58 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ
Sunday, Jun 10, 2018 - 02:49 AM (IST)
ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੇਖੂਪੁਰ ਕਾਲੋਨੀ 'ਚ ਸਥਿਤ ਇਕ ਘਰ 'ਚ ਨਾਜਾਇਜ਼ ਤੌਰ 'ਤੇ ਸ਼ਰਾਬ ਦਾ ਠੇਕਾ ਚਲਾ ਰਹੇ ਇਕ ਮੁਲਜ਼ਮ ਨੂੰ ਕਾਬੂ ਕਰ ਕੇ 58 ਬੋਤਲਾਂ ਅਰੁਣਾਚਲ ਪ੍ਰਦੇਸ਼ ਮਾਰਕਾ ਸ਼ਰਾਬ ਬਰਾਮਦ ਕੀਤੀਆਂ ਹਨ, ਜਦਕਿ ਇਸ ਦੌਰਾਨ ਮੁਲਜ਼ਮ ਦੇ ਮਾਤਾ-ਪਿਤਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਹਨ। ਤਿੰਨਾਂ ਮੁਲਜ਼ਮਾਂ ਖਿਲਾਫ ਜਿਥੇ ਮਾਮਲਾ ਦਰਜ ਕਰ ਲਿਆ ਗਿਆ ਹੈ, ਉਥੇ ਹੀ ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ 'ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਨੂੰ ਸੂਚਨਾ ਮਿਲੀ ਕਿ ਨਜ਼ਦੀਕੀ ਸ਼ੇਖੂਪੁਰ ਕਾਲੋਨੀ 'ਚ ਰਹਿਣ ਵਾਲਾ ਅਰਵਿੰਦਰ ਸਿੰਘ ਆਪਣੇ ਪਿਤਾ ਭਪਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨਾਲ ਮਿਲ ਕੇ ਦੂਜੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਘਰ 'ਚ ਵੇਚਦਾ ਹੈ, ਜਿਸ 'ਤੇ ਸੀ. ਆਈ. ਏ. ਇੰਚਾਰਜ ਨੇ ਏ. ਐੱਸ. ਆਈ. ਹਰੀ ਸਿੰਘ ਨੂੰ ਨਾਲ ਲੈ ਕੇ ਜਦੋਂ ਉਕਤ ਘਰ 'ਚ ਛਾਪੇਮਾਰੀ ਕੀਤੀ ਤਾਂ ਘਰ ਦੇ ਬਾਥਰੂਮ 'ਚ ਅਰੁਣਾਚਲ ਪ੍ਰਦੇਸ਼ ਦੀ ਬਣੀ 58 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਟੀਮ ਨੂੰ ਵੇਖ ਕੇ ਮੌਕੇ ਤੋਂ ਜਿਥੇ ਭੁਪਿੰਦਰ ਸਿੰਘ ਤੇ ਬਲਵਿੰਦਰ ਕੌਰ ਫਰਾਰ ਹੋ ਗਏ, ਉਥੇ ਹੀ ਉਨ੍ਹਾਂ ਦੇ ਬੇਟੇ ਅਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਅਰਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਦਾ ਪਿਤਾ ਰਾਤ ਦੇ ਹਨੇਰੇ 'ਚ ਸ਼ਰਾਬ ਵੇਚ ਕੇ ਆਉਂਦਾ ਹੈ। ਬਰਾਮਦ ਸ਼ਰਾਬ ਉਹ ਕਿਥੋਂ ਲੈ ਕੇ ਆਇਆ ਸੀ, ਇਸ ਸਬੰਧੀ ਉਸ ਦੇ ਪਿਤਾ ਨੂੰ ਹੀ ਜਾਣਕਾਰੀ ਹੈ। ਮੁਲਜ਼ਮ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ 'ਤੇ ਭੇਜ ਦਿੱਤਾ ਹੈ।
