ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ''ਚ ਦਿਖਿਆ ''ਚੀਤਾ''

Friday, Apr 10, 2020 - 04:29 PM (IST)

ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ''ਚ ਦਿਖਿਆ ''ਚੀਤਾ''

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਫੇਜ਼-8 ’ਚ ਸਥਿਤ ਲਈਅਰ ਵੈਲੀ ਦੇ ਨਾਲੇ ’ਚ ਇਕ ਚੀਤਾ (ਤੇਂਦੂਆ) ਦਿਖਾਈ ਦੇਣ ਨਾਲ ਸਾਰੇ ਇਲਾਕੇ ’ਚ ਸਹਿਮ ਦਾ ਮਾਹੌਲ ਭਾਰੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਫੇਜ਼-9 ਦੇ ਮੰਦਰ ਤੋਂ ਮੁਨਾਦੀ ਹੋਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਲਾਕੇ ’ਚ ਚੀਤਾ ਆ ਗਿਆ ਹੈ। ਫੇਜ਼-9 ਦੇ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਬੀਤੀ ਸ਼ਾਮ ਕਰਫਿਊ ਦੌਰਾਨ ਨਿਗਰਾਨੀ ਕਰ ਰਹੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਈਅਰ ਵੈਲੀ ਦੇ ਨਾਲੇ ’ਚ ਤੇਂਦੂਆਂ ਘੁੰਮਦਾ ਹੋਇਆ ਦਿਖਾਈ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਦੀ ਜਾਣਕਾਰੀ ਵਣ ਵਿਭਾਗ ਨੂੰ ਦਿੱਤੀ ਅਤੇ ਵਣ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਆ ਕੇ ਜਾਲ ਅਤੇ ਪਿੰਜਰਾ ਲਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਜਾਣਕਾਰੀ ਐੱਸ. ਡੀ. ਐੱਮ. ਨੂੰ ਵੀ ਦਿੱਤੀ ਅਤੇ ਪੂਰੇ ਇਲਾਕੇ ’ਚ ਵਟਸਐਪ ਰਾਹੀਂ ਮੰਦਰ ਅਤੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰ ਕੇ ਜਾਣਕਾਰੀ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਤੇਂਦੂਆ ਦੇਖੇ ਜਾਣ ਦੀ ਜਾਣਕਾਰੀ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਹੈ, ਜਿਸ ਕਰ ਕੇ ਇਸ ਨੂੰ ਅਫਵਾਹ ਨਹੀਂ ਮੰਨਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਕਨਾਲ ਦੀਆਂ ਕੋਠੀਆਂ ਤੋਂ ਫੋਨ ਆਇਆ ਕਿ ਬੀਤੀ ਰਾਤ 11 ਵਜੇ ਤੇਂਦੂਏ ਦੇ ਦਹਾੜਨ ਦੀ ਆਵਾਜ਼ ਸੁਣੀ ਗਈ ਹੈ। ਫੇਜ਼-9 ਦੇ ਵਸਨੀਕ ਜੀ. ਐੱਸ. ਅੰਗੁਰਾਲ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ 11.30 ਵਜੇ ਅਨੇਕਾਂ ਕੁੱਤਿਆਂ ਨੂੰ ਭੌਂਕਦੇ ਹੋਏ ਸੁਣਿਆ। ਉਨ੍ਹਾਂ ਕਿਹਾ ਕਿ ਉਹ ਬਹੁਤ ਸਾਲਾਂ ਤੋਂ ਇਥੇ ਰਹਿ ਰਹੇ ਹਨ ਇਸ ਤਰ੍ਹਾਂ ਇੰਨੇ ਕੁੱਤਿਆਂ ਦੇ ਇਕੱਠੇ ਭੌਂਕਣ ਦੀ ਆਵਾਜ਼ ਉਨ੍ਹਾਂ ਨੇ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਉਹ ਡਰ ਦੇ ਮਾਰੇ ਬਾਹਰ ਨਹੀਂ ਨਿਕਲੇ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੇਂਦੂਏ ਨੂੰ ਕਾਬੂ ਕੀਤਾ ਜਾਵੇ। ਇਸ ਤੋਂ ਥੋੜ੍ਹੇ ਦਿਨ ਪਹਿਲਾਂ ਚੰਡੀਗੜ੍ਹ 'ਚ ਚੀਤੇ ਨੂੰ ਘੁੰਮਦੇ ਹੋਏ ਦੇਖਿਆ ਗਿਆ ਸੀ।


author

Babita

Content Editor

Related News