ਪਾਵਰਕਾਮ ਵੱਲੋਂ ਮਹਿੰਗੀ ਬਿਜਲੀ ਖਰੀਦਣ ਦੇ ਬਾਵਜੂਦ ਡਿਮਾਂਡ ਅਤੇ ਸਪਲਾਈ ’ਚ ਵੱਡਾ ਪਾੜਾ

10/13/2021 1:16:59 AM

ਪਟਿਆਲਾ(ਮਨਦੀਪ ਜੋਸਨ)- ਕੋਲਾ ਸੰਕਟ ਕਾਰਨ ਪਾਵਰਕਾਮ ਦੇ ਮਹਿੰਗੀ ਬਿਜਲੀ ਖਰੀਦਣ ਤੋਂ ਬਾਅਦ ਵੀ ਹੱਥ ਪੂਰੀ ਤਰ੍ਹਾਂ ਖੜ੍ਹੇ ਰਹੇ। ਬਲੈਕ ਆਊਟ ਵੱਲ ਵੱਧ ਰਹੇ ਪੰਜਾਬ ’ਚ ਅੱਜ ਵੀ ਡਿਮਾਂਡ ਅਤੇ ਸਪਲਾਈ ’ਚ ਵੱਡਾ ਪਾੜਾ ਰਿਹਾ। ਪਾਵਰਕਾਮ ਨੂੰ ਮੰਗ ਦੇ ਮੱਦੇਨਜ਼ਰ 300 ਲੱਖ ਯੂਨਿਟ ਬਿਜਲੀ ਦੀ ਘਾਟ ਰਹੀ, ਜਿਸ ਕਾਰਨ ਕਈ ਪੇਂਡੂ ਖੇਤਰਾਂ ’ਚ ਬਿਜਲੀ ਕੱਟ ਸਾਢੇ 11 ਘੰਟੇ ਦੇ ਕਰੀਬ ਪਹੁੰਚ ਗਏ।

ਪਾਵਰਕਾਮ ਕੋਲ ਪੰਜਾਬ ’ਚ ਡਿਮਾਂਡ 2100 ਲੱਖ ਯੂਨਿਟ ਸੀ, ਜਿਸ ਦੇ ਮੁਕਾਬਲੇ 1800 ਲੱਖ ਯੂਨਿਟ ਦੇ ਕਰੀਬ ਹੀ ਬਿਜਲੀ ਸਪਲਾਈ ਮਿਲ ਸਕੀ। ਯਾਨੀ ਕਿ 300 ਲੱਖ ਯੂਨਿਟ ਦੇ ਫਰਕ ਨੇ ਪਾਵਰਕਾਮ ਨੂੰ ਪਸੀਨੇ ਲਿਆਂਦੇ।

ਪਾਵਰਕਾਮ ਨੂੰ ਥਰਮਲ ਪਲਾਂਟਾਂ ਤੋਂ 225 ਲੱਖ ਯੂਨਿਟ ਬਿਜਲੀ ਮਿਲੀ ਹੈ। ਐੱਨ. ਆਰ. ਐੱਸ. ਈ. 71 ਲੱਖ, ਬੀ. ਬੀ. ਐੱਮ. ਬੀ. ਤੋਂ 117 ਲੱਖ, ਜਦੋਂ ਕਿ ਪਾਵਰਕਾਮ ਨੇ ਅੱਜ ਵੀ 1300 ਲੱਖ ਯੂਨਿਟ ਬਿਜਲੀ ਦੀ ਖਰੀਦ ਕੀਤੀ ਹੈ। ਅਧਿਕਾਰੀਆਂ ਨੇ ਮੰਨਿਆ ਕਿ ਥ੍ਰੀ ਵਾਇਰ ’ਤੇ ਕੱਟ ਸਾਢੇ 9 ਤੋਂ 10 ਘੰਟੇ ਲੱਗੇ ਹਨ, ਹਾਲਾਂਕਿ ਕੱਟ 11 ਘੰਟੇ ਤੱਕ ਪਹੁੰਚ ਗਏ। ਸ਼ਹਿਰੀ ਖੇਤਰਾਂ ’ਚ ਅੱਜ ਵੀ ਬਿਜਲੀ ਕੱਟ 6 ਤੋਂ 9 ਘੰਟੇ ਤੱਕ ਲੱਗੇ ਅਤੇ ਲੋਕਾਂ ਨੂੰ ਪਸੀਨੇ ਆਉਂਦੇ ਰਹੇ।

