਾ ਘਟਾਉਣਾ ਚਾਹੀਦਾ ਹੈ ਕਿਉਂਕਿ ਬੀਅਰ ਦੀ ਖਪਤ ਦਾ ਸਮਾਂ ਸਮਾਪਤੀ ਵੱਲ ਵੱਧ ਰਿਹਾ ਹੈ।

ਇਸ ਤਰ੍ਹਾਂ ਅਹਾਤਾ ਫੀਸ 'ਚ ਵੀ ਕਮੀ ਕਰਨੀ ਚਾਹੀਦੀ ਹੈ ਕਿਉਂਕਿ ਲਾਕਡਾਊਨ ਕਾਰਣ ਲੋਕ ਆਪਣੇ ਘਰਾਂ 'ਚ ਹੀ ਹਨ । ਅਜਿਹੀ ਸਥਿਤੀ 'ਚ ਠੇਕਿਆਂ ਦੇ ਨਾਲ ਲਗਦੇ ਅਹਾਤਿਆਂ ਨੂੰ ਚਲਾਉਣ 'ਚ ਮੁਸ਼ਕਲ ਆਵੇਗੀ। ਉਨ੍ਹਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਮੌਜੂਦਾ ਹਾਲਤ 'ਚ ਸ਼ਰਾਬ ਠੇਕਿਆਂ ਨੂੰ ਦੁਪਹਿਰ 1 ਵਜੇ ਤੋਂ ਲੈ ਕੇ ਰਾਤ 9 ਵਜੇ ਤਕ ਚਲਣ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਟਾਫ ਦੀ ਘਾਟ ਹੋਣ ਦੇ ਕਾਰਨ ਹੋਮ ਡਲਿਵਰੀ ਕਰਨ 'ਚ ਕਈ ਕਿਸਮ ਦੀਆਂ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ ।
 

ਕੋਰੋਨਾ ਵਾਇਰਸ ਦੇ ਚਲਦੇ ਸ਼ਰਾਬ ਦੀ 70 ਫ਼ੀਸਦੀ ਵਿਕਰੀ ਪ੍ਰਭਾਵਿਤ ਹੋਣ ਦਾ ਖਦਸ਼ਾ

ਸੂਬੇ ਦੇ ਸ਼ਰਾਬ ਠੇਕੇਦਾਰਾਂ ਨੇ ਅੱਜ ਸਰਕਾਰ ਨੂੰ ਸੁਝਾਅ ਭੇਜੇ ਹਨ ਕਿ ਕੋਰੋਨਾ ਵਾਇਰਸ ਸੰਕਟ ਦੇ ਚਲਦੇ ਭਾਵੇ ਸਰਕਾਰ ਸ਼ਰਾਬ ਦੇ ਠੇਕਿਆਂ ਨੂੰ ਹੋਮ ਡਿਲੀਵਰੀ ਦੀ ਆਗਿਆ ਦੇ ਰਹੀ ਹੈ ਪਰ ਇਸਦੇ ਬਾਵਜੂਦ ਸ਼ਰਾਬ ਦਾ ਕੰਮ-ਕਾਜ 70 ਫ਼ੀਸਦੀ ਤਕ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਠੇਕੇਦਾਰਾਂ ਨੇ ਦੱਸਿਆ ਕਿ ਸੂਬੇ ਵਿਚ ਕਰਫਿਊ/ਲਾਕਡਾਊਨ ਦੇ ਕਾਰਨ ਸ਼ਰਾਬ ਦੇ ਠੇਕੇ ਬੰਦ ਰਹੇ। ਠੇਕੇਦਾਰਾਂ ਨੂੰ ਪਹਿਲਾਂ ਉਂਮੀਦ ਸੀ ਕਿ ਸ਼ਰਾਬ ਦਾ ਕੰਮ-ਕਾਜ 30 ਫ਼ੀਸਦੀ ਤਕ ਪ੍ਰਭਾਵਿਤ ਹੋਵੇਗਾ ਪਰ ਹੁਣ ਮੌਜੂਦਾ ਹਾਲਾਤਾਂ ਵਿਚ ਉਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਸ਼ਰਾਬ ਦਾ ਕੰਮ-ਕਾਜ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਦੇ ਹੇਠਾਂ ਬੁਰੀ ਤਰ੍ਹਾਂ ਨਾਲ ਆਉਣ ਵਾਲਾ ਹੈ ।


KamalJeet Singh

Content Editor

Related News