ਵਿਦਿਆਰਥਣ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ
Thursday, Jun 29, 2017 - 01:24 AM (IST)
ਹੁਸ਼ਿਆਰਪੁਰ, (ਜ. ਬ.)- 10ਵੀਂ ਜਮਾਤ 'ਚ ਕੰਪਾਰਟਮੈਂਟ ਕਲੀਅਰ ਨਾ ਕਰ ਸਕਣ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੰਤੋਸ਼ ਰਾਣੀ ਪਤਨੀ ਸੰਤੋਖ ਸਿੰਘ ਵਾਸੀ ਰਿਸ਼ੀ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸ਼ਿਵਾਨੀ (17) ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਸ ਦੌਰਾਨ ਨਤੀਜੇ ਵਿਚ ਉਸ ਦੀ ਇਕ ਕੰਪਾਰਟਮੈਂਟ ਆ ਗਈ ਅਤੇ ਉਹ ਪ੍ਰੇਸ਼ਾਨ ਰਹਿਣ ਲੱਗੀ। ਉਸ ਨੂੰ ਸਮਝਾਉਣ 'ਤੇ ਉਸ ਨੇ ਦੂਜੀ ਵਾਰ ਫਿਰ ਕੰਪਾਰਟਮੈਂਟ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੀ। ਇਸ ਤੋਂ ਦੁਖੀ ਹੋ ਕੇ ਉਸ ਨੇ 27 ਜੂਨ ਨੂੰ ਸ਼ਾਮ 6.30 ਵਜੇ ਦੇ ਕਰੀਬ ਆਪਣੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪਿਤਾ ਤੇ ਭਰਾ ਦੀ ਪਹਿਲਾਂ ਹੋ ਚੁੱਕੀ ਸੀ ਮੌਤ : ਸੰਤੋਸ਼ ਰਾਣੀ ਨੇ ਕਿਹਾ ਕਿ ਉਸ ਦੇ ਪਤੀ ਸੰਤੋਖ ਸਿੰਘ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਬੇਟੇ ਤੇ ਬੇਟੀ ਦੀ ਪੜ੍ਹਾਈ ਅਤੇ ਪਾਲਣ-ਪੋਸ਼ਣ ਲਈ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ। ਕਰੀਬ 5 ਸਾਲ ਪਹਿਲਾਂ ਉਸ ਦੇ ਪੁੱਤਰ ਸ਼ਿਵਾ ਦੀ ਵੀ ਮੌਤ ਹੋ ਗਈ ਸੀ ਅਤੇ ਹੁਣ ਉਹ ਮਾਂ-ਧੀ ਇਕੱਲੀਆਂ ਰਹਿੰਦੀਆਂ ਸਨ। ਉਸ ਨੇ ਕਿਹਾ ਕਿ ਇਕ-ਇਕ ਕਰ ਕੇ ਸਾਰੇ ਪਰਿਵਾਰ ਦੇ ਚਲੇ ਜਾਣ ਨਾਲ ਉਸ ਦੀ ਸਾਰੀ ਦੁਨੀਆ ਹੀ ਉੱਜੜ ਗਈ ਹੈ।