ਅਨਪੜ੍ਹ ਤੇ ਘੱਟ ਪੜ੍ਹੇ-ਲਿਖੇ ਲੋਕ ਕਿਵੇਂ ਦੇਣ ਲਰਨਿੰਗ ਲਾਇਸੈਂਸ ਦੀ ਆਨਲਾਈਨ ਅਰਜ਼ੀ
Monday, Sep 25, 2017 - 01:56 PM (IST)
ਜਲੰਧਰ(ਅਮਿਤ)— ਹੁਣੇ ਜਿਹੇ ਡੀ. ਟੀ. ਓ. ਦਫਤਰ ਬੰਦ ਕਰਨ ਅਤੇ ਸਾਰਾ ਕੰਮਕਾਜ ਆਰ. ਟੀ. ਏ. ਅਧੀਨ ਕਰਨ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਬਹੁਤ ਵੱਡਾ ਕਦਮ ਚੁੱਕਦਿਆਂ ਲਾਇਸੈਂਸ ਅਰਜ਼ੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਰਲ ਬਣਾਉਣ ਦੇ ਉਦੇਸ਼ ਨਾਲ ਆਨਲਾਈਨ ਲਰਨਿੰਗ ਲਾਇਸੈਂਸ ਅਰਜ਼ੀ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਹਰ ਬਿਨੈਕਾਰ ਜਿਸ ਨੇ ਆਪਣਾ ਲਰਨਿੰਗ ਲਾਇਸੈਂਸ ਬਣਵਾਉਣਾ ਹੈ, ਉਸ ਨੂੰ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ 'ਟਰਾਂਸਪੋਰਟ ਜੀ ਓ ਵੀ ਡਾਟ ਇਨ' 'ਤੇ ਜਾ ਕੇ ਡਰਾਈਵਿੰਗ ਲਾਇਸੈਂਸ ਰਿਲੇਟਿਡ ਸਰਵਿਸਿਜ਼ ਆਪਸ਼ਨ ਸਿਲੈਕਟ ਕਰਕੇ ਆਪਣੀ ਅਰਜ਼ੀ ਜਮ੍ਹਾ ਕਰਵਾਉਣੀ ਪੈਂਦੀ ਹੈ।
ਫਿਲਹਾਲ ਵਿਭਾਗ ਵੱਲੋਂ ਸਿਰਫ ਲਰਨਿੰਗ ਲਾਇਸੈਂਸ ਦਾ ਕੰਮ ਹੀ ਆਨਲਾਈਨ ਕੀਤਾ ਗਿਆ ਹੈ ਅਤੇ ਅਗਲੇ ਪੜਾਅ 'ਚ ਪੱਕਾ ਲਾਇਸੈਂਸ ਅਤੇ ਰੀਨਿਊਅਲ ਲਾਇਸੈਂਸ ਦਾ ਕੰਮ ਵੀ ਆਨਲਾਈਨ ਕੀਤਾ ਜਾਵੇਗਾ ਪਰ ਇਸ ਪੂਰੇ ਮਾਮਲੇ 'ਚ ਇਸ ਗੱਲ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਗਿਆ ਕਿ ਕਿਸੇ ਅਨਪੜ੍ਹ ਅਤੇ ਘੱਟ ਪੜ੍ਹੇ-ਲਿਖੇ ਵਿਅਕਤੀ ਵਲੋਂ ਜੇਕਰ ਆਪਣੇ ਲਾਇਸੈਂਸ ਦੀ ਆਨਲਾਈਨ ਅਰਜ਼ੀ ਦੇਣੀ ਹੋਵੇ ਤਾਂ ਉਹ ਕਿਵੇਂ ਦੇ ਸਕਦਾ ਹੈ? ਕਿਉਂਕਿ ਆਨਲਾਈਨ ਅਰਜ਼ੀ ਲਈ ਪੜ੍ਹਿਆ-ਲਿਖਿਆ ਹੋਣਾ ਅਤੇ ਇਸ ਤੋਂ ਇਲਾਵਾ ਕੰਪਿਊਟਰ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ।
