ਜ਼ਮੀਨੀ ਝਗੜੇ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ
Wednesday, Feb 28, 2018 - 02:42 PM (IST)

ਅਜਨਾਲਾ (ਰਮਨਦੀਪ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਲੱਖੂਵਾਲ ਵਿਖੇ ਜ਼ਮੀਨ ਦੇ ਝਗੜੇ ਤੋਂ ਦੁਖੀ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਏ. ਐੱਸ. ਆਈ ਚਰਨਜੀਤ ਸਿੰਘ ਰਮਦਾਸ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਵਾਸੀ ਲੱਖੂਵਾਲ ਨੇ ਪੁਲਸ ਨੂੰ ਦੱਸਿਆ ਕਿ ਨਵਰੂਪ ਸਿੰਘ ਅਤੇ ਹਰਮਨਪ੍ਰੀਤ ਕੌਰ ਵਾਸੀ ਲੱਖੂਵਾਲ ਨਾਲ ਅਜਨਾਲਾ ਕੋਰਟ ਵਿਚ ਉਨ੍ਹਾਂ ਦਾ ਜ਼ਮੀਨ ਦਾ ਕੇਸ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮੇਰੇ ਭਰਾ ਕੰਵਰਪਾਲ ਸਿੰਘ ਦਾ ਹਰਮਨਪ੍ਰੀਤ ਕੌਰ ਅਤੇ ਨਵਰੂਪ ਕੌਰ ਨਾਲ ਮਾਮੂਲੀ ਤਕਰਾਰ ਹੋ ਗਈ ਸੀ। ਉਸ ਸਮੇਂ ਲਵਜੀਤ ਸਿੰਘ ਵੀ ਮੌਕੇ 'ਤੇ ਮੌਜੂਦ ਸੀ ਤਾਂ ਹਰਮਨਪ੍ਰੀਤ ਕੌਰ ਨੇ ਆਪਣੇ ਕੱਪੜੇ ਪਾੜ ਲਏ ਸਨ ਤੇ ਉਸਨੇ ਸਾਰੇ ਪਿੰਡ ਵਿਚ ਮੇਰੇ ਭਰਾ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ। ਹਰਮਨਪ੍ਰੀਤ ਕੌਰ ਨੇ ਕਿਹਾ ਕਿ ਕੰਵਰਪਾਲ ਨੇ ਮੇਰੀ ਇੱਜਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਮੇਰੇ ਭਰਾ ਨੇ ਅਜਿਹਾ ਕੁਝ ਨਹੀਂ ਕੀਤਾ ਸੀ ਸਗੋਂ ਹਰਮਨਪ੍ਰੀਤ ਕੌਰ ਨੇ ਜ਼ਮੀਨ ਦਾ ਝਗੜਾ ਹੋਣ ਕਰਕੇ ਬਦਨਾਮੀ ਕੀਤੀ। ਨਵਰੂਪ ਸਿੰਘ ਅਤੇ ਲਵਜੀਤ ਸਿੰਘ ਵਾਰ-ਵਾਰ ਕੰਵਰਪਾਲ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਪਰ ਮੇਰਾ ਭਰਾ ਹਮੇਸ਼ਾਂ ਕਹਿੰਦਾ ਸੀ ਕਿ ਮੈਂ ਬੇਕਸੂਰ ਹਾਂ ਪਰ ਇੰਨਾਂ ਤਿੰਨਾਂ ਨੇ ਮਿਲ ਕਿ ਮੈਨੂੰ ਮਾਰ ਦੇਣਾ ਹੈ । ਇੰਨਾਂ ਹੱਥੋਂ ਮਰਨ ਨਾਲੋਂ ਮੈਂ ਜ਼ਹਿਰੀਲੀ ਚੀਜ਼ ਖਾ ਕੇ ਜਾਂ ਜ਼ਹਿਰੀਲਾ ਟੀਕਾ ਲਗਾ ਕੇ ਮਰ ਜਾਵਾਂਗਾ ਕਿਉਂਕਿ ਮੇਰੇ ਕੋਲੋਂ ਝੂਠੀ ਬਦਨਾਮੀ ਨਹੀਂ ਝੱਲੀ ਜਾਂਦੀ। ਇਸ ਕਾਰਨ ਉਸ ਨੇ ਨਵਰੂਪ ਸਿੰਘ, ਹਰਮਨਪ੍ਰੀਤ ਕੌਰ ਅਤੇ ਲਵਜੀਤ ਸਿੰਘ ਤੋਂ ਦੁਖੀ ਹੋ ਕੇ ਸਵੇਰੇ 10-11 ਵਜੇ ਦੇ ਕਰੀਬ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਦੇ ਬਿਆਨਾਂ 'ਤੇ ਨਵਰੂਪ ਸਿੰਘ ਅਤੇ ਉਸਦੀ ਭੈਣ ਹਰਮਨਪ੍ਰੀਤ ਕੌਰ ਤੋਂ ਇਲਾਵਾ ਲਵਜੀਤ ਸਿੰਘ ਖਿਲਾਫ ਥਾਣਾਂ ਅਜਨਾਲਾ ਵਿਖੇ ਮੁਕਦਮਾਂ ਦਰਜ ਕਰਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਥਾਣਾ ਅਜਨਾਲਾ ਦੀ ਪੁਲਸ ਵਲੋਂ ਸਬ. ਇੰਸਪੈਕਟਰ ਧਨਵਿੰਦਰ ਸਿੰਘ ਨਾਲ ਹੱਥੋਂਪਾਈ ਕਰਨ ਅਤੇ ਵਰਦੀ 'ਤੇ ਲੱਗੇ ਸਟਾਰ ਤੋੜਨ ਦੇ ਦੋਸ਼ ਹੇਠ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਕੰਵਰਪਾਲ ਸਿੰਘ ਅਤੇ ਉਸਦੇ ਦੋ ਹੋਰਨਾਂ ਸਾਥੀਆਂ ਖਿਲਾਫ ਮੁਕੱਦਮਾਂ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਬ. ਇੰਸਪੈਕਟਰ ਧਨਵਿੰਦਰ ਸਿੰਘ ਵੱਲੋਂ ਹੀ ਪਿਛਲੇ ਦਿਨੀਂ ਕੰਵਰਪਾਲ ਸਿੰਘ ਦੀ ਉਸਦੇ ਪਿੰਡ ਲੱਖੂਵਾਲ ਵਿਖੇ ਪਿੰਡ ਦੇ ਲੋਕਾਂ ਸਾਹਮਣੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ ਜੋ ਪੁਲਸ ਦੀ ਇਸ ਗੈਰ ਜ਼ਿੰਮੇਵਾਰਨਾਂ ਕਾਰਵਾਈ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਫਿਲਹਾਲ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਕੰਵਰਪਾਲ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਇਕ ਲੜਕੀ ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਸ. ਪੀ ਪਰਮਪਾਲ ਸਿੰਘ ਵੱਲੋਂ ਵੀਡੀਓ ਵਾਇਰਿਲ ਹੋਣ ਦੇ ਮਾਮਲੇ 'ਚ ਵੀਡੀਓ ਦੀ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ।