ਦੇਸ਼-ਵਿਦੇਸ਼ ''ਚ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਰਾਜਨਾਥ ਨੂੰ ਮਿਲੇ ਭੋਮਾ

Wednesday, Jun 27, 2018 - 07:11 AM (IST)

ਦੇਸ਼-ਵਿਦੇਸ਼ ''ਚ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਰਾਜਨਾਥ ਨੂੰ ਮਿਲੇ ਭੋਮਾ

ਜਲੰਧਰ (ਬੁਲੰਦ) - ਦੇਸ਼-ਵਿਦੇਸ਼ ਵਿਚ ਸਿੱਖਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ, ਅਮਰਜੀਤ ਸਿੰਘ ਅਤੇ ਗੁਰਦੀਪ ਸਿੰਘ ਲੀਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮੁਲਾਕਾਤ ਕਰ ਕੇ ਜਾਣੂ ਕਰਵਾਇਆ ਤੇ ਇਕ ਮੰਗ ਪੱਤਰ ਵੀ ਸੌਂਪਿਆ। ਜਾਣਕਾਰੀ ਦਿੰਦਿਆਂ ਭੋਮਾ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਕੋਲੋਂ ਸੀ. ਬੀ. ਆਈ. ਵਲੋਂ ਕੇਂਦਰ ਸਰਕਾਰ ਵਲੋਂ ਜੋਧਪੁਰ ਜੇਲ ਵਿਚ 5 ਸਾਲ ਨਜ਼ਰਬੰਦ ਰਹੇ 365 ਸਿੱਖਾਂ ਦੇ ਮੁਆਵਜ਼ੇ ਦੇ ਵਿਰੋਧ ਵਿਚ ਹਾਈ ਕੋਰਟ ਵਿਚ ਪਾਈ ਰਿੱਟ ਪਟੀਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ।  ਉੇਨ੍ਹਾਂ ਕਿਹਾ ਕਿ ਪਹਿਲਾਂ ਹੀ 5 ਸਾਲ ਸਿੱਖਾਂ ਨੂੰ ਨਾਜਾਇਜ਼ ਜੇਲ ਵਿਚ ਬੰਦ ਰੱਖਿਆ ਗਿਆ ਅਤੇ ਹੁਣ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਵੀ ਨਹੀਂ ਦੇ ਰਹੀ।
ਇਸ ਤੋਂ ਇਲਾਵਾ ਸ਼ਿਲਾਂਗ ਵਿਚ ਪੰਜਾਬੀ ਇਲਾਕਿਆਂ ਵਿਚ ਰਹਿ ਰਹੇ ਸਿੱਖਾਂ ਦੀਆਂ ਜ਼ਮੀਨਾਂ ਖੋਹ ਕੇ ਉਨ੍ਹਾਂ ਨੂੰ ਬੇਘਰ ਕੀਤੇ ਜਾਣ ਬਾਰੇ ਵੀ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ 1984 ਵਿਚ ਦਿੱਲੀ 'ਚ ਸਿੱਖ ਵਿਰੋਧੀ ਦੰਗਿਆਂ ਵਿਚ ਬੇਘਰ ਹੋਏ ਹਜ਼ਾਰਾਂ ਸਿੱਖ ਪਰਿਵਾਰਾਂ ਦੇ ਮੁੜ ਵਸੇਬੇ ਤੇ ਮੁਆਵਜ਼ੇ  ਲਈ ਵੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ। ਭੋਮਾ ਨੇ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਜੋ ਸਿੱਖ ਕੈਦੀ ਦੇਸ਼ ਦੀਆਂ ਜੇਲਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਜਾਣ। ਇਸ ਤੋਂ ਇਲਾਵਾ ਜਿਨ੍ਹਾਂ ਸਿੱਖਾਂ ਦੇ ਨਾਂ ਬਲੈਕ ਲਿਸਟ ਵਿਚ ਹਨ, ਨੂੰ ਭਾਰਤ ਆ ਕੇ ਆਪਣੀ ਮਾਤ ਭੂਮੀ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਨ੍ਹਾਂ ਦੇ ਨਾਂ ਬਲੈਕ ਲਿਸਟ ਵਿਚੋਂ ਕੱਢੇ ਜਾਣ।
ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਿੱਖਾਂ ਦੀ ਭਲਾਈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਲਈ ਸਰਕਾਰ ਨਾਲ ਗੱਲ ਕਰਨਗੇ। ਇਸ ਮੌਕੇ ਭਾਜਪਾ ਆਗੂ ਹੰਸਰਾਜ ਹੰਸ ਵੀ ਮੌਜੂਦ ਸਨ।


Related News