ਭਾਰਤ ’ਚ ਆਤਮਹੱਤਿਆਵਾਂ ਦੀ ਚੱਲ ਰਹੀ ਹਨੇਰੀ ’ਚ ਜਾ ਰਹੇ ਅਨਮੋਲ ਪ੍ਰਾਣ
Saturday, May 25, 2024 - 04:02 AM (IST)

ਇਨ੍ਹੀਂ ਦਿਨੀਂ ਦੇਸ਼ ’ਚ ਲੋਕਾਂ ’ਚ ਆਤਮਹੱਤਿਆ ਕਰਨ ਦੀ ਮਾੜੀ ਬਿਰਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਐੱਨ.ਸੀ.ਆਰ.ਬੀ. ਦੀ ਰਿਪੋਰਟ ਅਨੁਸਾਰ ਸਾਲ 2022 ’ਚ ਦੇਸ਼ ’ਚ 1,70,924 ਮੌਤਾਂ ਲੋਕਾਂ ਵਲੋਂ ਆਤਮਹੱਤਿਆਵਾਂ ਕਾਰਨ ਹੋਈਆਂ।
31.7 ਫੀਸਦੀ ਆਤਮਹੱਤਿਆਵਾਂ ਪਰਿਵਾਰਕ ਕਾਰਨਾਂ, 4.8 ਫੀਸਦੀ ਵਿਆਹੁਤਾ ਸਬੰਧਾਂ, 4.5 ਫੀਸਦੀ ਪ੍ਰੇਮ ਪ੍ਰਸੰਗਾਂ, 18.4 ਫੀਸਦੀ ਬੀਮਾਰੀ, 6.8 ਫੀਸਦੀ ਨਸ਼ੇ ਦੀ ਲਤ, 1.9 ਫੀਸਦੀ ਬੇਰੋਜ਼ਗਾਰੀ, 4.1 ਫੀਸਦੀ ਆਰਥਿਕ ਤੰਗੀ ਅਤੇ ਕਰਜ਼ਾ, 1.2 ਫੀਸਦੀ ਕਰੀਅਰ ਤੇ ਨੌਕਰੀ ਅਤੇ ਇਕ ਫੀਸਦੀ ਆਤਮਹੱਤਿਆਵਾਂ ਗਰੀਬੀ ਦਾ ਨਤੀਜਾ ਹਨ।
* 11 ਮਈ ਨੂੰ ਸੰਗਰੂਰ ’ਚ ਇਕ ਮਾਂ-ਬੇਟੀ ਨੇ ਆਪਣੇ ਵਿਆਹੁਤਾ ਜੀਵਨ ਦੀਆਂ ਸਮੱਸਿਆਵਾਂ ਕਾਰਨ ਰੇਲ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
* 11 ਮਈ ਨੂੰ ਹੀ ਲੁਧਿਆਣਾ ਦੇ ਇਸਲਾਮਗੰਜ ਦੇ ਇਲਾਕੇ ’ਚ ਆਪਣੀ ਪਤਨੀ ਨਾਲ ਝਗੜੇ ਪਿੱਛੋਂ ਇਕ ਵਿਅਕਤੀ ਨੇ ਆਪਣੀ ਛਾਤੀ ’ਚ ਚਾਕੂ ਖੋਭ ਕੇ ਆਤਮਹੱਤਿਆ ਕਰ ਲਈ।
* 14 ਮਈ ਨੂੰ ਬਠਿੰਡਾ ’ਚ ਕਾਲਜ ਦੇ ਹੋਸਟਲ ’ਚ ਰਹਿਣ ਵਾਲੀ ਬੀ. ਏ. (ਦੂਜਾ ਸਾਲ) ਦੀ ਵਿਦਿਆਰਥਣ ਨੇ ਇਕ ਨੌਜਵਾਨ ਅਤੇ ਉਸ ਦੀ ਮਾਂ ਵਲੋਂ ਉਸ ’ਤੇ ਵਿਆਹ ਲਈ ਦਬਾਅ ਪਾਉਣ ਕਾਰਨ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।
* 15 ਮਈ ਨੂੰ ਮਹਾਰਾਸ਼ਟਰ ਦੇ ਜਲਗਾਂਵ ’ਚ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਰਿਹਾਇਸ਼ ’ਤੇ ਤਾਇਨਾਤ ਇਕ ਪੁਲਸ ਕਾਂਸਟੇਬਲ ਨੇ ਆਪਣੇ ਗ੍ਰਹਿ ਨਗਰ ਜਾਮਨੇਰ ’ਚ ਰਾਤ ਸਮੇਂ ਆਪਣੇ ਸਿਰ ’ਤੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