ਸ਼ੁਰੂ ਹੋ ਸਕਦਾ ਹੈ ਵਿਸ਼ੇਸ਼ ਹੈਲਪ-ਡੈਸਕ, ਟ੍ਰੈਕ 'ਤੇ ਮਿਲ ਸਕਦੀ ਹੈ ਸਹੂਲਤ
ਪੂਰੇ ਸੂਬੇ ਚੋਂ ਜਲੰਧਰ 'ਚ ਬਤੌਰ ਪਾਇਲਟ ਪ੍ਰਾਜੈਕਟ ਹੋ ਸਕਦਾ ਹੈ ਲਾਂਚ : ਬਲਬੀਰ ਸਿੰਘ
ਬਿਨੈਕਾਰਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦਿਆਂ ਆਰ. ਟੀ. ਏ. ਦਫਤਰ ਜਲੰਧਰ ਵੱਲੋਂ ਟ੍ਰੈਕ ਉੱਪਰ ਆਨਲਾਈਨ ਅਰਜ਼ੀ ਜਮ੍ਹਾ ਕਰਨ ਲਈ ਇਕ ਖਾਸ ਹੈਲਪ-ਡੈਸਕ ਸ਼ੁਰੂ ਕਰਨ ਦਾ ਪ੍ਰਸਤਾਵ ਵਿਚਾਰ ਅਧੀਨ ਹੈ ਅਤੇ ਇਸ ਸਬੰਧੀ ਵਿਸਥਾਰ ਨਾਲ ਇਕ ਮਤਾ ਵਿਭਾਗ ਕੋਲ ਭੇਜਿਆ ਜਾ ਰਿਹਾ ਹੈ, ਜਿਸ ਤਹਿਤ ਪੂਰੇ ਸੂਬੇ 'ਚ ਜਲੰਧਰ ਅੰਦਰ ਬਤੌਰ ਪਾਇਲਟ ਪ੍ਰਾਜੈਕਟ ਇਸ ਨੂੰ ਸ਼ੁਰੂ ਕਰਕੇ ਟ੍ਰੈਕ 'ਤੇ ਅਨਪੜ੍ਹ ਤੇ ਘੱਟ ਪੜ੍ਹੇ- ਲਿਖੇ ਲੋਕਾਂ ਨੂੰ ਉਕਤ ਸੁਵਿਧਾ ਦਿੱਤੀ ਜਾ ਸਕਦੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ. ਟੀ. ਏ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਅਜਿਹੇ ਮਾਮਲੇ ਆ ਰਹੇ ਹਨ, ਜਿਸ ਕਾਰਨ ਇਸ ਗੱਲ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਪਾਸਪੋਰਟ ਦਫਤਰਾਂ ਵਾਂਗ ਟ੍ਰੈਕ 'ਤੇ ਵੀ ਮਾਮੂਲੀ ਫੀਸ ਲੈ ਕੇ ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਜਾਏ, ਜਿਸ ਨਾਲ ਵੱਡੀ ਗਿਣਤੀ 'ਚ ਬਿਨੈਕਾਰਾਂ ਨੂੰ ਫਾਇਦਾ ਹੋਵੇਗਾ।
ਕੀ ਹੈ ਆਨਲਾਈਨ ਅਰਜ਼ੀ ਦੀ ਪੂਰੀ ਪ੍ਰਕਿਰਿਆ?
ਨਵੀਂ ਵਿਵਸਥਾ ਅਨੁਸਾਰ ਲਰਨਿੰਗ ਲਾਇਸੈਂਸ ਲਈ ਬਿਨੈਕਾਰ ਨੂੰ ਪਹਿਲਾਂ ਅਪੁਆਇੰਟਮੈਂਟ ਲੈਣੀ ਪੈਂਦੀ ਹੈ, ਜਿਸ ਲਈ ਨਿੱਜੀ ਤੌਰ 'ਤੇ ਆਨਲਾਈਨ ਅਰਜ਼ੀ ਦੇਣਾ ਜ਼ਰੂਰੀ ਹੈ। ਅਰਜ਼ੀ ਦਿੰਦੇ ਸਮੇਂ ਉਸ ਨੂੰ ਆਪਣੇ ਸਾਰੇ ਦਸਤਾਵੇਜ਼ਾਂ ਨੂੰ ਵਿਭਾਗ ਦੀ ਵੈੱਬਸਾਈਟ ਉੱਪਰ ਅਪਲੋਡ ਕਰਨਾ ਵੀ ਜ਼ਰੂਰੀ ਹੈ।
