ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ ਸਰਕਾਰ : ਢੋਟ, ਸੇਖੋਂ
Wednesday, Oct 06, 2021 - 02:29 AM (IST)
ਅੰਮ੍ਰਿਤਸਰ (ਜ.ਬ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪਿਛਲੇ ਦਿਨੀਂ ਆਪਣੀ ਹੋਂਦ ਨੂੰ ਬਚਾਉਣ ਲਈ ਸੰਵਿਧਾਨਕ ਹੱਕ ਤਹਿਤ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਅੰਨ੍ਹਦਾਤਾਵਾਂ ਦਾ, ਭਾਜਪਾ ਦੇ ਇਕ ਹੰਕਾਰੀ ਨੇਤਾ ਅਤੇ ਉਸ ਦੇ ਬੇਟੇ ਵੱਲੋਂ ਬੇਰਹਿਮੀ ਨਾਲ ਗੱਡੀਆਂ ਥੱਲੇ ਕੁਚਲ ਕੇ ਕੀਤੇ ਕਤਲੇਆਮ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਨੇ ਭਾਜਪਾ ਦੀ ਕੇਂਦਰੀ ਅਤੇ ਯੂ. ਪੀ. ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਫਿਰਕੂ ਸਰਕਾਰਾਂ ਅੱਗ ਨਾਲ ਖੇਡਣ ਦੀ ਜੁਅਰਤ ਨਾ ਕਰਨ।
ਇਹ ਵੀ ਪੜ੍ਹੋ- ਸ਼ਰਾਬ ਦੇ ਠੇਕੇ 'ਤੇ ਪੈਟਰੋਲ ਬੰਬਾਂ ਨਾਲ ਹਮਲਾ, ਭੰਨ-ਤੋੜ ਕਰ ਗੱਡੀ ਨੂੰ ਵੀ ਲਗਾਈ ਅੱਗ
ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਦੇ ਨਤੀਜੇ ਇਨ੍ਹਾਂ ਦੀ ਸੋਚ ਤੋਂ ਬਹੁਤ ਉਲਟ ਹੋ ਸਕਦੇ ਹਨ। ਜੇਕਰ ਫਿਰਕੂ ਸ਼ਕਤੀਆਂ ਵਲੋਂ ਦੇਸ਼ ਵਿਚ ਘੱਟ ਗਿਣਤੀਆਂ ਦੀ ਸਾਹ ਰਗ ਦੱਬ ਕੇ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਨੂੰ ਕੁਚਲਣ ਦਾ ਸਿਲਸਿਲਾ ਬੰਦ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦ ਪੂਰਾ ਭਾਰਤ ਜਵਾਲਾਮੁਖੀ ਦਾ ਰੂਪ ਧਾਰਨ ਕਰ ਜਾਵੇਗਾ। ਅਖੀਰ ਵਿਚ ਫੈੱਡਰੇਸ਼ਨ ਆਗੂਆਂ ਨੇ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖਾਸਤ ਕਰ ਕੇ ਮੁੱਖ ਦੋਸ਼ੀ ਉਸਦੇ ਬੇਟੇ ਸਮੇਤ ਗ੍ਰਿਫਤਾਰ ਕਰ ਕੇ ਜੇਲ ’ਚ ਬੰਦ ਕੀਤਾ ਜਾਵੇ।