* 16 ਮਈ ਨੂੰ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪਨਗਰ ਦੇ ਇਕ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
* 18 ਮਈ ਨੂੰ ਤੇਲਗੂ ਟੈਲੀਵਿਜ਼ਨ ਅਦਾਕਾਰ ਚੰਦਰਕਾਂਤ ਨੇ ਆਪਣੇ ਫਲੈਟ ’ਚ ਆਤਮਹੱਤਿਆ ਕਰ ਲਈ। ਉਹ ਕੁਝ ਦਿਨ ਪਹਿਲਾਂ ਆਪਣੇ ਸਾਥੀ ਕਲਾਕਾਰ ਪਵਿੱਤਰਾ ਜੈਰਾਮ ਦੀ ਇਕ ਸੜਕ ਹਾਦਸੇ ’ਚ ਮੌਤ ਪਿੱਛੋਂ ਉਦਾਸੀ ਤੋਂ ਪੀੜਤ ਸਨ।
* 20 ਮਈ ਨੂੰ ਤਪਾ ਮੰਡੀ ’ਚ ਇਕ ਵਿਆਹੁਤਾ ਨੇ ਆਪਣੇ ਪਤੀ ਦੇ ਵਤੀਰੇ ਤੋਂ ਤੰਗ ਆ ਕੇ ਬੇਟੀ ਸਮੇਤ ‘ਜੋਗਾ ਰੱਲਾ ਨਹਿਰ’ ’ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ।
* 21 ਮਈ ਨੂੰ ਮੱਧ ਪ੍ਰਦੇਸ਼ ’ਚ ਰਾਜਗੜ੍ਹ ਜ਼ਿਲੇ ਦੇ ਖਿਲਚੀਪੁਰ ਤੋਂ ਵਿਧਾਇਕ ਹਜ਼ਾਰੀ ਲਾਲ ਦਾਂਗੀ ਦੇ ਪੋਤੇ ਵਿਕਾਸ ਦਾਂਗੀ ਨੇ ਇੰਦੌਰ ’ਚ ਸਲਫਾਸ ਖਾ ਕੇ ਜਾਨ ਦੇ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਪ੍ਰੇਮ ਪ੍ਰਸੰਗ ਦਾ ਨਤੀਜਾ ਹੈ।
* 23 ਮਈ ਨੂੰ ਬਿਜ਼ਨੈੱਸ ’ਚ ਘਾਟੇ ਤੋਂ ਪ੍ਰੇਸ਼ਾਨ ਅਨਾਜ ਮੰਡੀ ਖੰਨਾ ਦੇ ਇਕ ਆਦਮੀ ਨੇ ਪਿੰਡ ਕੌੜੀ ਨੇੜੇ ਟ੍ਰੇਨ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ।
* 23 ਮਈ ਨੂੰ ਹੀ ਹਰਿਆਣਾ ਦੇ ਜੀਂਦ ’ਚ ਆਪਣੇ ਪਤੀ ਦੀ ਮੌਤ ਤੋਂ ਪ੍ਰੇਸ਼ਾਨ ਇਕ ਅੌਰਤ ਨੇ ਆਪਣੀਆਂ ਦੋਵਾਂ ਬੇਟੀਆਂ ਨੂੰ ਜ਼ਹਿਰ ਦੇਣ ਪਿੱਛੋਂ ਖੁਦ ਵੀ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਨਾਲ ਔਰਤ ਅਤੇ ਉਸ ਦੀ ਇਕ ਬੇਟੀ ਦੀ ਮੌਤ ਹੋ ਗਈ।
* 23 ਮਈ ਨੂੰ ਹੀ ਤਮਿਲਨਾਡੂ ’ਚ ਸ਼ਿਵਾਕਾਸ਼ੀ ਨੇੜੇ ਥਿਰੂਥਾਂਗਲ ’ਚ ਇਕ ਪਰਿਵਾਰ ਦੇ 5 ਮੈਂਬਰਾਂ ਦੇ ਕਰਜ਼ੇ ਹੇਠ ਦੱਬੇ ਹੋਣ ਕਾਰਨ ਆਤਮਹੱਤਿਆ ਕਰ ਲਈ।
* 23 ਮਈ ਨੂੰ ਹੀ ਪੰਜਾਬ ’ਚ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ’ਚ ਇਕ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਅਮਿਤ ਗੁਲਾਟੀ ਨੇ ਆਰਥਿਕ ਹਾਨੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਪਰਿਵਾਰ ਸਮੇਤ ਜ਼ਹਿਰੀਲੀ ਵਸਤੂ ਖਾ ਲਈ ਜਿਸ ਨਾਲ ਅਮਿਤ ਗੁਲਾਟੀ, ਉਸ ਦੀ ਪਤਨੀ ਪਿੰਕੀ ਅਤੇ ਦੋਵੇਂ ਬੇਟੀਆਂ ਦੀ ਮੌਤ ਹੋ ਗਈ।