ਇਸ ਤੋਂ ਬਾਅਦ ਬਿਨੈਕਾਰ ਨੂੰ ਵਿਭਾਗ ਤੋਂ ਮਿਲੇ ਸਮੇਂ 'ਤੇ ਆਧੁਨਿਕ ਡਰਾਈਵਿੰਗ ਟੈਸਟ ਟ੍ਰੈਕ ਉੱਪਰ ਜਾ ਕੇ ਆਪਣੀ ਅਰਜ਼ੀ ਜਮ੍ਹਾ ਕਰਵਾਉਣੀ ਹੁੰਦੀ ਹੈ। ਇਸ ਦੌਰਾਨ ਉਸ ਨੂੰ ਆਪਣੇ ਓਰੀਜਨਲ ਦਸਤਾਵੇਜ਼ ਜਿਨ੍ਹਾਂ ਨੂੰ ਉਸ ਨੇ ਆਨਲਾਈਨ ਅਪਲੋਡ ਕੀਤੇ ਹਨ, ਉਹ ਆਪਣੇ ਨਾਲ ਲੈ ਕੇ ਜਾਣਾ ਵੀ ਜ਼ਰੂਰੀ ਹੈ, ਤਾਂ ਕਿ ਸਾਰੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰ ਕੇ ਅਰਜ਼ੀ ਜਮ੍ਹਾ ਕੀਤੀ ਜਾ ਸਕੇ। ਵੈੱਬਸਾਈਟ 'ਤੇ ਜਾ ਕੇ ਬਿਨੈਕਾਰ ਨੂੰ ਸਭ ਤੋਂ ਪਹਿਲਾਂ ਇਕ ਰਜਿਸਟ੍ਰੇਸ਼ਨ ਫਾਰਮ ਭਰਨਾ ਹੁੰਦਾ ਹੈ, ਜਿਸ ਵਿਚ ਉਸ ਦੀ ਫੋਟੋ ਅਤੇ ਦਸਤਖਤ ਅਪਲੋਡ ਹੁੰਦੇ ਹਨ।
ਉਸ ਤੋਂ ਬਾਅਦ ਉਸ ਦਾ ਮੈਡੀਕਲ ਫਾਰਮ ਆਉਂਦਾ ਹੈ, ਜਿਸ ਵਿਚ ਉਸ ਨੂੰ ਆਪਣੀ ਪੂਰੀ ਜਾਣਕਾਰੀ ਭਰਨੀ ਹੁੰਦੀ ਹੈ। ਇਸ ਤੋਂ ਬਾਅਦ ਦੋ ਆਈ. ਡੀ. ਪਰੂਫ ਅਪਲੋਡ ਕਰਨੇ ਹੋਣਗੇ ਅਤੇ ਅਖੀਰ 'ਚ ਇਕ ਸਵੈ-ਘੋਸ਼ਣਾ ਪੱਤਰ ਵੀ ਭਰਨਾ ਹੁੰਦਾ ਹੈ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਕ ਐਪਲੀਕੇਸ਼ਨ ਨੰਬਰ (ਰਜਿਸਟ੍ਰੇਸ਼ਨ ਨੰ.) ਸਾਫਟਵੇਅਰ ਵਲੋਂ ਜਨਰੇਟ ਕੀਤਾ ਜਾਂਦਾ ਹੈ ਅਤੇ ਉਸ ਨੂੰ ਟ੍ਰੈਕ 'ਤੇ ਅਰਜ਼ੀ ਜਮ੍ਹਾ ਕਰਵਾਉਣ ਦੀ ਅਪੁਆਇੰਟਮੈਂਟ ਅਤੇ ਸਮਾਂ ਦਿੱਤਾ ਜਾਂਦਾ ਹੈ। ਟ੍ਰੈਕ 'ਤੇ ਜਾ ਕੇ ਆਪਣਾ ਐਪਲੀਕੇਸ਼ਨ ਨੰਬਰ ਦੇਣ 'ਤੇ ਉਸ ਦੀ ਫੀਸ ਰਿਸੀਵ ਕੀਤੀ ਜਾਂਦੀ ਹੈ।
