ਗੁਰੂਹਰਸਹਾਏ : ਜ਼ਮੀਨੀ ਵਿਵਾਦ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ (ਵੀਡੀਓ)
Wednesday, Oct 31, 2018 - 04:21 PM (IST)
ਗੁਰੂਹਰਸਹਾਏ (ਆਵਲਾ, ਸਨੀ) - ਗੁਰੂਹਰਸਹਾਏ ਦੇ ਨੇੜਲੇ ਪਿੰਡ ਕਚੁਰੇ ਵਾਲੇ ਝੁੱਗੇ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਆਂਗਨਵਾੜੀ ਵਰਕਰ ਦਾ ਕਤਲ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਮਾਇਆਵਤੀ (35) ਪਤਨੀ ਸਵ. ਗੁਰਮੀਤ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਜਸਵੀਰ ਸਿੰਘ ਡੀ. ਐੱਸ. ਪੀ. ਗੁਰੂਹਰਸਹਾਏ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਅਰਵਿੰਦਰ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਇਆਵਤੀ ਪਤਨੀ ਸਵ. ਗੁਰਮੀਤ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਬੀਤੇ ਦਿਨ ਸਵੇਰ ਦੇ ਸਮੇਂ ਮਾਇਆਵਤੀ ਆਪਣੇ ਘਰ 'ਚ ਜਦ ਬੱਚਿਆਂ ਨੂੰ ਸਕੂਲ ਲਈ ਤਿਆਰ ਕਰ ਰਹੀ ਸੀ ਤਾਂ ਕਰੀਬ 8 ਵਜੇ ਉਸ ਦੀ ਸੱਸ ਨੇ ਆਪਣੇ ਦੋਵਾਂ ਪੁੱਤਰਾਂ ਤੇ ਇਕ ਅਣਪਛਾਤੇ ਵਿਅਕਤੀ ਨਾਲ ਆ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਮਾਇਆਵਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਸਭ ਵੇਖ ਕੇ ਉਸ ਦੇ ਬੱਚੇ ਰੋਣ ਲੱਗ ਪਏ ਕਿ ਸਾਡੀ ਮਾਂ ਨੂੰ ਨਾ ਮਾਰੋ ਪਰ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਸੱਸ ਸ਼ਿੰਦੋ ਬਾਈ, ਸ਼ਰਮਾ ਸਿੰਘ, ਸੁਰਜੀਤ ਸਿੰਘ ਦਿਓਰ ਅਤੇ ਅਣਪਛਾਤੇ ਵਿਅਕਤੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਡੀ. ਐੱਸ. ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।