ਲੰਗਰ ਦੀ ਪ੍ਰਥਾ ਸਿੱਖ ਧਰਮ ਦੀ ਮਹਾਨ ਦੇਣ ਹੈ: ਗਿਆਨੀ ਮਲਕੀਤ ਸਿੰਘ

06/10/2020 11:29:26 AM

ਅੰਮ੍ਰਿਤਸਰ (ਅਨਜਾਣ): ਲੰਗਰ ਦੀ ਪ੍ਰਥਾ ਸਿੱਖ ਧਰਮ ਦੀ ਮਹਾਨ ਦੇਣ ਹੈ। ਬਾਕੀ ਸਾਰੇ ਧਰਮਾਂ ਨਾਲੋਂ ਵਿਲੱਖਣਤਾ ਦੀ ਮੁੱਢਲੀ ਨਿਸ਼ਾਨੀ ਹੀ ਇਹ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀ: ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਜਗਬਾਣੀ/ਪੰਜਾਬ ਕੇਸਰੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਧਾਰਮਿਕ ਅਸਥਾਨ ਖੋਲ੍ਹ•ਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਕੜਾਹ ਪ੍ਰਸ਼ਾਦ ਤੇ ਲੰਗਰ ਨਾ ਵਰਤਾਉਣ ਵਾਲਾ ਨਿਰਦੇਸ਼ ਦੇਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਸੱਚਾ ਸੌਦਾ ਕਰਕੇ ਲੰਗਰ ਦੀ ਜੋ ਪ੍ਰਥਾ ਚਲਾਈ ਉਹ ਅੱਜ ਤੱਕ ਕਾਇਮ ਹੈ ਤੇ ਗੁਰਦੁਆਰਾ ਸਾਹਿਬਾਨ ਵਿਖੇ ਕੜਾਹ ਪ੍ਰਸ਼ਾਦਿ ਤੇ ਲੰਗਰ ਵਰਤਾਉਣਾ ਗੁਰੂ ਘਰ ਦੀ ਮਰਯਾਦਾ ਹੈ। ਕੋਵਿਡ- 19 ਦੌਰਾਨ ਤੇ ਇਸ ਤੋਂ ਪਹਿਲਾਂ ਵੀ ਜਦੋਂ-ਜਦੋਂ ਸੰਸਾਰ ਤੇ ਕੋਈ ਮੁਸੀਬਤ ਆਈ ਸਿੱਖਾਂ ਨੇ ਦੂਰ-ਦੁਰਾਡੇ ਬੈਠੇ ਵੀ ਲੋੜਵੰਦਾਂ ਤੱਕ ਲੰਗਰ ਪਹੁੰਚਾਇਆ।ਉਨ੍ਹਾਂ ਕਿਹਾ ਕਿ ਗੁਰੂ ਘਰਾਂ 'ਚ ਸਿਹਤ ਵਿਭਾਗ ਦੀਆਂ ਹਿਦਾਇਤਾਂ ਮੁਤਾਬਕ ਹੀ ਕੜਾਹ ਪ੍ਰਸ਼ਾਦਿ ਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਇਸ ਨੂੰ ਬਨਾਉਣ ਲੱਗਿਆਂ ਤੇ ਵਰਤਾਉਣ ਲੱਗਿਆਂ ਪੂਰੀ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦਾ ਆਉਣਾ ਹੋਇਆ ਸ਼ੁਰੂ :
ਨਾਕੇ ਖੁੱਲ੍ਹਣ ਉਪਰੰਤ ਅੱਜ ਸ੍ਰੀ ਹਰਿਮੰਦਰ ਸਾਹਿਬ ਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਵਿਖੇ ਸੰਗਤਾਂ ਦਾ ਦਰਸ਼ਨਾਂ ਲਈ ਆਉਣਾ ਸ਼ੁਰੁ ਹੋ ਗਿਆ ਹੈ। ਪਰ ਨਾਕਿਆਂ ਦੌਰਾਨ ਜੋ ਭੀੜ ਦੇਖੀ ਜਾਂਦੀ ਸੀ ਉਹ ਅੱਜ ਨਹੀਂ ਦੇਖੀ ਗਈ। ਅੰਮ੍ਰਿਤਸਰ ਦੇ ਇਲਾਵਾ ਬਾਕੀ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰ ਅਦਾ ਕੀਤਾ। ਕੁਝ ਸੰਗਤਾਂ ਨਾਲ ਮੁਲਾਕਾਤ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰੱਬ ਦਾ ਨਾਮ ਹੀ ਔਖੇ ਵੇਲੇ ਕੰਮ ਆਉਂਦਾ ਹੈ। ਜਲੰਧਰ ਦੇ ਸੁਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਵੱਡੇ-ਵੱਡੇ ਮੁਲਕਾਂ ਦੀ ਦੌਲਤ ਧਰੀ ਧਰਾਈ ਹੀ ਰਹਿ ਗਈ ਉਹੋ ਬਚਿਆਂ ਜਿਸਨੇ ਸੱਚੇ ਪਰਮ ਪਿਤਾ ਪ੍ਰਮਾਤਮਾ ਦੇ ਵਿਸ਼ਵਾਸ ਰੱਖਿਆ। ਸੋ ਸੁਖੀਆ ਜਿਸ ਨਾਮੁ ਅਧਾਰ।  ਉਨ੍ਹਾਂ ਕਿਹਾ ਵਾਹਿਗੁਰੂ ਕਰੇ ਕਿ ਇਹ ਨਾ-ਮੁਰਾਦ ਬੀਮਾਰੀ ਸਦਾ-ਸਦਾ ਲਈ ਖਤਮ ਹੋ ਜਾਵੇ ਤੇ ਸਮੁੱਚਾ ਸੰਸਾਰ ਖੁਸ਼ਹਾਲ ਤੇ ਸੁਖੀ ਵੱਸੇ।

PunjabKesari

ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਈ ਮੁੱਖ ਵਾਕ ਦੀ ਕਥਾ :
ਅੰਮ੍ਰਿਤ ਵੇਲੇ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ਮਾਨ ਕੀਤਾ ਗਿਆ ਉਪਰੰਤ ਮੁੱਖ ਵਾਕ ਲਿਆ ਗਿਆ। ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਦੀ ਚਾਰੇ ਗੇਟਾਂ ਤੇ ਥਰਮੋ ਸਕ੍ਰੀਨਿੰਗ ਹੋਈ ਤੇ ਹੱਥ ਸੈਨੀਟਾਈਜ਼ ਕੀਤੇ ਗਏ। ਸੰਗਤਾਂ ਨੇ ਜੌੜੇ ਘਰ, ਲੰਗਰ ਹਾਲ, ਛਬੀਲ ਤੇ ਫ਼ਰਸ਼ ਦੀ ਧੁਆਈ ਦੀ ਸੇਵਾ ਕੀਤੀ। ਵੱਖ-ਵੱਖ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ। ਸ਼ਾਮ ਸਮੇਂ ਰਹਰਾਸਿ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਰਾਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੁੱਖਆਸਣ ਸਾਹਿਬ ਵਾਲੇ ਅਸਥਾਨ ਤੇ ਬਿਰਾਜਮਾਨ ਕੀਤਾ ਗਿਆ।


Shyna

Content Editor

Related News