ਪੁੱਤਰ ਦਾ ਜਾਨੀ ਨੁਕਸਾਨ ਕਰਨ ਦਾ ਡਰਾਵਾ ਦੇ ਕੇ ਗੈਂਗਸਟਰਾਂ ਨੇ ਵਕੀਲ ਤੋਂ ਠੱਗੇ ਲੱਖਾਂ ਰੁਪਏ

Friday, Jul 26, 2024 - 03:31 PM (IST)

ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਦੇ ਇਕ ਵਕੀਲ ਨੂੰ ਉਸਦੇ ਲੜਕੇ ਦਾ ਜਾਨੀ ਨੁਕਸਾਨ ਕਰਨ ਦਾ ਡਰਾਵਾ ਦੇ ਕੇ ਗੈਂਗਸਟਰਾਂ ਨੇ ਆਪਣੇ ਬੈਂਕ ਖਾਤਿਆਂ ਵਿਚ 3 ਲੱਖ 40 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ ਜਦਕਿ ਬਾਅਦ ਵਿਚ ਪੀੜਤ ਵਕੀਲ ਵੱਲੋਂ ਮਾਮਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ। ਇਸ 'ਤੇ ਪੁਲਸ ਵੱਲੋਂ ਥਾਣਾ ਸਿਟੀ ਜ਼ੀਰਾ ਵਿਖ਼ੇ 6 ਵਿਅਕਤੀਆਂ ਖਿਲਾਫ ਅਧੀਨ ਧਾਰਾ 384, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਜਾਰੀ ਕਰ ਦਿੱਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 313901 ਰਾਹੀਂ ਗੁਰਨਾਮ ਸਿੰਘ ਸੋਢੀ ਐਡਵੋਕੇਟ ਨੇ ਪੁਲਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਫੋਨ ਆਇਆ ਕਿ ਉਸ ਦੇ ਲੜਕੇ ਹਰਸਿਮਰਨ ਸਿੰਘ ਗੈਂਗਸਟਰਾਂ ਨੂੰ ਬਿਠਾ ਕੇ ਕਾਰ ਵਿਚ ਲਿਜਾ ਰਿਹਾ ਸੀ, ਜਿਸ ਨੇ 1 ਲੱਖ 40 ਹਜ਼ਾਰ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ ਤੇ ਲੜਕਾ ਉਨ੍ਹਾਂ ਦੇ ਕਬਜ਼ੇ ਵਿਚ ਹੈ। ਇਸ ਲਈ ਪੈਸੇ ਦੇ ਦਵੋ ਨਹੀਂ ਤਾਂ ਨੁਕਸਾਨ ਹੋਵੇਗਾ। 

ਗੁਰਨਾਮ ਸਿੰਘ ਨੇ ਦੱਸਿਆ ਕਿ ਗੈਂਗਸਟਰ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਸਤੀਸ਼ ਮੀਨਾ ਪੁੱਤਰ ਮਨਮੋਹਨ ਮੀਨਾ ਵਾਸੀ ਵਾਰਡ ਨੰਬਰ 11 ਅਰਜਨ ਨਗਰ ਉਬਾਈਦੁਲਾ ਗੰਜ ਅਨਾਖਹੀਦੀ ਰਾਇਸੇਨ, ਵਿਕੇਕ ਚੰਦਰਾ ਵਾਸੀ ਮਾਰਸ਼ਲ ਕੋਟਿਜ ਮਾਲੀਤਾਲ ਨੈਨੀਤਾਲ (ਉਤਰਾਖੰਡ), ਨਤੀਸ਼ ਕੁਮਾਰ ਅਤੇ ਜਵਾਹੀਰ ਸਾਹਨੀ ਵਾਸੀ ਦਕਸਨ ਤੇਲਹੂਆ ਸਿਟੀ ਬੀਤੀਆਹ ਬਿਹਾਰ ਅਤੇ ਸ਼ਿਵਾਲ ਸ਼ਰਮਾ ਨੇ ਉਸ ਦੀ ਲੜਕੇ ਨਾਲ ਫੋਨ 'ਤੇ ਗੱਲ ਵੀ ਕਰਵਾਈ, ਜੋ ਉਸ ਨੂੰ ਅਵਾਜ਼ ਆਪਣੇ ਲੜਕੇ ਦੀ ਲੱਗੀ। ਇਸ 'ਤੇ ਆਪਣੇ ਲੜਕੇ ਦੀ ਜਾਨ ਖਤਰੇ ਵਿਚ ਦੇਖ ਉਸ ਨੂੰ ਬਚਾਉਣ ਲਈ ਉਸ ਨੇ ਗੈਂਗਸਟਰਾਂ ਦੇ ਵੱਖ-ਵੱਖ ਖਾਤਿਆਂ ਵਿਚ 3 ਲੱਖ 40 ਹਜ਼ਾਰ ਰੁਪਏ ਪਾਉਣੇ ਪਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਗੈਂਗਸਟਰਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
 


Gurminder Singh

Content Editor

Related News