ਲਹਿਰਾ ਪਾਵਰ ਪਲਾਂਟ ਦੀਆਂ 4 ''ਚੋਂ 3 ਯੂਨਿਟਾਂ 15 ਦਿਨਾਂ ਤੋਂ ਬੰਦ
Friday, Aug 28, 2026 - 05:22 PM (IST)
ਬਠਿੰਡਾ (ਵਿਜੇ ਵਰਮਾ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ (ਜੀ. ਐੱਚ. ਟੀ. ਪੀ.) ਦੀਆਂ ਚਾਰ ਵਿੱਚੋਂ ਤਿੰਨ ਯੂਨਿਟਾਂ ਪਿਛਲੇ ਕਰੀਬ 15 ਦਿਨਾਂ ਤੋਂ ਬੰਦ ਪਈਆਂ ਹਨ। ਇਸ ਸਮੇਂ ਪਲਾਂਟ ਦੀ ਸਿਰਫ਼ ਇਕ ਯੂਨਿਟ ਹੀ ਚਾਲੂ ਹੈ, ਜਿਸ ਤੋਂ ਕਰੀਬ 167 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। 920 ਮੈਗਾਵਾਟ ਸਮਰੱਥਾ ਵਾਲੇ ਇਸ ਥਰਮਲ ਪਲਾਂਟ ਦੀਆਂ ਤਿੰਨ ਯੂਨਿਟਾਂ ਲੰਬੇ ਸਮੇਂ ਤੋਂ ਬੰਦ ਰਹਿਣ ਕਾਰਨ ਬਿਜਲੀ ਉਤਪਾਦਨ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਜੂਨ ਮਹੀਨੇ 'ਚ ਵੀ ਜੀ. ਐੱਚ. ਟੀ. ਪੀ. ਦੀਆਂ ਚਾਰੋਂ ਯੂਨਿਟਾਂ ਬੰਦ ਹੋ ਗਈਆਂ ਸਨ। ਇਸ ਤੋਂ ਬਾਅਦ ਸੂਬੇ 'ਚ ਬਿਜਲੀ ਉਤਪਾਦਨ ਅਤੇ ਸਪਲਾਈ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਸਨ। ਹੁਣ ਮੁੜ ਤਿੰਨ ਯੂਨਿਟਾਂ ਦੇ ਲੰਬੇ ਸਮੇਂ ਤੋਂ ਬੰਦ ਰਹਿਣ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ।
ਸੂਤਰਾਂ ਅਨੁਸਾਰ ਪਲਾਂਟ 'ਚ ਵੱਡੀ ਗਿਣਤੀ 'ਚ ਆਊਟਸੋਰਸ ਮੁਲਾਜ਼ਮਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਕਈ ਅਹਿਮ ਕੰਮ ਪ੍ਰਭਾਵਿਤ ਹੋਏ ਹਨ। ਯੂਨੀਅਨ ਆਗੂ ਜਗਸੀਰ ਸਿੰਘ ਭੰਗੂ ਨੇ ਦੱਸਿਆ ਕਿ ਕਰੀਬ 1,800 ਮਜ਼ਦੂਰ ਹੜਤਾਲ ’ਤੇ ਚਲੇ ਗਏ ਸਨ, ਜਿਸ ਦਾ ਥਰਮਲ ਪਲਾਂਟ ਦੇ ਕੰਮਕਾਜ ’ਤੇ ਗੰਭੀਰ ਅਸਰ ਪਿਆ। ਭੰਗੂ ਨੇ ਕਿਹਾ ਕਿ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਠੇਕੇਦਾਰ ਰਾਹੀਂ ਆਊਟਸੋਰਸ ਆਧਾਰ ’ਤੇ ਲੈਣ ਦੀ ਬਜਾਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਰਾਹੀਂ ਸਿੱਧੇ ਤੌਰ ’ਤੇ ਲਈਆਂ ਜਾਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ 'ਚ ਕਰੀਬ 700 ਮੈਂਬਰ ਹਨ ਅਤੇ ਯੂਨੀਅਨ ਵੱਲੋਂ ਹੜਤਾਲ ਵਾਪਸ ਲੈਣ ਤੋਂ ਬਾਅਦ ਮੁਲਾਜ਼ਮ ਡਿਊਟੀ ’ਤੇ ਵਾਪਸ ਪਰਤ ਆਏ ਹਨ।
ਹਾਲਾਂਕਿ ਉਨ੍ਹਾਂ ਮੁਤਾਬਕ ਫਲਾਈ ਐਸ਼ ਇਕੱਠੀ ਕਰਨ ਅਤੇ ਕੋਲਾ ਉਤਾਰਨ ਵਰਗੇ ਮਹੱਤਵਪੂਰਨ ਕੰਮ ਅਜੇ ਵੀ ਪ੍ਰਭਾਵਿਤ ਹਨ। ਇਸ ਕਾਰਨ ਪਲਾਂਟ ਦੇ ਆਮ ਕੰਮਕਾਜ ’ਤੇ ਅਸਰ ਪੈ ਰਿਹਾ ਹੈ।ਜੀ.ਐੱਚ.ਟੀ.ਪੀ. ਦੇ ਚੀਫ਼ ਇੰਜੀਨੀਅਰ ਸਤ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਤਿੰਨ ਯੂਨਿਟਾਂ ਤਕਨੀਕੀ ਸਮੱਸਿਆਵਾਂ ਅਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਬੰਦ ਰਹੀਆਂ ਹਨ। ਉਧਰ, ਮਾਨਸਾ ਜ਼ਿਲ੍ਹੇ ਦੇ ਪਿੰਡ ਬਨਾਵਾਲਾ ਸਥਿਤ 1,980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਾਵਰ ਲਿਮਟਿਡ ਥਰਮਲ ਪਲਾਂਟ ਦੇ ਬਾਹਰ ਵੀ ਮਜ਼ਦੂਰਾਂ ਨੇ ਕਿਸਾਨਾਂ ਦੇ ਸਮਰਥਨ ਨਾਲ ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪ੍ਰਦਰਸ਼ਨਕਾਰੀ ਮਜ਼ਦੂਰਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਘੱਟੋ-ਘੱਟ ਤਨਖ਼ਾਹ ਵਿੱਚ 15 ਫੀਸਦੀ ਵਾਧਾ ਕੀਤਾ ਜਾਵੇ। ਮਜ਼ਦੂਰਾਂ ਨੇ ਮੰਗ ਪੂਰੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ। ਇੱਕ ਪਾਸੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਤਿੰਨ ਯੂਨਿਟਾਂ ਦੇ ਲੰਬੇ ਸਮੇਂ ਤੋਂ ਬੰਦ ਰਹਿਣ ਅਤੇ ਦੂਜੇ ਪਾਸੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬਾਹਰ ਮਜ਼ਦੂਰਾਂ ਦੇ ਅੰਦੋਲਨ ਕਾਰਨ ਪੰਜਾਬ ਵਿੱਚ ਬਿਜਲੀ ਉਤਪਾਦਨ ਨਾਲ ਜੁੜੇ ਮੁੱਦੇ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ।