ਇਹ ਵੀ ਪੜ੍ਹੋ- ‘ਘਰਿ ਘਰਿ ਅੰਦਰਿ ਧਰਮਸਾਲ’ ਮੁਹਿੰਮ ’ਚ ਸੰਗਤਾਂ ਦੇਣ ਆਪਣਾ ਸਹਿਯੋਗ : ਜਥੇਦਾਰ ਹਰਪ੍ਰੀਤ ਸਿੰਘ

ਕੋਲੇ ਦੀ ਘਾਟ ਕਾਰਨ ਬੰਦ ਰਹੇ 14 ਯੂਨਿਟ

ਕੋਲੇ ਦੀ ਘਾਟ ਕਾਰਨ ਪਾਵਰਕਾਮ ਪਲਾਂਟਾਂ ਦੇ 14 ਯੂਨਿਟ ਯਾਨੀ ਕਿ 2 ਵੱਡੇ ਪਾਵਰਪਲਾਂਟ ਬੰਦ ਰਹੇ। ਪਾਵਰਕਾਮ ਕੋਲ ਇਨ੍ਹਾਂ ਨੂੰ ਚਲਾਉਣ ਦਾ ਕੋਈ ਵੀ ਵਸੀਲਾ ਨਹੀਂ ਹੈ। ਅੱਜ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ’ਚ ਸਿਰਫ਼ 3 ਦਿਨ ਦਾ ਕੋਲਾ ਸੀ। ਗੁਰੂ ਹਰਗੋਬਿੰਦ ਥਰਮਲ ਪਲਾਂਟ ’ਚ ਢਾਈ ਦਿਨ, ਤਲਵੰਡੀ ਸਾਬੋ ’ਚ ਡੇਢ ਦਿਨ, ਰਾਜਪੁਰਾ ’ਚ 2 ਦਿਨ ਅਤੇ ਜੀ. ਵੀ. ਕੇ. ’ਚ ਇਕ ਦਿਨ ਦਾ ਕੋਲਾ ਹੀ ਸੀ। ਆਉਣ ਵਾਲੇ ਦਿਨਾਂ ’ਚ ਵੀ ਇਹ ਸਥਿਤੀ ਬਹੁਤੀ ਕੋਈ ਸੁਧਰਦੀ ਨਹੀਂ ਜਾਪਦੀ।

14 ਰੁਪਏ 56 ਪੈਸੇ ’ਚ ਅੱਜ ਵੀ ਖਰੀਦੀ 1600 ਮੈਗਾਵਾਟ ਬਿਜਲੀ

ਪਾਵਰਕਾਮ ਦੇ ਚੇਅਰਮੈਨ ਨੇ ਦਾਅਵਾ ਕੀਤਾ ਹੈ ਕਿ ਅੱਜ ਵੀ 1600 ਮੈਗਾਵਾਟ ਬਿਜਲੀ 14.56 ਰੁਪਏ ਦੇ ਹਿਸਾਬ ਨਾਲ ਕੱਟਾਂ ਨੂੰ ਘਟਾਉਣ ਲਈ ਖਰੀਦੀ ਹੈ। ਅੱਜ ਵੀ ਪਾਵਰਕਾਮ ਨੂੰ 23 ਕੋਲੇ ਦੇ ਰੈਕਾਂ ਦੀ ਲੋੜ ਸੀ, ਜਦੋਂ ਕਿ ਸਿਰਫ 13 ਹੀ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਰੋਪੜ ਤੇ ਜੀਵੀਕੇ ਦਾ ਇਕ-ਇਕ ਯੂਨਿਟ ਚੱਲ ਪਿਆ ਹੈ, ਜਦੋਂ ਕਿ ਆਨੰਦਪੁਰ ਸਾਹਿਬ ਹਾਈਡਲ ਵੀ ਚਲਾਇਆ ਗਿਆ ਹੈ।

