ਪੰਜਾਬ ’ਚ ਕੋਰੋਨਾ ਕਾਰਨ ਹਾਲਾਤ ਹੋਏ ਬਦ ਤੋਂ ਬਦਤਰ, 186 ਦੀ ਮੌਤ; ਦਵਾਈਆਂ ਦੀ ਕਾਲਾਬਾਜ਼ਾਰੀ ਨੇ ਵਧਾਈ ਚਿੰਤਾ

Friday, May 14, 2021 - 12:05 PM (IST)

ਜਲੰਧਰ/ਅੰਮ੍ਰਿਤਸਰ (ਰੱਤਾ, ਦਲਜੀਤ) : ਆਕਸੀਜਨ ਅਤੇ ਬੈੱਡਾਂ ਦੀ ਘਾਟ ਝੱਲ ਰਹੇ ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ 186 ਹੋਰ ਲੋਕਾਂ ਦੇ ਸਾਹਾਂ ਦੀ ਡੋਰ ਟੁੱਟ ਗਈ ਅਤੇ ਹੁਣ ਤੱਕ ਸੂਬੇ ਵਿਚ 11,298 ਲੋਕਾਂ ਦੀ ਕੋਰੋਨਾ ਲਾਗ ਨਾਲ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ 12.85 ਫੀਸਦੀ ਪਾਜ਼ੇਟਿਵਿਟੀ ਦਰ ਨਾਲ 8430 ਹੋਰ ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਗਏ। ਦੂਜੇ ਪਾਸੇ ਹਾਲ ਇਹ ਹੈ ਕਿ ਜੇਕਰ ਕੁਝ ਜ਼ਿਲ੍ਹਿਆਂ ਵਿਚ ਆਕਸੀਜਨ ਦੀ ਸਪਲਾਈ ਠੀਕ ਹੋ ਰਹੀ ਹੈ ਤਾਂ ਪੰਜਾਬ ਵਿਚ ਜੀਵਨ ਰੱਖਿਅਕ ਦਵਾਈ ਟੋਸਿਲਿਜੁਮੈਬ ਗਾਇਬ ਹੋ ਗਈ ਹੈ। ਹਾਲਤ ਇਹ ਹੈ ਕਿ ਮੰਗਣ ’ਤੇ ਵੀ ਇਹ ਦਵਾਈ ਉਪਲੱਬਧ ਨਹੀਂ ਹੋ ਰਹੀ, ਜਦੋਂ ਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਨੂੰ 815 ਟੀਕੇ ਅਲਾਟ ਕੀਤੇ ਗਏ ਹਨ।

ਇਹ ਵੀ ਪੜ੍ਹੋ : ਇਨਫੈਕਸ਼ਨ ਦੇ ਨਾਲ ਮੌਤ ਦਾ ਖ਼ਤਰਾ ਵੀ ਦੇ ਰਿਹੈ ਕੋਵਿਡ ਮਰੀਜ਼ਾਂ ਨੂੰ ਡਿਪ੍ਰੈਸ਼ਨ

ਕਿਹੜੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਟੋਸਿਲਿਜੁਮੈਬ
ਜਿਹੜੇ ਮਰੀਜ਼ਾਂ ਦੀ ਆਕਸੀਜਨ ਦਾ ਲੈਵਲ 60 ਤੋਂ ਹੇਠਾਂ ਚਲਾ ਜਾਂਦਾ ਹੈ, ਉਨ੍ਹਾਂ ਨੂੰ ਇਹ ਟੀਕਾ ਲਾਇਆ ਜਾਂਦਾ ਹੈ। ਇਸ ਟੀਕੇ ਦੀ ਕੀਮਤ ਲਗਭਗ 35 ਤੋਂ 40 ਹਜ਼ਾਰ ਰੁਪਏ ਹੈ, ਜਦਕਿ ਕਾਲਾਬਾਜ਼ਾਰੀ ਦੀ ਗੱਲ ਕਰੀਏ ਤਾਂ ਇਹ ਟੀਕਾ 2 ਲੱਖ ਤੱਕ ਬਲੈਕ’ਚ ਵਿਕ ਚੁੱਕਾ ਹੈ।

