''ਹਥਿਆਰ ਦਾ ਚਾਹੀਦਾ ਹੈ ਲਾਇਸੈਂਸ ਤਾਂ ਲਾਓ 10 ਬੂਟੇ''
Wednesday, Jul 31, 2019 - 05:11 PM (IST)

ਜਲੰਧਰ (ਧਵਨ) : ਪੰਜਾਬ 'ਚ ਹਥਿਆਰਾਂ ਦਾ ਲਾਇਸੈਂਸ ਲੈਣ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਸਾਰੇ ਦੇਸ਼ ਨਾਲੋਂ ਵੱਧ ਹੈ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਪੰਜਾਬ 'ਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਕ ਅਨੋਖੀ ਪਹਿਲ 5 ਜੂਨ ਨੂੰ ਕੀਤੀ ਸੀ। ਉਸ ਪਹਿਲ ਦੀ ਚਰਚਾ ਸਾਰੇ ਦੇਸ਼ 'ਚ ਹੋ ਰਹੀ ਹੈ। ਗੈਂਦ ਨੇ ਇਕ ਫਰਮਾਨ ਜਾਰੀ ਕਰਕੇ ਕਿਹਾ ਸੀ ਕਿ ਜਿਸ ਵਿਅਕਤੀ ਨੇ ਹਥਿਆਰ ਦਾ ਲਾਇਸੈਂਸ ਲੈਣਾ ਹੈ, ਨੂੰ ਪਹਿਲਾਂ 10 ਬੂਟੇ ਲਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ 'ਚ ਆਪਣਾ ਯੋਗਦਾਨ ਪਾਉਣਾ ਹੋਵੇਗਾ। ਹਰਿਆਲੀ ਘੱਟ ਹੋ ਰਹੀ ਹੈ ਅਤੇ ਪ੍ਰਦੂਸ਼ਣ ਵੱਧ ਰਿਹਾ ਹੈ। ਇਸ ਕਾਰਨ ਗੈਂਦ ਵਲੋਂ ਸ਼ੁਰੂ ਕੀਤੀ ਗਈ ਪਹਿਲ ਦੀ ਨੀਤੀ ਆਯੋਗ ਨੇ ਵੀ ਸ਼ਲਾਘਾ ਕੀਤੀ। ਮੰਗਲਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਕਿਹਾ ਕਿ ਸੂਬੇ ਦੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਵਧੀਆ ਪਹਿਲ ਦੀ ਰੀਸ ਕਰਨੀ ਚਾਹੀਦੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀ ਪਹਿਲ ਉਤਸ਼ਾਹਜਨਕ ਹੈ। ਉਨ੍ਹਾਂ ਅਸਲੇ ਦੇ ਲਾਇਸੈਂਸ ਲਈ 10 ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਨੂੰ ਜ਼ਰੂਰੀ ਬਣਾਇਆ ਹੈ। ਸਾਨੂੰ ਸਭ ਨੂੰ ਅਜਿਹੇ ਉਪਾਅ ਹੋਰਨਾਂ ਖੇਤਰਾਂ 'ਚ ਵੀ ਕਰਨੇ ਹੋਣਗੇ। ਸੀ. ਐੱਨ. ਐੱਨ. ਅਤੇ ਬੀ. ਬੀ. ਸੀ. ਇੰਡੀਆ ਦੀ ਰਿਪੋਰਟ ਪੜ੍ਹ ਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਗੈਂਦ ਨੇ ਕਿਹਾ ਸੀ ਕਿ ਅਸਲੇ ਦੇ ਲਾਇਸੈਂਸ ਲਈ ਅਰਜ਼ੀ ਫਾਰਮ ਉਸ ਵਿਅਕਤੀ ਨੂੰ ਦਿੱਤਾ ਜਾਵੇਗਾ, ਜੋ 10 ਬੂਟੇ ਲਾਉਣ ਬਾਰੇ ਆਪਣੀ ਸੈਲਫੀ ਦੀਆਂ ਤਸਵੀਰਾਂ ਲਿਆਏਗਾ। ਫਾਰਮ ਦੇਣ ਤੋਂ ਬਾਅਦ ਇਕ ਮਹੀਨੇ ਅੰਦਰ ਸੰਬੰਧਿਤ ਵਿਅਕਤੀ ਨੂੰ ਦੂਜੀਆਂ ਤਸਵੀਰਾਂ ਪੇਸ਼ ਕਰਨੀਆਂ ਹੋਣਗੀਆਂ, ਜਿਨ੍ਹਾਂ 'ਚ ਉਪਰੋਕਤ ਬੂਟਿਆਂ ਦੀ ਸੰਭਾਲ ਬਾਰੇ ਪ੍ਰਸ਼ਾਸਨ ਨੂੰ ਦੱਸਣਾ ਹੋਵੇਗਾ। ਉਸ ਤੋਂ ਬਾਅਦ ਵੀ ਸਬੰਧਿਤ ਵਿਅਕਤੀ ਦੇ ਡੋਪ ਟੈਸਟ ਅਤੇ ਪੁਲਸ ਰਿਪੋਰਟਾਂ ਦੇਖਣ ਤੋਂ ਬਾਅਦ ਅਸਲਾ ਲਾਇਸੈਂਸ ਜਾਰੀ ਕਰਨ ਬਾਰੇ ਪ੍ਰਸ਼ਾਸਨ ਵਲੋਂ ਕੋਈ ਫੈਸਲਾ ਲਿਆ ਜਾਵੇਗਾ। ਸਥਾਨਕ ਪ੍ਰਸ਼ਾਸਨ ਵਲੋਂ ਲਏ ਗਏ ਉਕਤ ਫੈਸਲੇ ਵਿਰੁੱਧ ਕਿਸੇ 'ਚ ਵੀ ਕੋਈ ਨਾਰਾਜ਼ਗੀ ਨਹੀਂ ਦੇਖੀ ਗਈ ਅਤੇ ਲੋਕ ਧੜਾ ਧੜ ਬੂਟੇ ਲਾ ਕੇ ਸੈਲਫੀਆਂ ਲਿਆ ਕਿ ਅਸਲਾ ਲਾਇਸੈਂਸ ਲਈ ਫਾਰਮ ਲੈਣ ਲਈ ਫਿਰੋਜ਼ਪੁਰ ਜ਼ਿਲਾ ਪ੍ਰਸ਼ਾਸਨ ਕੋਲ ਆ ਰਹੇ ਹਨ।