ਇਹ ਵੀ ਪੜ੍ਹੋ- ਕੋਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇਗਾ 50 ਹਜ਼ਾਰ ਰੁਪਏ ਮੁਆਵਜ਼ਾ

ਮੁੱਖ ਦਫ਼ਤਰ ਦੇ ਤਿੰਨੋਂ ਗੇਟਾਂ ਨੂੰ ਮ੍ਰਿਤਕਾਂ ਦੇ ਆਸ਼ਰਿਤਾਂ ਨੇ ਲਗਾਈ ਰੱਖੇ ਜਿੰਦਰੇ

ਬਿਜਲੀ ਸੰਕਟ ਕਾਰਨ ਪਾਵਰਕਾਮ ਦਾ ਮੁੱਖ ਦਫ਼ਤਰ ਖੁੱਲ੍ਹਣਾ ਬੇਹਦ ਜ਼ਰੂਰੀ ਹੈ ਕਿਉਂਕਿ ਇਥੇ ਹੀ ਚੇਅਰਮੈਨ ਅਤੇ ਸਮੁੱਚੇ ਡਾਇਰੈਕਟਰਾਂ ਸਮੇਤ ਅਧਿਕਾਰੀ ਬੈਠਦੇ ਹਨ। ਨੌਕਰੀਆਂ ਦੀ ਮੰਗ ਕਰ ਰਹੇ ਮ੍ਰਿਤਕਾਂ ਦੇ ਆਸ਼ਰਿਤਾਂ ਨੇ ਅੱਜ ਵੀ ਮੁਕੰਮਲ ਤੌਰ ’ਤੇ ਮੁੱਖ ਦਫ਼ਤਰ ਦੇ ਤਿੰਨੋਂ ਗੇਟਾਂ ਨੂੰ ਬੰਦ ਕਰ ਕੇ ਤਾਲੇ ਲਗਾ ਕੇ ਰੱਖੇ ਸਨ, ਜਿਸ ਕਾਰਨ ਕੋਈ ਵੀ ਕੰਮ ਨਹੀਂ ਹੋ ਸਕਿਆ। ਮੁਲਾਜ਼ਮਾਂ ’ਚ ਛੁੱਟੀ ਵਰਗਾ ਮਾਹੌਲ ਰਿਹਾ, ਜਦੋਂ ਕਿ ਕੁੱਝ ਕੁ ਅਧਿਕਾਰੀ ਰੈਸਟ ਹਾਊਸ ’ਚ ਬੈਠ ਕੇ ਆਪਣਾ ਕੰਮ ਚਲਾਉਂਦੇ ਦਿਖੇ। ਉਧਰੋਂ ਮ੍ਰਿਤਕਾਂ ਦੇ ਆਸ਼ਰਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਨਾਅਰੇ ਲਗਾਉਂਦੇ ਰਹੇ ਅਤੇ ਆਪਣੀਆਂ ਨੌਕਰੀਆਂ ਦੀ ਮੰਗ ਕਰਦੇ ਰਹੇ। ਇਥੋਂ ਤੱਕ ਕਿ ਪਿਛਲੇ 15 ਦਿਨਾਂ ਤੋਂ ਇਨ੍ਹਾਂ ਦੇ ਕੁੱਝ ਸਾਥੀ ਪਾਵਰਕਾਮ ਦੀ 7ਵੀਂ ਮੰਜਿਲ ’ਤੇ ਚੜ੍ਹੇ ਹਨ, ਜਿਨ੍ਹਾਂ ਨੂੰ ਅਜੇ ਤੱਕ ਹੇਠਾਂ ਨਹੀਂ ਉਤਾਰਿਆ ਗਿਆ।


Bharat Thapa

Content Editor

Related News