ਪੰਜਾਬ ’ਚ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ‘ਚਾਈਲਡ ਪੋਰਨ’ ਬਾਰੇ ਕੀਤਾ ਸਰਚ, ਜਲੰਧਰ ’ਚ ਸਭ ਤੋਂ ਵੱਧ
Thursday, Sep 15, 2022 - 12:43 PM (IST)
ਚੰਡੀਗੜ੍ਹ/ਜਲੰਧਰ— ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ, ਜਿੱਥੇ ਹਰ ਚੀਜ਼ ਗੂਗਲ ’ਤੇ ਸਰਚ ਕਰਨ ’ਤੇ ਮੁਹੱਈਆ ਹੋ ਜਾਂਦੀ ਹੈ। ਕਈ ਲੋਕ ਅਜਿਹੇ ਵੀ ਹਨ, ਜੋ ਗੂਗਲ ’ਤੇ ਇਤਰਾਜ਼ਯੋਗ ਸਮੱਗਰੀ ਵੀ ਸਰਚ ਕਰਦੇ ਰਹਿੰਦੇ ਹਨ। ਦਰਅਸਲ ਗੂਗਲ ’ਤੇ ਜੇਕਰ ਤੁਸੀਂ ‘ਚਾਈਲਡ ਪੋਰਨ’ ਸਰਚ ਕਰਦੇ ਹੋ ਤਾਂ ਗੂਗਲ ਇਕ ਵਿਸ਼ੇਸ਼ ਸੂਚਨਾ ਇਕੱਠੀ ਕਰਕੇ ਤੁਹਾਨੂੰ ਉਸ ਸੂਚੀ ’ਚ ਸ਼ਾਮਲ ਕਰ ਲੈਂਦਾ ਹੈ, ਜੋ ‘ਚਾਈਲਡ ਪੋਰਨ’ ਵੇਖਦੇ ਹਨ। ਇਹ ਇਕ ਅਪਰਾਧ ਹੈ। ਪੰਜਾਬ ’ਚ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ਗੂਗਲ ’ਤੇ ਜਾ ਕੇ ‘ਚਾਈਲਡ ਪੋਰਨ’ ਦੇ ਬਾਰੇ ਸਰਚ ਕੀਤਾ। ਇਹ ਜਾਣਕਾਰੀ ਗੂਗਲ ਨੇ ਪੰਜਾਬ ਸਟੇਟ ਸਾਈਬਰ ਸੈੱਲ ਨੂੰ ਦਿੱਤੀ ਹੈ ਤਾਂਕਿ ਨਿਯਮ ਮੁਤਾਬਕ ਸਹੀ ਕਾਰਵਾਈ ਕੀਤੀ ਜਾ ਸਕੇ। ਉਥੇ ਹੀ ਇਨ੍ਹਾਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਪੰਜਾਬ ਪੁਲਸ ਨੇ 100 ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਸਭ ਤੋਂ ਵੱਧ ਸਰਚਿੰਗ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ’ਚ ਹੋਈ ਹੈ। ਜ਼ਿਲ੍ਹੇ ਦੇ ਆਧਾਰ ’ਤੇ ਵੀ ਸ਼ਿਕਾਇਤਾਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ।
ਸਾਈਬਰ ਸੈੱਲ ਨੇ ਜਾਂਚ ਲਈ ਬਣਾਈ ਟੀਮ
ਸਟੇਟ ਸਾਈਬਰ ਸੈੱਲ ਨੇ ਇਕ ਸੀਨੀਅਰ ਆਈ. ਜੀ. ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਹੈ। ਟੀਮ ’ਚ ਦੋ ਡੀ. ਐੱਸ. ਪੀ. ਅਤੇ ਦੋ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਹੀ ਨਹੀਂ ਸੈੱਲ ਨੇ 100 ਲੋਕਾਂ ’ਤੇ ਪਰਚਾ ਵੀ ਦਰਜ ਕੀਤਾ ਹੈ।
ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭਾਜਪਾ ’ਤੇ ਲੱਗੇ ਵੱਡੇ ਇਲਜ਼ਾਮ
3, 5 ਅਤੇ 7 ਸਾਲ ਦੀ ਹੋ ਸਕਦੀ ਹੈ ਸਜ਼ਾ
ਪੰਜਾਬ ’ਚ ਚਾਈਲਡ ਪੋਰਨ ਦੀ ਸਰਚਿੰਗ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ। ਗੂਗਲ ਨੇ ਬੀਤੇ ਦਿਨੀਂ ਰਿਪੋਰਟ ਦਿੱਤੀ ਸੀ। ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਕੋਈ ਚਾਈਲਡ ਪੋਰਨ ਕੰਟੈਂਟ ਆਪਣੇ ਕੋਲ ਰੱਖਦਾ ਜਾਂ ਵਰਤੋਂ ਕਰਦਾ ਹੈ ਤਾਂ ਪਹਿਲੀ ਵਾਰ 3 ਸਾਲ, ਦੂਜੀ ਵਾਰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜਿਸ ਨੂੰ 7 ਸਾਲ ਤੱਕ ਵਧਾਇਆ ਜਾ ਸਕਦਾ ਹੈ।
ਸਰਚ ਕਰਨ ਨਾਲ ਹੀ ਤੁਸੀਂ ਹੋ ਸਕਦੇ ਹੋ ਅਪਰਾਧੀ
ਚਾਈਲਡ ਪੋਰਨੋਗ੍ਰਾਫ਼ੀ ਵੇਖਣੀ ਅਤੇ ਸਰਚ ਕਰਨੀ ਦੋਵੇਂ ਅਪਰਾਧ ਹਨ। ਇਸ ਦੇ ਲਈ 7 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਪੋਰਨ ਫਿਲਮਾਂ ਬਣਾਉਣੀਆਂ, ਅਸ਼ਲੀਲ ਕੰਟੈਂਟ ਨੂੰ ਸ਼ੇਅਰ ਕਰਨਾ ਅਤੇ ਚਾਈਲਡ ਪੋਰਨੋਗ੍ਰਾਫ਼ੀ ਵੇਖਣੀ, ਇਹ ਸਭ ਆਈ. ਟੀ. ਤਹਿਤ ਆਉਂਦਾ ਹੈ। ਕਾਨੂੰਨ ਤਹਿਤ ਪਹਿਲੀ ਵਾਰ ਅਪਰਾਧ ਕਰਨ ’ਤੇ 5 ਸਾਲ ਤੱਕ ਦੀ ਸਜ਼ਾ ਅਤੇ 10 ਲੱਖ ਦਾ ਜੁਰਮਾਨਾ ਹੋ ਸਕਦਾ ਹੈ।
ਚਾਈਲਡ ਪੋਰਨ ਕੰਟੈਂਟ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਚਾਈਲਡ ਪੋਰਨ ਕੰਟੈਂਟ ਕਦੇ ਵੀ ਆਪਣੀ ਡਿਵਾਈਜ਼ ’ਚ ਨਾ ਰੱਖੋ। ਮਜ਼ਾਕ ’ਚ ਵੀ ਕਦੇ ਕਿਸੇ ਤੋਂ ਬੱਚੇ ਦੀ ਸੈਮੀ ਜਾਂ ਪੂਰੀ ਅਸ਼ਲੀਲ ਤਸਵੀਰ ਸ਼ੇਅਰ ਨਾ ਕਰੋ। ਜੇਕਰ ਕੋਈ ਅਜਿਹੇ ਲਿੰਕ ਸ਼ੇਅਰ ਕਰਨ ਤਾਂ ਉਸ ’ਤੇ ਕਲਿਕ ਨਾ ਕਰੋ।
ਇਹ ਵੀ ਪੜ੍ਹੋ: ਕਪੂਰਥਲਾ ਸਿਟੀ ਥਾਣੇ ’ਚ ਵਿਜੀਲੈਂਸ ਦੀ ਰੇਡ, 2 ਹਜ਼ਾਰ ਦੀ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