ਲੈਕਚਰਾਰਾਂ ਦੀ ਕਮੀ ਕਾਰਨ ਜ਼ਿਲੇ ''ਚ ਡਿੱਗਣ ਲੱਗਾ ਸਿੱਖਿਆ ਦਾ ਪੱਧਰ

05/11/2018 10:33:53 AM


ਮੋਗਾ (ਗੋਪੀ) - ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਆਧੁਨਿਕ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਰੀਕਤ ਇਹ ਹੈ ਕਿ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ 'ਚ ਪਹਿਲਾਂ ਦੇ ਮੁਕਾਬਲੇ ਸਿੱਖਿਆ ਦਾ ਮਿਆਰ ਘਟਣ ਲੱਗਾ ਹੈ, ਜਿਸ ਕਾਰਨ ਬੁੱਧੀਜੀਵੀ ਵਰਗ 'ਚਿੰਤਾ' ਦੇ ਆਲਮ 'ਚ ਡੁੱਬ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ 'ਚ ਐਲਾਨੀ ਗਈ 12ਵੀਂ ਜਮਾਤ ਦੇ ਮੋਹਰੀ ਰਹੇ ਵਿਦਿਆਰਥੀਆਂ ਦੀ ਮੈਰਿਟ ਲਿਸਟ 'ਚ ਜ਼ਿਲੇ ਭਰ ਦੇ 82 ਸੀਨੀਅਰ ਸੈਕੰਡਰੀ ਸਕੂਲਾਂ 'ਚੋਂ ਇਕ ਵੀ ਵਿਦਿਆਰਥੀ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜ਼ਿਲੇ ਭਰ 'ਚ ਹੁਸ਼ਿਆਰ ਵਿਦਿਆਰਥੀਆਂ ਦੀ ਸੂਚੀ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ। ਹੈਰਾਨੀਜਨਕ ਪਹਿਲੂ ਤਾਂ ਇਹ ਉੱਭਰਿਆ ਹੈ ਕਿ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਦੌਰਾਨ ਅਜਿਹਾ ਪਹਿਲੀ ਦਫਾ ਹੋਇਆ ਹੈ ਜਦੋਂ ਜ਼ਿਲੇ ਭਰ ਦਾ ਇਕ ਵਿਦਿਆਰਥੀ ਮੈਰਿਟ ਸੂਚੀ 'ਚ ਆਪਣਾ ਨਾਂ ਨਾ ਦਰਜ ਕਰਵਾ ਸਕਿਆ। ਪਿਛਲੇ ਕਈ ਸਾਲਾਂ 'ਚ ਜ਼ਿਲੇ ਭਰ ਦੇ ਕਈ ਮੋਹਰੀ ਸਕੂਲਾਂ ਦੇ ਵਿਦਿਆਰਥੀ ਜ਼ਰੂਰ ਮੈਰਿਟ ਸੂਚੀ 'ਚ ਆਉਂਦੇ ਰਹੇ ਹਨ।
'ਜਗ ਬਾਣੀ ' ਵੱਲੋਂ ਇਸ ਸਬੰਧ 'ਚ ਇਕੱਤਰ ਕੀਤੀ ਵਿਸ਼ੇਸ਼ ਰਿਪੋਰਟ 'ਚ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਸਕੂਲ 'ਚ ਲੈਕਚਰਾਰਾਂ ਦੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਬੀੜ ਰਾਊਕੇ ਦੇ ਸਾਬਕਾ ਪੰਚ ਗੁਰਚਰਨ ਸਿੰਘ ਬੀੜ ਰਾਊਕੇ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਲੈਕਚਰਾਰਾਂ ਦੀ ਕਮੀ ਕਰ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੋਰ ਸਕੀਮਾਂ ਚਲਾਉਣ ਦੇ ਨਾਲ-ਨਾਲ ਸਿੱਖਿਆ ਦੇ ਪੱਧਰ ਨੂੰ ਸਚਮੁੱਚ ਉੱਚਾ ਚੁੱਕਣ ਲਈ ਸਕੂਲਾਂ 'ਚ ਸਾਰੀਆਂ ਖਾਲੀ ਪੋਸਟਾਂ ਭਰਨੀਆਂ ਚਾਹੀਦੀਆਂ ਹਨ ਤਾਂ ਜੋ ਜ਼ਿਲੇ ਭਰ ਦੇ ਵਿਦਿਆਰਥੀਆਂ ਦੀ ਤਰ੍ਹਾਂ ਮੈਰਿਟ ਸੂਚੀ 'ਚ ਆਪਣਾ ਨਾਂ ਦਰਜ ਕਰਵਾ ਸਕਣ।

ਜ਼ਿਲਾ ਸਿੱਖਿਆ ਅਫਸਰ ਦਾ ਪੱਖ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਜ਼ਿਲਾ ਸਿੱੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ਮੰਨਿਆ ਕਿ ਲੈਕਚਰਾਰਾਂ ਦੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਅਸਰ ਪਿਆ ਹੈ। ਇਸ ਦੇ ਨਾਲ ਹੀ ਇਸ ਦਾ ਇਕ ਪੱਖ ਇਹ ਹੈ ਕਿ ਇਸ ਵਾਰ 12ਵੀਂ ਜਮਾਤ ਦੀ ਪ੍ਰੀਖਿਆ ਪੂਰੀ ਤਰ੍ਹਾਂ ਨਕਲ ਰਹਿਤ ਹੋਈ ਹੈ, ਜਿਸ ਕਰਕੇ ਵਿਦਿਆਰਥੀਆਂ ਦੇ 12ਵੀਂ ਜਮਾਤ ਦੀ ਪ੍ਰੀਖਿਆ 'ਚ ਇਸ ਵਾਰ ਨੰਬਰ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਆਏ ਹਨ।


Related News