ਇਸ ਤੋਂ ਬਾਅਦ ਉਸ ਵੱਲੋਂ ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਓ. ਟੀ. ਪੀ. ਭੇਜਿਆ ਜਾਂਦਾ ਹੈ ਅਤੇ ਓ. ਟੀ. ਪੀ. ਦੱਸਣ 'ਤੇ ਹੀ ਉਸ ਦਾ ਆਨਲਾਈਨ ਟੈਸਟ ਲਿਆ ਜਾਂਦਾ ਹੈ। ਜੇਕਰ ਬਿਨੈਕਾਰ ਦਾ ਟੈਸਟ ਕਲੀਅਰ ਹੋ ਜਾਂਦਾ ਹੈ ਤਾਂ ਉਸ ਨੂੰ ਉਸੇ ਸਮੇਂ ਉਸ ਦਾ ਲਰਨਿੰਗ ਲਾਇਸੈਂਸ ਡਲਿਵਰ ਕਰ ਦਿੱਤਾ ਜਾਂਦਾ ਹੈ। ਜੇਕਰ ਉਹ ਟੈਸਟ ਵਿਚ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ ਨਿਯਮ ਅਨੁਸਾਰ 10 ਦਿਨ ਬਾਅਦ ਦੁਬਾਰਾ ਤੋਂ ਰੀ-ਟੈਸਟ ਦੇਣਾ ਪੈਂਦਾ ਹੈ।
ਵੱਡੀ ਗਿਣਤੀ 'ਚ ਲੋਕ ਆਨਲਾਈਨ ਅਰਜ਼ੀ ਦੇਣ 'ਚ ਅਸਮਰੱਥ
ਮੌਜੂਦਾ ਸਮੇਂ ਅੰਦਰ ਟ੍ਰੈਕ 'ਤੇ ਰੋਜ਼ਾਨਾ ਬਹੁਤ ਵੱਡੀ ਗਿਣਤੀ 'ਚ ਅਜਿਹੇ ਲੋਕ ਆ ਰਹੇ ਹਨ, ਜਿਨ੍ਹਾਂ ਦਾ ਇਹੀ ਕਹਿਣਾ ਹੈ ਕਿ ਉਹ ਆਨਲਾਈਨ ਅਰਜ਼ੀ ਜਮ੍ਹਾ ਕਰਵਾਉਣ 'ਚ ਅਸਮਰੱਥ ਹਨ, ਇਸ ਲਈ ਉਨ੍ਹਾਂ ਦੀ ਅਰਜ਼ੀ ਟ੍ਰੈਕ 'ਤੇ ਹੀ ਜਮ੍ਹਾ ਕੀਤੀ ਜਾਵੇ ਪਰ ਟ੍ਰੈਕ 'ਤੇ ਇਸ ਸਬੰਧੀ ਕੋਈ ਵਿਵਸਥਾ ਨਾ ਹੋਣ ਕਾਰਨ ਉਨ੍ਹਾਂ ਨੂੰ ਬਾਹਰ ਕਿਸੇ ਸਾਈਬਰ ਕੈਫੇ 'ਤੇ ਜਾ ਕੇ ਅਰਜ਼ੀ ਜਮ੍ਹਾ ਕਰਵਾਉਣ ਜਾਂ ਫਿਰ ਕਿਸੇ ਏਜੰਟ ਕੋਲ ਜਾਣ ਲਈ ਕਿਹਾ ਜਾਂਦਾ ਹੈ, ਜਿਸ ਨਾਲ ਅਜਿਹੇ ਬਿਨੈਕਾਰਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦੀ ਥਾਂ ਵਧਣ ਲੱਗੀਆਂ ਹਨ ਅਤੇ ਇਸ ਦੇ ਨਾਲ ਹੀ ਬਿਨੈਕਾਰਾਂ ਦੀ ਏਜੰਟਾਂ 'ਤੇ ਨਿਰਭਰਤਾ ਵਧ ਗਈ ਹੈ। ਇੰਨਾ ਹੀ ਨਹੀਂ ਬਾਹਰੋਂ ਕੰਮ ਕਰਵਾਉਣ ਕਾਰਨ ਭ੍ਰਿਸ਼ਟਾਚਾਰ 'ਚ ਵੀ ਵਾਧਾ ਹੋ ਰਿਹਾ ਹੈ ਅਤੇ ਬਿਨੈਕਾਰਾਂ ਦੀ ਜੇਬ 'ਤੇ ਜ਼ਿਆਦਾ ਬੋਝ ਪੈਣ ਲੱਗਾ ਹੈ।
ਜਨਤਾ ਦੀ ਸੁਵਿਧਾ, ਭ੍ਰਿਸ਼ਟਾਚਾਰ ਦਾ ਖਾਤਮਾ ਅਤੇ ਪਾਰਦਰਸ਼ਿਤਾ ਰੱਖਣਾ ਸਭ ਤੋਂ ਵੱਡੀ ਪਹਿਲ : ਦਰਬਾਰਾ ਸਿੰਘ