ਰੇਮਡੇਸਿਵਿਰ ਦੀ ਕਿੱਲਤ ਅਤੇ ਕੇਂਦਰ ਦਾ ਦਾਅਵਾ
ਕੇਂਦਰੀ ਸਿਹਤ ਅਤੇ ਭਲਾਈ ਮੰਤਰਾਲਾ ਦੇ ਡਾਇਰੈਕਟਰ ਰਾਜੀਵ ਵਾਧਵਾ ਵੱਲੋਂ 7 ਮਈ ਨੂੰ ਸੂਬਾ ਸਰਕਾਰਾਂ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਕੇਂਦਰ ਵੱਲੋਂ 21 ਅਪ੍ਰੈਲ ਤੋਂ 16 ਮਈ 2021 ਤੱਕ ਸੂਬਿਆਂ ਨੂੰ ਰੇਮਡੇਸਿਵਿਰ ਦੇ 53,00,000 ਟੀਕੇ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਟੀਕਿਆਂ ਵਿਚੋਂ ਪੰਜਾਬ ਲਈ 85,000 ਟੀਕੇ ਜਾਰੀ ਕੀਤੇ ਗਏ ਹਨ। ਇਸ ਦੇ ਬਾਵਜੂਦ ਸੂਬੇ ਵਿਚ ਰੇਮਡੇਸਿਵਿਰ ਦੀ ਭਾਰੀ ਕਿੱਲਤ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਪ੍ਰਾਈਵੇਟ ਹਸਪਤਾਲਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੀ ਮੰਗ 25 ਟੀਕਿਆਂ ਦੀ ਹੈ ਤਾਂ ਉਨ੍ਹਾਂ ਨੂੰ ਸਿਰਫ 5 ਹੀ ਮੁਹੱਈਆ ਹੋ ਰਹੇ ਹਨ।

ਇਹ ਵੀ ਪੜ੍ਹੋ : ਕੈਪਟਨ ਨੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਕੀਤਾ ਐਲਾਨ

ਵੀਰਵਾਰ ਨੂੰ ਕਿਸ ਜ਼ਿਲ੍ਹੇ ’ਚ ਕਿੰਨੀਆਂ ਮੌਤਾਂ
ਲੁਧਿਆਣਾ 25, ਮੋਹਾਲੀ 8, ਜਲੰਧਰ 10, ਪਟਿਆਲਾ 17, ਅੰਮ੍ਰਿਤਸਰ 10, ਹੁਸ਼ਿਆਰਪੁਰ 5, ਬਠਿੰਡਾ 12, ਗੁਰਦਾਸਪੁਰ 8, ਕਪੂਰਥਲਾ 6, ਪਠਾਨਕੋਟ 5, ਨਵਾਂਸ਼ਹਿਰ 4, ਸੰਗਰੂਰ 23, ਰੋਪੜ 4, ਮੁਕਤਸਰ 15, ਫਰੀਦਕੋਟ 4, ਫਿਰੋਜ਼ਪੁਰ 9, ਫਾਜ਼ਿਲਕਾ 10, ਮਾਨਸਾ 2, ਤਰਨਤਾਰਨ 2, ਮੋਗਾ 5, ਫਤਿਹਗੜ੍ਹ ਸਾਹਿਬ 4, ਬਰਨਾਲਾ 1

ਇਹ ਵੀ ਪੜ੍ਹੋ : ਕੋਵਿਡ ਨਾਲ ਨਜਿੱਠਣ ਲਈ ਸਿਹਤ ਮਹਿਕਮੇ ’ਚ ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


Anuradha

Content Editor

Related News