ਸੰਗਰੂਰ ਦੇ ਪਟਾਕਾ ਗੋਦਾਮ ''ਚ ਵਿਸਫੋਟ ਤੋਂ ਬਾਅਦ ਹੋਇਆ ਵੱਡਾ ਖੁਲਾਸਾ, ਪਿਓ ਪੁੱਤ ਮਿਲ ਕੇ ਚਲਾ ਰਹੇ ਸਨ ਇਹ ਗੋਰਖਧੰਦਾ
Thursday, Sep 21, 2017 - 01:33 PM (IST)
ਸੰਗਰੂਰ ( ਰਾਜੇਸ਼ ਕੋਹਲੀ) — ਜ਼ਿਲਾ ਸੰਗਰੂਰ ਦੇ ਕਸਬਾ ਸੋਲਰ ਘਰਾਟ 'ਚ ਪਟਾਕਾ ਗੋਦਾਮ 'ਚ ਵਿਸਫੋਟ ਦੇ ਬਾਅਦ ਵੱਡਾ ਖੁਲਾਸਾ ਹੋਇਆ ਹੈ ਬੀਤੀ ਦੇਰ ਰਾਤ ਹੋਏ ਹਾਦਸੇ ਤੋਂ ਬਾਅਦ ਹਰਕਤ 'ਚ ਆਏ ਪ੍ਰਸ਼ਾਸਨ ਨੇ ਗੋਦਾਮ ਮਾਲਕ ਗਾਂਧੀ ਰਾਮ ਤੇ ਉਸ ਦੇ ਪੁੱਤਰ ਪ੍ਰਦੀਪ ਕੁਮਾਰ ਦੇ ਉਸੇ ਕਸਬੇ 'ਚ ਤਿੰਨ ਹੋਰ ਵੱਡੇ ਪਟਾਕਿਆਂ ਦੇ ਗੋਦਾਮ ਤੇ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਦਾ ਪਤਾ ਲਗਾਇਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਗੋਦਾਮ ਤੇ ਪਟਾਕੇ ਬਨਾਉਣ ਵਾਲੀ ਫੈਕਟਰੀ ਗੈਰ ਕਾਨੂੰਨੀ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਦੋਸ਼ੀ ਪਿਓ-ਪੁੱਤਰ 'ਤੇ ਕਈ ਸੰਗੀਨ ਧਾਰਾਵਾਂ 'ਚ ਮਾਮਲਾ ਦਰਜ ਕਰਕੇ ਸਾਰੇ ਗੋਦਾਮਾਂ ਤੇ ਪਟਾਕਾ ਫੈਕਟਰੀ ਤੇ ਪਟਾਕੇ ਬਨਾਉਣ ਵਾਲੀਆਂ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਟਾਕਾ ਫੈਕਟਰੀ ਪ੍ਰਸ਼ਾਸਨ ਵਲੋਂ ਇਕ ਸਾਲ ਪਹਿਲਾਂ ਸੀਲ ਕੀਤੇ ਗਏ ਗੋਦਾਮ 'ਚ ਗੈਰ ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੀ, ਉਧਰ ਪਟਾਕਾ ਵਿਸਫੋਟਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ।
ਜ਼ਿਲਾ ਸੰਗਰੂਰ ਦਾ ਕਸਬਾ ਬਾਰੂਦ ਦੇ ਢੇਰ 'ਤੇ ਬੈਠਾ ਸੀ ਜੇਕਰ ਇੰਝ ਕਿਹਾ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਸਿਰਫ ਇਕ ਕਿਲੋਮੀਟਰ 'ਚ ਵਸੇ ਸੋਲਰ ਘਰਾਟ ਕਸਬੇ 'ਚ ਪੈਸਿਆਂ ਦੀ ਲਾਲਚ ਦੇ ਖਾਤਰ ਗਾਂਧੀ ਰਾਮ ਤੇ ਉਸ ਦੇ ਪੁੱਤਰ ਪ੍ਰਦੀਪ ਕੁਮਾਰ ਨੇ ਪਟਾਕਿਆਂ ਦੇ ਪੰਜ ਗੋਦਾਮ ਬਣਾ ਰੱਖੇ ਸਨ, ਜਿਨ੍ਹਾਂ 'ਚੋਂ ਦਿਵਾਲੀ ਤੋਂ ਬਾਅਦ ਸਾਲ ਭਰ ਪਿਓ ਪੁੱਤਰ ਕਰੋੜਾਂ ਰੁਪਏ ਦੇ ਪਟਾਕੇ ਪਹਿਲਾਂ ਤਾਂ ਸਸਤੀ ਕੀਮਤ 'ਤੇ ਜਮਾ ਕਰਦੇ ਸਨ ਤੇ ਫਿਰ ਦਿਵਾਲੀ ਦੇ ਸੀਜ਼ਨ 'ਚ ਮਹਿੰਗੀ ਕੀਮਤ 'ਤੇ ਪਟਾਕੇ ਅੱਧੇ ਪੰਜਾਬ 'ਚ ਸਪਲਾਈ ਕਰਦੇ ਸਨ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਗੋਦਾਮ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਸਨ। ਇੰਨਾ ਹੀ ਨਹੀਂ ਇਨ੍ਹਾਂ ਮੌਤ ਦੇ ਸੋਦਾਗਰ ਪਿਓ ਪੁੱਤਰ ਨੇ ਜ਼ਿਆਦਾਤਰ ਗੋਦਾਮ ਗੈਰ-ਕਾਨੂੰਨੀ ਢੰਗ ਨਾਲ ਬਣਾ ਰੱਖੇ ਸਨ, ਜੋ ਕਿ ਇਕ ਸਾਲ ਪਹਿਲਾਂ ਸੀਲ ਕੀਤੇ ਗਏ ਗੋਦਾਮ 'ਚ ਚਲਾਈ ਜਾ ਰਹੀ ਸੀ। ਇਸ ਗੋਦਾਮ 'ਚ ਕਈ ਮਸ਼ੀਨਾਂ ਵੀ ਰੱਖੀਆਂ ਗਈਆਂ ਸਨ, ਜਿਨ੍ਹਾਂ 'ਚੋਂ ਦਿਨ ਰਾਤ ਪਟਾਕੇ ਬਣਾਏ ਜਾਂਦੇ ਸਨ ਪਰ ਜਿਵੇਂ ਹੀ ਕਲ ਦੇਰ ਰਾਤ ਇਕ ਗੋਦਾਮ 'ਚ ਅੱਗ ਲੱਗਣ ਤੋਂ ਬਾਅਦ ਵਿਸਫੋਟ ਹੋਇਆ ਤੇ ਉਸ 'ਚੋਂ ਪੰਜ ਲੋਕਾਂ ਦੀ ਮੌਤ ਹੋ ਗਈ । ਉਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਤੇ ਜਾਂਚ ਸ਼ੁਰੂ ਕੀਤੀ ਗਈ। ਸ਼ੁਰੂਆਤੀ ਜਾਂਚ ਤੋਂ ਬਾਅਦ ਇਨ੍ਹਾਂ ਗੈਰ ਕਾਨੂੰਨੀ ਗੋਦਾਮਾਂ ਤੇ ਫੈਕਟਰੀ ਦਾ ਪਤਾ ਚਲਿਆ। ਜਿਸ ਤੋਂ ਬਾਅਦ ਪੁਲਸ ਨੇ ਸਾਰੇ ਗੋਦਾਮਾਂ, ਫੈਕਟਰੀ ਤੇ ਪਟਾਕਾ ਬਨਾਉਣ ਵਾਲੀਆਂ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਹੈ।
ਫੈਕਟਰੀ ਕੋਲ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਫੈਕਟਰੀ ਦਾ ਇਹ ਗੋਦਾਮ ਕਰੀਬ ਇਖ ਸਾਲ ਪਹਿਲਾਂ ਸੀਲ ਕੀਤਾ ਗਿਆ ਸੀ ਪਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦੋਨਾਂ ਪਿਓ ਪੁੱਤਰ ਨੇ ਕੰਧ ਤੋੜ ਕੇ ਗੋਦਾਮ ਦੀ ਇਮਾਰਤ ਨੂੰ ਵਧਾ ਕੇ ਪਟਾਕਾ ਬਨਾਉਣ ਦਾ ਕੰਮ ਗੈਰ ਕਾਨੂੰਨੀ ਢੰਗ ਨਾਲ ਜਾਰੀ ਰੱਖਿਆ ਗਿਆ।
ਉਧਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਨੇ ਹਾਦਸੇ ਤੋਂ ਪਹਿਲਾਂ ਜ਼ਿਲੇ 'ਚ ਚਲ ਰਹੇ ਗੈਰ ਕਾਨੂੰਨੀ ਪਟਾਕਾ ਬਨਾਉਣ ਦੀ ਫੈਕਟਰੀ ਨੂੰ ਪ੍ਰਸ਼ਾਸਨ ਨੂੰ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰ ਦਿੱਤਾ। ਹਾਲਾਂਕਿ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਪੂਰੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਜ਼ਰੂਰ ਕਰ ਦਿੱਤਾ ਗਿਆ ਹੈ।
ਦਿੜਬਾ ਦੇ ਡੀ. ਐੱਸ. ਪੀ. ਯੋਗੇਸ਼ ਕੁਮਾਰ ਨੇ ਦੱਸਿਆ ਕਿ ਪਿਓ-ਪੁੱਤਰ 'ਤੇ ਮਾਮਲਾ ਦਰਜ ਕਰਕੇ ਗੋਦਾਮਾਂ ਤੇ ਫੈਕਟਰੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਹੈ। ਬਾਰੂਦ ਦੇ ਢੇਰ 'ਤੇ ਬੈਠੇ ਅੱਜ ਸੋਲਰ ਘਰਾਟ ਦੇ ਲੋਕ ਜਿਥੇ ਹਾਦਸੇ ਲਈ ਪਿਓ ਪੁੱਤਰ ਨੂੰ ਕਸੂਰਵਾਰ ਠਹਿਰਾ ਰਹੇ ਹਨ। ਉਸ ਤੋਂ ਕਿਤੇ ਵੱਧ ਉਹ ਹਾਦਸੇ ਲਈ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ, ਜਿਨ੍ਹਾਂ ਦੀ ਨੱਕ ਹੇਠ ਇਹ ਗੋਰਖਧੰਦਾ ਵੱਧ ਫੁੱਲ ਰਿਹਾ ਸੀ।
