ਪਤਨੀ ਦੀ ਹੱਤਿਆ ਦੇ ਮਾਮਲੇ ''ਚ ਉਮਰ ਕੈਦ

02/15/2018 4:05:27 AM

ਮੋਗਾ,   (ਸੰਦੀਪ)-  ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਲਗਭਗ 3 ਸਾਲ ਪਹਿਲਾਂ ਥਾਣਾ ਸਮਾਲਸਰ ਪੁਲਸ ਵੱਲੋਂ ਪਤਨੀ ਦੀ ਹੱਤਿਆ ਕਰਨ ਦੇ ਦੋਸ਼ਾਂ 'ਚ ਘਿਰੇ ਪਤੀ ਨੂੰ ਪੀੜਤ ਧਿਰ ਦੀ ਵਕੀਲ ਰੁਪਿੰਦਰ ਸਿੰÎਘ ਬਰਾੜ ਦੀਆਂ ਦਲੀਲਾਂ ਦੇ ਆਧਾਰ 'ਤੇ ਬੀਤੀ 9 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀ ਨੂੰ ਸਜ਼ਾ ਸੁਣਾਉਣ ਲਈ 14 ਫਰਵਰੀ ਦੀ ਤਰੀਕ ਤਹਿ ਕੀਤੀ ਸੀ। ਬੁੱਧਵਾਰ ਨੂੰ ਅਦਾਲਤ ਨੇ ਪੀੜਤ ਧਿਰ ਨੂੰ ਇਨਸਾਫ ਦਿੰਦੇ ਹੋਏ ਦੋਸ਼ੀ ਪਤੀ ਗੁਰਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ 3 ਲੱਖ ਰੁਪਏ ਜੁਰਮਾਨਾ ਕੀਤਾ ਹੈ। 
ਇਸ ਮਾਮਲੇ 'ਚ ਗੁਰਵਿੰਦਰ ਸਿੰਘ ਤੋਂ ਨਾਰਾਜ਼ ਹੋ ਕੇ ਉਸ ਦੀ ਪਤਨੀ ਪੇਕੇ ਘਰ ਚਲੀ ਗਈ ਸੀ। ਪਤਨੀ ਅਮਨਦੀਪ ਕੌਰ ਨੂੰ ਮਨਾ ਕੇ ਕਾਰ 'ਚ ਵਾਪਸ ਘਰ ਲਿਆਉਂਦੇ ਸਮੇਂ ਰਸਤੇ 'ਚ ਪੇਪਰ ਕਟਰ ਦੀ ਸਹਾਇਤਾ ਨਾਲ ਪਤੀ ਨੇ ਉਸ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਤੇ ਬਾਅਦ 'ਚ ਇਸ ਘਟਨਾ ਨੂੰ ਸੜਕ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਖੁਲਾਸਾ ਪੁਲਸ ਜਾਂਚ 'ਚ ਹੋਇਆ ਸੀ।  ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਥਾਣਾ ਸਮਾਲਸਰ ਪੁਲਸ ਵੱਲੋਂ 17 ਮਈ, 2015 ਨੂੰ ਮ੍ਰਿਤਕਾ ਦੇ ਪਿਤਾ ਸਮਾਲਸਰ ਨਿਵਾਸੀ ਮੇਜਰ ਸਿੰਘ ਦੇ ਬਿਆਨਾਂ 'ਤੇ ਪਤੀ ਗੁਰਵਿੰਦਰ ਸਿੰਘ ਤੇ ਉਸ ਦਾ ਸਾਥ ਦੇਣ ਵਾਲੇ ਤਿੰਨ ਹੋਰ ਵਿਅਕਤੀਆਂ ਰਾਜਦੀਪ ਸਿੰਘ, ਮਨਜਿੰਦਰ ਸਿੰਘ ਤੇ ਮਨਜੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਰਾਜਦੀਪ ਨੂੰ ਅਦਾਲਤ ਨੇ ਸਬੂਤਾਂ ਦੀ ਭਾਰੀ ਘਾਟ ਕਾਰਨ ਬਰੀ ਕਰ ਦਿੱਤਾ ਸੀ, ਜਦਕਿ ਮਨਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਤੀਜੇ ਦੋਸ਼ੀ ਮਨਜਿੰਦਰ ਸਿੰਘ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।


Related News