ਕੈਨੇਡਾ ''ਚ ਪ੍ਰਵਾਸੀਆਂ ਨੂੰ ਮੁਫਤ ਸਿਟੀਜ਼ਨਸ਼ਿਪ ਦੇਵੇਗੀ ਲਿਬਰਲ ਪਾਰਟੀ
Wednesday, Oct 02, 2019 - 09:36 PM (IST)
ਓਟਾਵਾ - ਆਮ ਚੋਣਾਂ ਨੂੰ ਲੈ ਕੇ ਕੈਨੇਡਾ 'ਚ ਸਿਆਸੀ ਨੇਤਾਵਾਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਉਥੇ ਹੁਣ ਕੈਨੇਡਾ 'ਚ ਮੁੜ ਜੇ ਲਿਬਰਲ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਲਈ ਆਪਣੀ ਜੇਬ ਢਿੱਲੀ ਨਹੀਂ ਕਰਨੀ ਪਵੇਗੀ। ਇੰਮੀਗ੍ਰ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਉਨਾਂ ਪ੍ਰਵਾਸੀਆਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ ਜੋ ਆਰਥਿਕ ਤੰਗੀ ਕਾਰਨ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਖ਼ਲ ਨਹੀਂ ਕਰਦੇ।
ਦੱਸ ਦੇਈਏ ਕਿ ਸਟੀਫ਼ਨ ਹਾਰਪਰ ਦੀ ਸਰਕਾਰ ਵੇਲੇ ਸਿਟੀਜ਼ਨਸ਼ਿਪ ਫੀਸ 100 ਡਾਲਰ ਤੋਂ ਵਧਾ ਕੇ 530 ਡਾਲਰ ਕਰ ਦਿਤੀ ਗਈ ਸੀ ਜਦ ਕਿ 100 ਡਾਲਰ ਦੀ ਰਾਈਟ ਟੂ ਸਿਟੀਜ਼ਨਸ਼ਿਪ ਫ਼ੀਸ ਵੱਖਰੇ ਤੌਰ 'ਤੇ ਅਦਾ ਕਰਨੀ ਪੈਂਦੀ ਹੈ। ਕੈਨੇਡੀਅਨ ਕਾਓਂਸਿਲ ਫਾਰ ਰਫਿਊਜੀ ਵੱਲੋਂ ਫੀਸ ਦੇ ਮੁਕੰਮਲ ਖਤਮ ਕਰਨ ਲਈ ਲਗਾਤਾਰ ਸਰਕਾਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਸੀ.ਸੀ.ਆਰ. ਦੀ ਕਾਰਜਕਾਰੀ ਡਾਇਰੈਕਟਰ ਨੇ ਆਖਿਆ ਕਿ ਸਿਰਫ ਐਪਲੀਕੇਸ਼ਨ ਫ਼ੀਸ ਦੀ ਵਸੂਲ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਤੋਂ ਇਲਾਵਾ ਭਾਸ਼ਾ ਦੇ ਟੈਸਟ ਲਈ ਵੀ ਰਫਿਊਜੀਆਂ ਨੂੰ ਫੀਸ ਅਦਾ ਕਰਨੀ ਪੈਂਦੀ ਹੈ। ਦੂਜੇ ਪਾਸੇ ਸਾਬਕਾ ਇੰਮੀਗ੍ਰੇਸ਼ਨ ਅਫ਼ਸਰ ਐਂਡਰਿਊ ਗ੍ਰਿਫਥ ਦਾ ਆਖਣਾ ਸੀ ਕਿ ਬਿਨਾਂ ਸ਼ੱਕ ਕੰਜ਼ਰਵੇਟਿਵ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਫੀਸ 'ਚ ਖਾਸਾ ਵਾਧਾ ਕੀਤਾ ਗਿਆ ਪਰ ਇਸ ਨੂੰ ਪੂਰੀ ਤਰਾਂ ਖਤਮ ਕਰਨਾ ਵੀ ਜਾਇਜ਼ ਨਹੀਂ ਹੋਵੇਗਾ।