ਲੈਬਨਾਨ ’ਚ ਮਰੇ ਫਿਰੋਜ਼ਪੁਰ ਸ਼ਹਿਰ ਦੇ ਸੁਖਵਿੰਦਰ ਸਿੰਘ ਦੀ ਲਾਸ਼ 22 ਨੂੰ ਭਾਰਤ ਪਹੁੰਚੇਗੀ

Monday, Dec 21, 2020 - 11:39 AM (IST)

ਫਿਰੋਜ਼ਪੁਰ (ਕੁਮਾਰ) : ਪੈਸੇ ਕਮਾਉਣ ਅਤੇ ਰੋਜ਼ੀ ਰੋਟੀ ਦੀ ਭਾਲ ਵਿਚ ਲੈਬਨਾਨ ’ਚ ਗਏ ਸ਼ਾਂਤੀ ਨਗਰ ਫਿਰੋਜ਼ਪੁਰ ਸ਼ਹਿਰ ਦੇ 43 ਸਾਲਾ ਵਿਅਕਤੀ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਦੀ 24 ਨਵੰਬਰ ਨੂੰ ਮੌਤ ਹੋ ਗਈ ਸੀ, ਜਿਸਦੀ ਲਾਸ਼ ਦੇਣ ਲਈ ਖੁਦ ਨੂੰ ਕੰਪਨੀ ਦਾ ਅਧਿਕਾਰੀ ਦੱਸ ਰਿਹਾ ਇਕ ਵਿਅਕਤੀ 5 ਹਜ਼ਾਰ ਡਾਲਰਾਂ ਦੀ ਮੰਗ ਕਰ ਰਿਹਾ ਸੀ। ਸੁਖਵਿੰਦਰ ਸਿੰਘ ਦਾ ਪਰਿਵਾਰ ਅਤੇ ਰਿਸ਼ਤੇਦਾਰ ਲਾਸ਼ ਫਿਰੋਜ਼ਪੁਰ ਲਿਆਉਣ ਲਈ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਮਿਲੇ ਅਤੇ ਉਨ੍ਹਾਂ ਨੇ ਲਾਸ਼ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਅਤੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਤੋਂ ਐਡੀਸ਼ਨਲ ਚੀਫ ਸੈਕਟਰੀ ਗੌਰਮਿੰਟ ਆਫ ਪੰਜਾਬ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਜਸਟਿਸ ਪੰਜਾਬ ਚੰਡੀਗੜ੍ਹ ਦੇ ਨਾਮ 7 ਦਸੰਬਰ ਨੂੰ ਪੱਤਰ ਲਿਖਵਾ ਕੇ ਭੇਜਿਆ।

ਇਹ ਜਾਣਕਾਰੀ ਦਿੰਦੇ ਹੋਏ ਆਰਮੀ ਦੇ ਸੇਵਾਮੁਕਤ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ‘ਜਗ ਬਾਣੀ’ ਅਖਬਾਰ ਵਲੋਂ ਖਬਰ ਪ੍ਰਕਾਸ਼ਿਤ ਕਰ ਕੇ ਪਰਿਵਾਰ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਗਈ ਹੈ। ਸੁਖਵਿੰਦਰ ਸਿੰਘ ਦਾ ਗਰੀਬ ਪਰਿਵਾਰ 5 ਹਜ਼ਾਰ ਡਾਲਰ ਦੇਣ ਤੋਂ ਅਸਮਰਥ ਸੀ ਅਤੇ ਜਿਵੇਂ-ਜਿਵੇਂ ਦਿਨ ਗੁਜਰਦੇ ਗਏ ਪਰਿਵਾਰ ਦੀਆਂ ਮੁਸ਼ਕਿਲਾਂ ਵੱਧਦੀਆਂ ਗਈਆਂ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਕੈਪਟਨ ਲਖਵਿੰਦਰ ਸਿੰਘ ਦੇ ਬੇਟਿਆਂ ਨੇ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕੀਤਾ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਵਲੋਂ ਕੋਸ਼ਿਸ਼ ਕਰਨ ਦੇ ਬਾਅਦ ਮਿ੍ਰਤਕ ਸੁਖਵਿੰਦਰ ਸਿੰਘ ਦੀ ਲਾਸ਼ ਦੇਣ ’ਤੇ ਸਹਿਮਤੀ ਹੋਈ। ਸੇਵਾਮੁਕਤ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ 22 ਦਸੰਬਰ ਨੂੰ ਸੁਖਵਿੰਦਰ ਦੀ ਲਾਸ਼ ਜਹਾਜ਼ ਰਾਹੀਂ ਦਿੱਲੀ ਪਹੁੰਚ ਜਾਵੇਗੀ ਅਤੇ ਉਥੋਂ ਉਸਦੀ ਲਾਸ਼ ਸ਼ਾਂਤੀ ਨਗਰ ਫਿਰੋਜ਼ਪੁਰ ਸ਼ਹਿਰ ਸਥਿਤ ਉਸਦੇ ਘਰ ਲਿਆਂਦੀ ਜਾਵੇਗੀ।


Gurminder Singh

Content Editor

Related News