ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਤੇ 4 ਹੋਰਨਾਂ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ
Friday, Jul 07, 2017 - 01:12 AM (IST)
ਚੰਡੀਗੜ੍ਹ - ਪੰਜਾਬ ਦੇ ਕਈ ਵਰਗਾਂ ਵਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਮੁੱਖ ਮੰਤਰੀ ਵਲੋਂ ਗੈਰ-ਸਮਾਜਿਕ ਅਨਸਰਾਂ ਵਿਰੁੱਧ ਸਖਤੀ ਵਰਤਣ ਦੇ ਹੁਕਮ ਤੋਂ ਬਾਅਦ ਪੰਜਾਬ ਪੁਲਸ ਵਲੋਂ ਅੱਜ ਅਮਰੀਕਾ ਨਿਵਾਸੀ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸਮੇਤ 2 ਭਾਰਤੀ ਬਸ਼ਿੰਦਿਆਂ ਵਿਰੁੱਧ ਦੇਸ਼ਧ੍ਰੋਹ ਤੇ ਸਮਾਜ 'ਚ ਨਫਰਤ ਪੈਦਾ ਕਰਨ ਤੇ ਸਾਜ਼ਿਸ਼ ਰਚਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਵਲੋਂ ਪੁਲਸ ਨੂੰ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਿੱਖ ਫਾਰ ਜਸਟਿਸ ਸਮੇਤ ਕੋਈ ਵੀ ਹੋਰ ਗੈਰ-ਸਮਾਜਿਕ ਜਥੇਬੰਦੀ ਲੋਕਾਂ ਦੀਆਂ ਫਿਰਕੂ ਭਾਵਨਾਵਾਂ ਨਾ ਭੜਕਾ ਸਕੇ, ਜਿਸਦਾ ਲਾਭ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲੈ ਸਕਦੀ ਹੈ। ਮੁੱਖ ਮੰਤਰੀ ਵਲੋਂ ਪੁਲਸ ਨੂੰ ਇਹ ਹੁਕਮ ਸੂਬੇ 'ਚ ਬੀਤੇ ਦਿਨੀਂ 40 ਥਾਵਾਂ 'ਤੇ ਭੜਕਾਹਟ ਪੈਦਾ ਕਰਨ ਵਾਲੇ ਲੱਗੇ ਵੱਖਵਾਦੀ ਵਿਚਾਰਾਂ ਵਾਲੇ ਹੋਰਡਿੰਗਜ਼ ਸਬੰਧੀ ਦਿੱਤਾ ਗਿਆ ਹੈ।
ਪੁਲਸ ਦੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ 'ਪੰਜਾਬ ਇੰਡੀਪੈਂਡੈਂਸ ਰੈਫਰੈਂਡਮ 2020' ਸਿਰਲੇਖ ਤਹਿਤ ਜੋ ਮੁਹਿੰਮ ਚਲਾਈ ਜਾ ਰਹੀ ਹੈ, ਉਸਨੂੰ ਬਾਬਾ ਹਨੂਮਾਨ ਸਿੰਘ ਐਟਰਪ੍ਰਾਈਜ਼ਿਜ਼ ਏਜੰਸੀ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸਨੂੰ ਕਿ ਨਿਊਯਾਰਕ ਤੋਂ ਐੈੱਸ. ਐੱਫ. ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਰਾਹੀਂ ਕੰਮ ਸੌਪਿਆਂ ਗਿਆ ਹੈ। ਪੰਨੂ ਤੋਂ ਇਲਾਵਾ ਜਿਹੜੇ ਹੋਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ,ਉਨ੍ਹਾਂ ਦੀ ਪਛਾਣ ਜਗਦੀਪ ਸਿੰਘ ਉਰਫ ਬਾਬਾ ਜੱਗ ਸਿੰਘ, ਜੋ ਕਿ ਮੂਲ ਰੂਪ 'ਚ ਫਤਿਹਗੜ੍ਹ ਸਾਹਿਬ ਦਾ ਵਸਨੀਕ ਹੈ ਤੇ ਮੌਜੂਦਾ ਸਮੇਂ ਨਿਊਯਾਰਕ ਵਿਖੇ ਰਹਿ ਰਿਹਾ ਹੈ। ਇਸ ਤੋਂ ਇਲਾਵਾ ਜਗਜੀਤ ਸਿੰਘ, ਜੋ ਕਿ ਮੂਲ ਰੂਪ 'ਚ ਜੰਮੂ ਕਸ਼ਮੀਰ ਨਾਲ ਸਬੰਧ ਰੱਖਦਾ ਹੈ ਤੇ ਹੁਣ ਨਿਊਯਾਰਕ ਵਿਖੇ ਰਹਿ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਦੋ ਭਾਰਤੀ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਗੁਰਪੀ੍ਰਤ ਸਿੰਘ, ਡੀ.-39, ਫੇਜ਼-5, ਇੰਡਸਟ੍ਰੀਅਲ ਏਰੀਆ ਮੋਹਾਲੀ ਤੇ ਹਰਪੂਨੀਤ ਸਿੰਘ ਵਾਸੀ ਨਾਨਕ ਨਗਰ, ਜੰਮੂ (ਜੰਮੂ ਕਸ਼ਮੀਰ) ਦਾ ਨਾਂ ਸ਼ਾਮਲ ਹੈ।
