ਲਾਲ ਕਿਲ੍ਹਾ ਹਿੰਸਾ ਦੀ ਵੀਡੀਓ ’ਤੇ ਪਹਿਲੀ ਵਾਰ ਬੋਲੇ ਟ੍ਰਾਂਸਪੋਰਟ ਮੰਤਰੀ, ਦਿੱਤਾ ਵੱਡਾ ਬਿਆਨ
Monday, Aug 15, 2022 - 04:26 PM (IST)
ਸੰਗਰੂਰ : ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੀਡੀਓ ਸਾਹਮਣੇ ਆਈ ਸੀ, ਇਸ ਵਿਵਾਦ ਤੋਂ ਬਾਅਦ ਮੰਤਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਇਸ ਸੰਬੰਧੀ ਗੱਲ ਕਰਦਿਆਂ ਮੰਤਰੀ ਭੁੱਲਰ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ ਅਤੇ ਕਿਸਾਨ ਸੰਘਰਸ਼ ਦੌਰਾਨ ਹਰ ਕਿਸਾਨ ਅਤੇ ਕਿਸਾਨ ਦਾ ਪੁੱਤ ਕਿਸਾਨ ਹੋਣ ਦੇ ਨਾਤੇ ਸੰਘਰਸ਼ ’ਚ ਸ਼ਾਮਲ ਹੋਣ ਲਈ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਉੱਥੇ ਜਾ ਕੇ ਕੁਝ ਗ਼ਲਤ ਨਹੀਂ ਕੀਤਾ।
ਇਹ ਵੀ ਪੜ੍ਹੋ- ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਐਲਾਨ, ਜਲੰਧਰ ਜ਼ਿਲ੍ਹੇ ’ਚ ਕੱਲ੍ਹ ਸਾਰੇ ਸਕੂਲ ਰਹਿਣਗੇ ਬੰਦ
ਇਸ ਤੋਂ ਇਲਾਵਾ ਭੁੱਲਰ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੰਮੇ ਹੱਥੀ ਲੈਂਦਿਆ ਕਿਹਾ ਕਿ ਖਹਿਰਾ ਦੇ ਪਿਤਾ ਖਾਲਿਸਤਾਨ ਦੀ ਮੰਗ ਕਰਦੇ ਸੀ। ਇਸ ’ਤੇ ਸਵਾਲ ਪੁੱਛਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਸੁਖਪਾਲ ਖਹਿਰਾ ਇਹ ਦੱਸੇ ਕਿ ਉਹ ਆਪਣੇ ਪਿਤਾ ਨਾਲ ਹੈ ਜਾਂ ਕਿਸੇ ਹੋਰ ਨਾਲ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕੀ ਪਿਛਲੇ ਸਾਲ 26 ਜਨਵਰੀ ਦੀ ਸੀ। ਦੱਸ ਦੇਈਏ ਕਿ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕਰਦਿਆਂ ਟਰੈਕਟਰ ਮਾਰਚ ਦਾ ਐਲਾਨ ਕੀਤਾ ਸੀ। ਇਸ ਦੌਰਾਨ ਮਾਹੌਲ ਖ਼ਰਾਬ ਕਰਨ ਲਈ ਕੁਝ ਲੋਕਾਂ ਨੇ ਲਾਲ ਕਿਲ੍ਹੇ 'ਤੇ ਜਾ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਮੰਤਰੀ ਲਾਲਜੀਤ ਭੁੱਲਰ ਦੀ ਵੀ ਵੀਡੀਓ ਸਾਹਮਣੇ ਆਈ ਸੀ, ਜੋ ਕਿ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ। ਇਸ ਕਾਰਨ ਕਈ ਦਿਨਾਂ ਤੋਂ ਟਰਾਂਸਪੋਰਟ ਮੰਤਰੀ ਵਿਵਾਦ 'ਚ ਘਿਰੇ ਹੋਏ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।