12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਲਾਈਨਮੈਨ ਕਾਬੂ

08/10/2018 1:31:26 AM

ਤਰਨਤਾਰਨ (ਰਮਨ, ਰਾਜੂ)-ਵਿਜੀਲੈਂਸ ਵਿਭਾਗ ਵੱਲੋਂ ਇਕ ਲਾਈਨਮੈਨ ਨੂੰ ਰੰਗੇ ਹੱਥੀਂ ਰਿਸ਼ਵਤ ਲੈਣ ਦੇ ਦੋਸ਼ ਵਿਚ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਸਭਰਾਅ ਜੋ ਖੇਤੀਬਾਡ਼ੀ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੀ ਪੈਲੀ ਵਿਚ ਲੱਗੀਆਂ ਬਿਨਾਂ ਕੁਨੈਕਸ਼ਨ ਦੀਆਂ ਮੋਟਰਾਂ ਚੱਲਦੀਆਂ ਸਨ। ਇਨ੍ਹਾਂ ਮੋਟਰਾਂ ਸਬੰਧੀ ਪਿੰਡ ਸਭਰਾਅ ਪਾਵਰ ਕਾਰਪੋਰੇਸ਼ਨ ਵਿਚ ਬਤੌਰ ਲਾਈਨਮੈਨ ਤਾਇਨਾਤ ਸਰੂਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੈਦੋ ਨੇ ਛਾਪੇਮਾਰੀ ਕਰ ਉਕਤ ਕਿਸਾਨ ਨੂੰ ਮੋਟਾ ਜੁਰਮਾਨਾ ਪਾਉਣ ਲਈ ਡਰਾਉਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਉਕਤ ਕਿਸਾਨ ਕੋਲੋਂ ਲਾਈਨਮੈਨ ਨੇ 15 ਹਜ਼ਾਰ ਰੁਪਏ ਰਿਸ਼ਵਤ ਮੰਗਦੇ ਹੋਏ ਇਹ ਕਿਹਾ ਕਿ ਜਦੋਂ ਤੱਕ ਤੁਹਾਨੂੰ ਮੋਟਰ ਦੇ ਨਵੇਂ ਕੁਨੈਕਸ਼ਨ ਨਹੀਂ ਮਿਲ ਜਾਂਦੇ, ਉਦੋਂ ਤੱਕ ਤੁਸੀ ਬਿਨਾਂ ਕਿਸੇ ਡਰ ਮੋਟਰਾਂ ਚਲਾਉ। ਇਸ ਸਾਰੇ ਕੇਸ ਤੋਂ ਬਾਅਦ ਕਿਸਾਨ ਦਾ ਲਾਈਨਮੈਨ ਨਾਲ 12 ਹਜ਼ਾਰ ਰੁਪਏ ਰਿਸ਼ਵਤ ਵਿਚ ਗੱਲ ਮੁੱਕ ਗਈ। 
ਇਸ ਸਬੰਧੀ  ਕਿਸਾਨ ਨੇ ਸ਼ਿਕਾਇਤ ਵਿਜੀਲੈਂਸ ਦੇ ਡੀ. ਐੱਸ. ਪੀ. ਮੈਡਮ ਕੰਵਲਦੀਪ ਕੌਰ ਨੂੰ ਕੀਤੀ। ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਕੰਵਲਦੀਪ ਕੌਰ ਦੀ ਅਗਵਾਈ ਵਾਲੀ ਟੀਮ ਜਿਸ ਵਿਚ ਏ. ਐੱਸ. ਆਈ. ਰਿਪਨ ਕੁਮਾਰ, ਏ. ਐੱਸ. ਆਈ. ਹਰਦਿਆਲ ਸਿੰਘ, ਐੱਚ. ਸੀ. ਸੁਖਦੇਵ ਸਿੰਘ ਸ਼ਾਮਲ ਸਨ, ਨੇ ਬੀਤੀ ਸ਼ਾਮ ਅੱਡਾ ਸਭਰਾਅ ਤੋਂ ਉਕਤ ਲਾਈਨਮੈਨ ਨੂੰ ਕਿਸਾਨ ਅਮਰਜੀਤ ਸਿੰਘ ਕੋਲੋਂ 12 ਹਜ਼ਾਰ ਰੁਪਏ  ਲੈਂਦੇ ਹੋਏ ਰੰਗੀ ਹੱਥੀਂ ਕਾਬੂ ਕਰ ਲਿਆ। ਮੈਡਮ ਕੰਵਲਦੀਪ ਕੌਰ ਨੇ ਦੱਸਿਆ ਕਿ ਲਾਈਨਮੈਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਦੇ ਹੋਏ ਇਕ ਦਿਨ ਦਾ ਰਿਮਾਂਡ ਹਾਸਲ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


Related News