* 23 ਮਈ ਨੂੰ ਹੀ ਰਾਜਸਥਾਨ ਦੇ ਬਿਆਵਰ ਜ਼ਿਲੇ ਦੇ ਜੈਤਾਰਨ ਥਾਣਾ ਖੇਤਰ ’ਚ ਅਗਵਾ ਅਤੇ ਸਮੂਹਿਕ ਜਬਰ-ਜ਼ਨਾਹ ਦੇ ਗ੍ਰਿਫਤਾਰ ਦੋਸ਼ੀ ਨੇ ਲਾਕਅਪ ’ਚ ਕੰਬਲ ਨੂੰ ਕੱਟ ਕੇ ਫੰਦਾ ਬਣਾਇਆ ਅਤੇ ਉਸ ਨਾਲ ਲਟਕ ਕੇ ਆਤਮਹੱਤਿਆ ਕਰ ਲਈ।
* 24 ਮਈ ਨੂੰ ਛੱਤੀਸਗੜ੍ਹ ਦੇ ‘ਮੁਹੱਲਾ ਮਾਨਗੜ੍ਹ’ ਜ਼ਿਲੇ ਦੀ ਅੰਬਾਗੜ੍ਹ ਚੌਕੀ ’ਚ ਇਕ ਸਰਾਫ ਨੇ ਆਰਥਿਕ ਕਾਰਨਾਂ ਕਾਰਨ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ।
* 24 ਮਈ ਨੂੰ ਹੀ ਜੈਪੁਰ ’ਚ ਇਕ ਕਾਲਜ ਦੇ ਹੋਸਟਲ ’ਚ ਰਹਿਣ ਵਾਲੇ ਬੀ.ਐੱਸ.ਸੀ. ਪਹਿਲੇ ਸਾਲ ਦੇ ਵਿਦਿਆਰਥੀ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।
* 24 ਮਈ ਨੂੰ ਹੀ ਫਰੀਦਾਬਾਦ ਦੇ ‘ਸਰਾਏ ਥਾਣਾ’ ਇਲਾਕੇ ਦੇ ਸੈਕਟਰ-37 ’ਚ ਇਕ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਦੇ 5 ਮੈਂਬਰਾਂ ਨੇ ਆਪਣੇ ਹੱਥਾਂ ਦੀਆਂ ਨਸਾਂ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਾਰੋਬਾਰੀ ਦੀ ਮੌਤ ਹੋ ਗਈ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਆਤਮਹੱਤਿਆਵਾਂ ਕਾਰਨ ਕਿਸ ਤਰ੍ਹਾਂ ਵੱਡੀ ਗਿਣਤੀ ’ਚ ਪਰਿਵਾਰ ਉੱਜੜ ਰਹੇ ਹਨ। ਇਸ ਲਈ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਵਤੀਰੇ ’ਚ ਕੋਈ ਅਸਾਧਾਰਨ ਬਦਲਾਅ ਦਿਖਾਈ ਦੇਣ ’ਤੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ, ਵਾਕਫਾਂ ਨੂੰ ਉਨ੍ਹਾਂ ਨੂੰ ਧੀਰਜ ਨਾਲ ਸਮਝਾਉਣਾ, ਉਨ੍ਹਾਂ ਦਾ ਹੌਸਲਾ ਵਧਾਉਣਾ ਅਤੇ ਉਨ੍ਹਾਂ ’ਚ ਆਸ ਦੀ ਭਾਵਨਾ ਦਾ ਸੰਚਾਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਤਮਹੱਤਿਆ ਨਾ ਕਰਨ।
-ਵਿਜੇ ਕੁਮਾਰ