ਸੇਵਾ ਦੇ ਅਧਿਕਾਰ ਦੀ ਹੋਵੇਗੀ ਪੂਰੀ ਪਾਲਣਾ, ਟ੍ਰੈਕ 'ਤੇ ਲਾਏ ਫਲੈਕਸ ਬੋਰਡ
ਕੁਝ ਸਮਾਂ ਪਹਿਲਾਂ ਹੀ ਬਤੌਰ ਆਰ. ਟੀ. ਏ. ਆਪਣੇ ਕੰਮ ਦਾ ਭਾਰ ਸੰਭਾਲਣ ਵਾਲੇ ਦਰਬਾਰਾ ਸਿੰਘ ਨੇ ਡੀ. ਟੀ. ਓ. ਦਫਤਰ ਬੰਦ ਹੋਣ ਤੋਂ ਬਾਅਦ ਸਾਰਾ ਕੰਮ ਆਰ. ਟੀ. ਏ. ਦਫਤਰ ਦੇ ਅਧੀਨ ਆਉਣ 'ਤੇ ਇਥੇ ਹੋਣ ਵਾਲੇ ਸਾਰੇ ਕੰਮਕਾਜ ਨੂੰ ਲੈ ਕੇ ਅਧਿਕਾਰੀਆਂ ਤੇ ਸਟਾਫ ਦੀ ਨਿੱਜੀ ਤੌਰ 'ਤੇ ਜਵਾਬਦੇਹੀ ਤੈਅ ਕਰਨ ਅਤੇ ਆਮ ਜਨਤਾ ਨੂੰ ਸਾਰੀਆਂ ਸਹੂਲਤਾਂ ਸਹੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਕਿ ਸੇਵਾ ਦਾ ਅਧਿਕਾਰ ਕਾਨੂੰਨ (ਆਰ. ਟੀ. ਐੱਸ. ਐਕਟ) ਦੀ ਸਹੀ ਪਾਲਣਾ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ। ਆਮ ਜਨਤਾ ਨੂੰ ਇਸ ਦੀ ਜਾਣਕਾਰੀ ਦੇਣ ਲਈ ਟ੍ਰੈਕ 'ਤੇ ਬਾਕਾਇਦਾ ਤੌਰ 'ਤੇ ਫਲੈਕਸ ਬੋਰਡ ਲਾਏ ਗਏ ਹਨ।
ਇਸ ਦੇ ਨਾਲ ਹੀ ਇਥੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀਆਂ ਫੀਸਾਂ ਨੂੰ ਲੈ ਕੇ ਵੀ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਏਜੰਟਾਂ ਦੇ ਚੁੰਗਲ 'ਚ ਫਸ ਕੇ ਜ਼ਿਆਦਾ ਪੈਸੇ ਨਾ ਦੇਣ। ਉਨ੍ਹਾਂ ਕਿਹਾ ਕਿ ਟ੍ਰੈਕ 'ਤੇ ਏਜੰਟਾਂ ਵੱਲੋਂ ਗਲਤ ਢੰਗ ਨਾਲ ਆਪਣੇ ਮੋਬਾਇਲ ਨਾਲ ਫੋਟੋ ਖਿੱਚਣ ਦੀ ਗੱਲ ਸਾਹਮਣੇ ਆਉਣ 'ਤੇ ਉਨ੍ਹਾਂ ਨੇ ਟ੍ਰੈਕ 'ਤੇ ਕਿਸੇ ਵੀ ਵਿਅਕਤੀ ਵਲੋਂ ਬਿਨਾਂ ਇਜਾਜ਼ਤ ਮੋਬਾਇਲ ਨਾਲ ਫੋਟੋ ਖਿੱਚਣ 'ਤੇ ਵੀ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਟ੍ਰੈਕ 'ਤੇ ਆਉਣ ਵਾਲਿਆਂ ਨੂੰ ਬਿਲਕੁਲ ਨਵਾਂ ਤਜਰਬਾ ਹਾਸਲ ਹੋਵੇਗਾ ਅਤੇ ਇਸ ਦੇ ਲਈ ਹਰ ਸੰਭਵ ਕੋਸ਼ਿਸ਼ ਜਾਰੀ ਹੈ।
