ਜ਼ਿਲ੍ਹਾ ਐੱਸ. ਏ. ਐੱਸ. ਨਗਰ ਵਿਖੇ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੀ ਸ਼ੁਰੂਆਤ
Tuesday, Jan 31, 2023 - 03:48 PM (IST)
ਮੋਹਾਲੀ (ਪਰਦੀਪ) : ਮਿਸਟਰ ਜਸਟਿਸ ਰਵੀ ਸ਼ੰਕਰ ਝਾਅ, ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਮਿਸਟਰ ਜਸਟਿਸ ਤੇਜਿੰਦਰ ਸਿੰਘ ਢੀਂਡਸਾ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵਲੋਂ ਵਰਚੁਅਰ ਮੋਡ ਰਾਹੀਂ ਜ਼ਿਲ੍ਹਾ ਐੱਸ. ਏ. ਐੱਸ. ਨਗਰ ਵਿਚ ਸਥਾਪਤ ਕੀਤੇ ਗਏ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-1, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਅਤੇ ਵਕੀਲਾਂ, ਜਿਨ੍ਹਾਂ ਨੇ ਵਰਚੁਅਲ ਮੋਡ ਰਾਹੀਂ ਸਮਾਰੋਹ ਵਿਚ ਹਿੱਸਾ ਲਿਆ, ਨੂੰ ਸੰਬੋਧਨ ਕਰਦਿਆਂ ਮਿਸਟਰ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਲੀਗਲ ਏਡ ਡਿਫੈਂਸ ਕੌਂਸਲ ਕ੍ਰਿਮੀਨਲ ਕੇਸਾਂ ਵਿਚ ਸ਼ਾਮਲ ਅਪਰਾਧੀਆਂ ਦੇ ਕੇਸਾਂ ਨੂੰ ਸਮਰਪਤ ਭਾਵਨਾ ਨਾਲ ਲੜਨਗੇ।
ਇਸ ਤੋਂ ਪਹਿਲਾਂ ਅਜਿਹੇ ਕੇਸ ਪੈਨਲ ਦੇ ਵਕੀਲਾਂ ਨੂੰ ਦੋਸ਼ੀਆਂ ਦੀ ਪੈਰਵਾਈ ਕਰਨ ਲਈ ਦਿੱਤੇ ਜਾਂਦੇ ਸਨ, ਜੋ ਕਿ ਪ੍ਰਾਈਵੇਟ ਤੌਰ ’ਤੇ ਵੀ ਪ੍ਰੈਕਟਿਸ ਕਰਦੇ ਸਨ ਜਿਸ ਕਾਰਨ ਉਨ੍ਹਾਂ ਵਲੋਂ ਮੁਫਤ ਕਾਨੂੰਨੀ ਸਹਾਇਤਾ ਵਾਲੇ ਕੇਸਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਕਈ ਮੌਕਿਆਂ ’ਤੇ ਪੈਨਲ ਦੇ ਵਕੀਲਾਂ ਦੀ ਮੁਫਤ ਕਾਨੂੰਨੀ ਸਹਾਇਤਾ ਵਾਲੇ ਕੇਸਾਂ ਵਿਚ ਪੀੜਤਾਂ ਤੱਕ ਪਹੁੰਚ ਨਹੀਂ ਹੁੰਦੀ ਸੀ ਜਿਸ ਕਾਰਨ ਮੁਫਤ ਕਾਨੂੰਨੀ ਸਹਾਇਤਾ ਲੈਣ ਵਾਲੇ ਵਿਅਕਤੀਆਂ ਨਾਲ ਸਲਾਹ ਅਤੇ ਉਨ੍ਹਾਂ ਨੂੰ ਕੇਸ ਦੀ ਸਹੀ ਸਥਿਤੀ ਸਬੰਧੀ ਜਾਣਕਾਰੀ ਦੇਣ ਵਿਚ ਮੁਸ਼ਕਲ ਆਉਂਦੀ ਸੀ। ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਰਾਹੀਂ ਸਮਾਜ ਦੇ ਗਰੀਬ ਅਤੇ ਹਾਸ਼ੀਏ ’ਤੇ ਪਹੁੰਚੇ ਲੋਕਾਂ ਲਈ ਸਮਾਂਬੱਧ ਅਤੇ ਉਸਾਰੂ, ਵਚਨਬੱਧ ਅਤੇ ਜਵਾਬਦੇਹੀ ਵਾਲੇ ਵਕੀਲ ਚੁਣੇ ਗਏ ਹਨ, ਜਿਨ੍ਹਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਆਗਿਆ ਨਹੀਂ ਹੈ।
ਇਸ ਸਮੇਂ ਮਿਸਟਰ ਜਸਟਿਸ ਅਰੁਣ ਪੱਲੀ, ਜਸਟਿਸ ਸੰਜੀਵ ਬੈਰੀ, ਰਮੇਸ਼ ਚੰਦਰ ਡਿਮਰੀ, ਰਜਿਸਟਰਾਰ ਜਨਰਲ, ਸ੍ਰੀ ਅਰੁਣ ਗੁਪਤਾ, ਮੈਂਬਰ ਸਕੱਤਰ, ਸਮ੍ਰਿਤੀ ਧੀਰ, ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੀ ਹਾਜ਼ਰ ਸਨ। ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਐੱਸ.ਏ.ਐੱਸ. ਨਗਰ, ਸ੍ਰੀ ਅਵਤਾਰ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-1, ਬਲਜਿੰਦਰ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਅਤੇ ਚੀਫ਼, ਡਿਪਟੀ ਅਤੇ ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲਾਂ ਵਲੋਂ ਵੀ ਇਸ ਪ੍ਰੋਗਰਾਮ ਵਿਚ ਵਰਚੁਅਲ ਸ਼ਮੂਲੀਅਤ ਕੀਤੀ ਗਈ।